ਗਿੱਦੜਬਾਹਾ (ਬੇਦੀ/ਚਾਵਲਾ) - ਬੀਤੀ ਦੇਰ ਰਾਤ ਪਿੰਡ ਘੱਗਾ ਦਾ ਨਸ਼ਾ ਰੋਕੂ ਨਿਗਰਾਨ ਕਮੇਟੀ ਦੇ ਦੋ ਮੈਂਬਰਾਂ ’ਤੇ ਨਸ਼ਾ ਤਸਕਰਾਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖਮੀਆਂ ਦਾ ਹਾਲ ਜਾਣਨ ਲਈ ਅੱਜ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਐੱਸ.ਟੀ.ਐੱਫ.ਬਠਿੰਡਾ ਰੇਂਜ ਦੇ ਡੀ.ਐੱਸ.ਪੀ. ਗੁਰਸ਼ਰਨ ਸਿੰਘ ਪੁੱਜੇ। ਇਸ ਦੌਰਾਨ ਪਿੰਡ ਦੀ ਨਸ਼ਾ ਰੋਕੂ ਕਮੇਟੀ ਦੇ ਮੈਂਬਰਾਂ ਅਤੇ ਨਸ਼ਾ ਰੋਕੂ ਕਮੇਟੀਆਂ ਦੇ ਕੋਆਰਡੀਨੇਟਰ ਪ੍ਰਵੀਨ ਬਾਂਸਲ ਨੇ ਡੀ.ਐੱਸ.ਪੀ. ਨੂੰ ਨਸ਼ਾ ਸਮੱਗਲਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਥਾਨਕ ਪੁਲਸ ਵਲੋਂ ਲੋੜੀਂਦਾ ਸਹਿਯੋਗ ਨਾ ਮਿਲਣ ਦੇ ਦੋਸ਼ ਲਾਏ ਗਏ।
ਪੱਤਰਕਾਰ ਨੂੰ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ ਉਹ ਆਪਣੀ ਜਾਨ ਜੋਖ਼ਮ ’ਚ ਪਾ ਕੇ ਨਸ਼ਾ ਸਮੱਗਲਰਾਂ ਨੂੰ ਫੜਦੇ ਹਨ ਪਰ ਨਸ਼ਾ ਸਮੱਗਲਰ ਦੂਸਰੇ ਦਿਨ ਬਾਹਰ ਆ ਕੇ ਕਮੇਟੀ ਮੈਂਬਰਾਂ ਨੂੰ ਧਮਕੀਆਂ ਦਿੰਦੇ ਅਤੇ ਉਨ੍ਹਾਂ ’ਤੇ ਹਮਲੇ ਕਰਦੇ ਹਨ। ਕਮੇਟੀ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਆਪਣੇ ਪਿੰਡ ’ਚੋਂ 90 ਫੀਸਦੀ ਨਸ਼ਾ ਖ਼ਤਮ ਕਰ ਦਿੱਤਾ ਸੀ ਪਰ ਪੁਲਸ ਦਾ ਸਹਿਯੋਗ ਨਾ ਮਿਲਣ ਕਾਰਨ ਕਮੇਟੀ ਮੈਂਬਰਾਂ ਨੇ ਹੁਣ ਇਸ ਕੰਮ ਤੋਂ ਮੂੰਹ ਮੋੜਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਰ ਕੇ ਨਸ਼ਾ ਸਮੱਗਲਰਾਂ ਦੇ ਹੌਂਸਲੇ ਬੁਲੰਦ ਹੋ ਗਏ। ਕਮੇਟੀ ਮੈਂਬਰਾਂ ਨੇ ਕਿਹਾ ਕਿ ਜੇ ਪੁਲਸ ਉਨ੍ਹਾਂ ਦਾ ਸਾਥ ਨਹੀਂ ਦਿੰਦੀ ਤਾਂ ਉਹ ਕਮੇਟੀ ਬੰਦ ਕਰਨ ਲਈ ਮਜਬੂਰ ਹੋ ਜਾਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਸ਼ਰਨ ਸਿੰਘ ਡੀ.ਐੱਸ.ਪੀ. ਨੇ ਦੱਸਿਆ ਕਿ ਉਨ੍ਹਾਂ ਥਾਣਾ ਮੁਖੀ ਨੂੰ ਦੋਸ਼ੀਆਂ ਦਾ ਗ੍ਰਿਫਤਾਰੀ ਲਈ ਭੇਜਿਆ ਹੈ । ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾਵੇਗੀ।
ਪਿੰਡ ਵਾਸੀਆਂ ਵਲੋਂ ਨਸ਼ਾ ਸਮੱਗਲਰਾਂ ਦੇ ਨਾਲ ਦੱਸੇ ਜਾਣ ’ਤੇ ਕਾਰਵਾਈ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ, ਜੇ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਉਹ ਕਾਰਵਾਈ ਜ਼ਰੂਰ ਕਰਨਗੇ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੁਲਸ ਅਧਿਕਾਰੀ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY