ਬਠਿੰਡਾ (ਵਰਮਾ) : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੀ ਸਰਕਾਰ ਦੇ ਸਮੇਂ ’ਚ ਭ੍ਰਿਸ਼ਟਾਚਾਰ ਕਰ ਕੇ ਆਪਣੀ ਜਾਇਦਾਦ ਬਣਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਸਰਕਾਰ ਨੇ ਏ ਅਤੇ ਬੀ ਕੈਟਾਗਰੀ ਦੇ ਸਰਕਾਰੀ ਅਧਿਕਾਰੀਆਂ ਤੋਂ ਉਨ੍ਹਾਂ ਦੀ ਜਾਇਦਾਦ ਦੀ ਰਿਟਰਨ ਦੇ ਵੇਰਵੇ ਮੰਗੇ ਹਨ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਜਾਇਦਾਦ ਬਾਰੇ ਮੁਕੰਮਲ ਜਾਣਕਾਰੀ ਪੰਜਾਬ ਸਰਕਾਰ ਨੂੰ ਭੇਜਣ ਦੇ ਹੁਕਮ ਦਿੱਤੇ ਹਨ। ਇਸ ਤਹਿਤ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਨੇ ਸੂਬੇ ਦੀਆਂ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਨੂੰ ਪੱਤਰ ਜਾਰੀ ਕਰ ਕੇ ਆਪਣੇ ਏ ਅਤੇ ਬੀ ਸ਼੍ਰੇਣੀ ਦੇ ਅਧਿਕਾਰੀਆਂ ਦੀ ਜਾਇਦਾਦ ਬਾਰੇ ਜਾਣਕਾਰੀ ਮੰਗੀ ਹੈ।
ਇਹ ਵੀ ਪੜ੍ਹੋ : ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੇ 5 ਸੁਰੱਖਿਆ ਮੁਲਾਜ਼ਮਾਂ ਨੂੰ ਕੀਤਾ ਮੁਅੱਤਲ, ਜਾਣੋ ਕਾਰਨ
ਪੱਤਰ ਅਨੁਸਾਰ ਨਗਰ ਨਿਗਮ ਦੀ ਬੀ. ਐਂਡ. ਆਰ., ਓ. ਐਂਡ. ਐੱਮ., ਬਿਲਡਿੰਗ ਬ੍ਰਾਂਚ, ਬਾਗਬਾਨੀ, ਟੈਕਸ, ਤਹਿਬਾਜ਼ਾਰੀ, ਅਮਲਾ ਬ੍ਰਾਂਚ ਸਮੇਤ ਨਿਗਮ 'ਚ ਕੰਮ ਕਰਦੇ ਸਾਰੇ ਐੱਸ. ਈ., ਐਕਸੀਅਨ, ਐੱਸ. ਡੀ. ਓ., ਜੇ. ਈ., ਸਕੱਤਰ, ਸੁਪਰੀਡੈਂਟ, ਇੰਸਪੈਕਟਰਾਂ ਦੀਆਂ ਜਾਇਦਾਦਾਂ ਦੀਆਂ ਰਿਟਰਨਾਂ ਰਿਕਾਰਡ ਕਰਦੇ ਹੋਏ ਅਗਲੇ 15 ਦਿਨਾਂ ਦੇ ਅੰਦਰ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਵਿਭਾਗ ਵੱਲੋਂ ਇਹ ਰਿਕਾਰਡ ਨਾ ਦੇਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਨਾਵਾਂ ਦੀ ਸੂਚੀ ਭੇਜਣ ਦੇ ਹੁਕਮ ਦਿੱਤੇ ਗਏ ਹਨ, ਤਾਂ ਜੋ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਸਕੇ। ਇਸ ਦੇ ਨਾਲ ਹੀ ਅਜਿਹਾ ਨਾ ਕਰਨ ’ਤੇ ਨਿਗਮ ਦੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਭਾਗ ਨੇ ਅਧਿਕਾਰੀਆਂ-ਮੁਲਾਜ਼ਮਾਂ ਦੀਆਂ ਜਾਇਦਾਦਾਂ ਦੀਆਂ ਰਿਟਰਨਾਂ ਦੀ ਜਾਣਕਾਰੀ ਵੈੱਬ ਪੋਰਟਲ (ਆਈ. ਐੱਚ. ਆਰ. ਐੱਮ. ਐੱਸ.) ’ਤੇ ਅਪਲੋਡ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਪੰਥਕ ਨੇਤਾ ਦੀ ਕਮੀ ਮਹਿਸੂਸ ਕਰ ਰਹੀ 'ਆਪ', ਸ਼੍ਰੋਮਣੀ ਕਮੇਟੀ ਚੋਣਾਂ 'ਚ ਹੱਥ ਰਹਿਣਗੇ ਖ਼ਾਲੀ
ਹਾਲਾਂਕਿ ਇਹ ਸਾਰਾ ਰਿਕਾਰਡ 9 ਅਗਸਤ ਨੂੰ ਮੰਗਿਆ ਗਿਆ ਸੀ ਪਰ ਨਿਗਮ ਵੱਲੋਂ ਵੇਰਵੇ ਨਹੀਂ ਭੇਜੇ ਗਏ। ਇਸੇ ਲਈ ਲੋਕਲ ਬਾਡੀ ਵਿਭਾਗ ਦੀ ਤਰਫੋਂ ਮੁੜ ਪੱਤਰ ਜਾਰੀ ਕਰ ਕੇ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਮੰਗੀ ਗਈ ਇਸ ਸੂਚਨਾ ਤੋਂ ਬਾਅਦ ਨਿਗਮ ਦੀ ਸਟਾਫ਼ ਸ਼ਾਖਾ ਨੇ ਬਠਿੰਡਾ ਨਿਗਮ ਦੇ ਏ ਅਤੇ ਬੀ ਗਰੁੱਪ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਜਾਇਦਾਦਾਂ ਦੀ ਰਿਟਰਨ ਦੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਜ਼ਿਆਦਾਤਰ ਅਧਿਕਾਰੀ ਆਪਣੀ ਜਾਇਦਾਦ ਦੀ ਰਿਟਰਨ ਦੇਣ ਤੋਂ ਝਿਜਕ ਰਹੇ ਹਨ। ਅਮਲਾ ਸ਼ਾਖਾ ਦੀ ਤਰਫੋਂ ਸਰਕਾਰ ਵੱਲੋਂ ਭੇਜੇ ਪੱਤਰ ਦੀ ਕਾਪੀ ਨਿਗਮ ਕਮਿਸ਼ਨਰ ਸਮੇਤ ਨਿਗਮ ਦੀਆਂ ਸਾਰੀਆਂ ਸ਼ਾਖਾ ਮੁਖੀਆਂ ਨੂੰ ਭੇਜੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤਰਨਤਾਰਨ ਭਾਰਤ-ਪਾਕਿ ਸਰਹੱਦ 'ਤੇ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਦਾਗੇ ਈਲੂ ਬੰਬ
NEXT STORY