ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਓਵਰਲੋਡ ਗੰਨੇ ਦੀ ਟਰਾਲੀ 'ਚ ਇਕ ਕਾਰ ਦੇ ਟਕਰਾਉਣ ਨਾਲ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋਣ ਕਾਰਨ ਇਕ ਵਿਅਕਤੀ ਖਿਲਾਫ ਥਾਣਾ ਸਿਟੀ ਧੂਰੀ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਦੱਈ ਜਗਸੀਰ ਕੁਮਾਰ ਪੁੱਤਰ ਕਪੂਰ ਚੰਦ ਵਾਸੀ ਕੱਟੂ ਥਾਣਾ ਧਨੌਲਾ ਜ਼ਿਲਾ ਬਰਨਾਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ 17 ਜਨਵਰੀ ਨੂੰ ਮੁਦੱਈ ਦੁਕਾਨ ਤੋਂ ਛੁੱਟੀ ਕਰ ਕੇ ਕੱਕੜਵਾਲ ਚੌਕ ਧੂਰੀ ਵਿਚ ਆਪਣੇ ਮਾਮੇ ਦੇ ਲੜਕੇ ਅਮਰੀਕ ਸਿੰਘ ਪੁੱਤਰ ਧਰਮਪਾਲ ਸਿੰਘ ਵਾਸੀ ਮੱਲੂਮਾਜਰਾ ਦਾ ਇੰਤਜ਼ਾਰ ਕਰ ਰਿਹਾ ਸੀ ਜੋ ਆਪਣੀ ਕਾਰ ਵਿਚ ਸੰਗਰੂਰ ਤੋਂ ਆ ਰਿਹਾ ਸੀ। ਰਾਤ ਕਰੀਬ ਸਾਢੇ ਅੱਠ ਵਜੇ ਇਕ ਟਰੈਕਟਰ-ਟਰਾਲੀ ਜੋ ਗੰਨੇ ਦੀ ਭਰੀ ਹੋਈ ਸੀ, ਸਾਈਡਾਂ ਤੋਂ ਤਿੰਨ-ਤਿੰਨ ਫੁੱਟ ਬਾਹਰ ਸੀ ਤੇ ਨਾ ਕੋਈ ਰਿਫਲੈਕਟਰ ਅਤੇ ਨਾ ਹੀ ਕੋਈ ਲਾਈਟ ਦਾ ਪ੍ਰਬੰਧ ਸੀ, ਮੁਦੱਈ ਦੇ ਮਾਮੇ ਦੇ ਲੜਕੇ ਅਮਰੀਕ ਸਿੰਘ ਦੀ ਕਾਰ ਹਨੇਰਾ ਹੋਣ ਕਾਰਨ ਅਤੇ ਅੱਖਾਂ ਵਿਚ ਲਾਈਟ ਪੈਣ ਕਾਰਨ ਗੰਨੇ ਦੀ ਟਰਾਲੀ ਦੇ ਥੱਲੇ ਜਾ ਵੜੀ, ਜਿਸ ਕਾਰਨ ਮੁਦੱਈ ਦੇ ਮਾਮੇ ਦੇ ਲੜਕੇ ਅਮਰੀਕ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਸਤਿਗੁਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਲੱਡਾ ਥਾਣਾ ਸਦਰ ਧੂਰੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਰ 'ਚੋਂ ਗਹਿਣੇ ਤੇ ਨਕਦੀ ਚੋਰੀ
NEXT STORY