ਬਠਿੰਡਾ, (ਪਰਮਿੰਦਰ)- ਪੰਜਾਬ ਸਰਕਾਰ ਵੱਲੋਂ ਕਰਜ਼ੇ ਕਾਰਨ ਕਿਸਾਨਾਂ-ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਕਾਰਨਾਂ ਦੀ ਜਾਂਚ ਕਰਨ ਲਈ ਗਠਿਤ ਸਦਨ ਦੀ ਕਮੇਟੀ ਆਪਣੀ ਰਿਪੋਰਟ ਨਵੰਬਰ ਦੇ ਆਖਰੀ ਹਫਤੇ ਵਿਚ ਵਿਧਾਨਸਭਾ ਵਿਚ ਪੇਸ਼ ਕਰੇਗੀ। ਉਕਤ ਰਿਪੋਰਟ ਵਿਚ ਕਿਸਾਨ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਕਾਰਨਾਂ ਅਤੇ ਇਨ੍ਹਾਂ ਨੂੰ ਰੋਕਣ ਲਈ ਸੁਝਾਅ ਦਿੱਤੇ ਜਾਣਗੇ। ਸ਼ਨੀਵਾਰ ਨੂੰ ਸਦਨ ਦੀ ਉਕਤ ਕਮੇਟੀ ਨੇ ਜ਼ਿਲੇ ਦੇ 10 ਪਿੰਡਾਂ ਦਾ ਦੌਰਾ ਕੀਤਾ ਤੇ ਇਸ ਦੌਰਾਨ ਕਮੇਟੀ ਮੈਂਬਰਾਂ ਨੇ ਖੁਦਕੁਸ਼ੀਆਂ ਕਰ ਚੁੱਕੇ ਕਿਸਾਨ-ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਉਕਤ ਕਮੇਟੀ ਵਿਚ ਸਭਾਪਤੀ ਸੁਖਬਿੰਦਰ ਸਿੰਘ ਸਰਕਾਰੀਆ, ਮੈਂਬਰ ਨੱਥੂ ਰਾਮ, ਨਾਜਰ ਸਿੰਘ ਮਾਨਸ਼ਾਹੀਆ ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਸ਼ਾਮਲ ਸਨ। ਉਕਤ ਟੀਮ ਨੇ ਵਿਧਾਨਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਮੱਲਾਂਵਾਲਾ ਤੇ ਭਗਵਾਨਗੜ੍ਹ, ਬਠਿੰਡਾ ਦਿਹਾਤੀ ਦੇ ਪਿੰਡ ਬਹਿਮਣ ਦੀਵਾਨਾ ਤੇ ਬੱਲੂਆਣਾ, ਭੁੱਚੋ ਦੇ ਪਿੰਡ ਦਾਨ ਸਿੰਘ ਵਾਲਾ ਤੇ ਗੰਗਾ ਅਬਲੂ, ਰਾਮਪੁਰਾ ਫੂਲ ਦੇ ਪਿੰਡ ਮਹਿਰਾਜ ਦੀ ਪੱਤੀ ਕਰਮਚੰਦ ਅਤੇ ਪੱਤੀ ਕਾਲਾ ਦੇ ਇਲਾਵਾ ਹਲਕਾ ਮੌੜ ਦੇ ਪਿੰਡ ਗਿੱਲ ਕਲਾਂ ਤੇ ਮੰਡੀ ਕਲਾਂ ਵਿਚ ਖੁਕਕੁਸ਼ੀ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਸਭਾਪਤੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਉਕਤ ਕਮੇਟੀ ਰਾਜ ਦੇ ਹਰ ਜ਼ਿਲੇ ਦਾ ਦੌਰਾ ਕਰੇਗੀ ਤੇ ਆਪਣੀ ਰਿਪੋਰਟ ਨਵੰਬਰ ਦੇ ਆਖਰੀ ਤੱਕ ਵਿਧਾਨਸਭਾ ਵਿਚ ਪੇਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਉਕਤ ਕਮੇਟੀ ਕਿਸਾਨਾਂ-ਮਜ਼ਦੂਰਾਂ ਦੀ ਆਰਥਿਕ ਹਾਲਤ ਬਾਰੇ ਵਿਸਥਾਰ ਰਿਪੋਰਟ ਤਿਆਰ ਕਰੇਗੀ, ਜਿਸ ਵਿਚ ਉਨ੍ਹਾਂ ਦੀ ਹਾਲਤ ਤੇ ਉਸ ਦੇ ਕਾਰਨਾਂ ਨੂੰ ਵੀ ਦਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਗਈ ਹੈ ਕਿ ਸਾਲ 2007 ਤੋਂ ਬਾਅਦ ਹੋਈਆਂ ਕਿਸਾਨ- ਮਜ਼ਦੂਰ ਖੁਦਕੁਸ਼ੀਆਂ ਵਿਚ ਸਾਰੇ ਪੀੜਤ ਪਰਿਵਾਰਾਂ ਤੋਂ ਪ੍ਰੋਫਾਰਮੇ ਭਰਵਾਏ ਜਾਣਗੇ ਤੇ 20 ਦਿਨਾਂ ਅੰਦਰ ਕਮੇਟੀ ਨੂੰ ਭੇਜੇ ਜਾਣਗੇ।
ਇਸ ਟੀਮ ਨਾਲ ਮਾਲ ਵਿਭਾਗ ਦੇ ਸਕੱਤਰ ਐੱਸ. ਕਰੁਣਾ ਰਾਜੂ ਤੋਂ ਇਲਾਵਾ ਬਠਿੰਡਾ ਦੇ ਡੀ. ਸੀ. ਦੀਪਰਵਾ ਲਾਕਰਾ, ਐੱਸ. ਡੀ. ਐੱਮ. ਰਾਮਪੁਰਾ ਸੁਭਾਸ਼ ਖਟਕ, ਐੱਸ. ਡੀ. ਐੱਮ. ਬਠਿੰਡਾ ਸਾਕਸ਼ੀ ਸਾਹਨੀ, ਐੱਸ. ਡੀ. ਐੱਮ. ਤਲਵੰਡੀ ਸਾਬੋ ਵਰਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਪੁਲਸ ਕਰਮੀਆਂ ਦੀਆਂ ਛੁੱਟੀਆਂ ਕੀਤੀਆਂ ਰੱਦ
NEXT STORY