ਮੋਗਾ (ਗਰੋਵਰ/ਗੋਪੀ) - ਜ਼ਿਲੇ ਦੇ ਪਿੰਡ ਕਾਲੇਕੇ ਦੀ ਨਿਵਾਸੀ ਪਵਨਦੀਪ ਕੌਰ ਨੇ ਅੱਜ ਇੱਥੇ ਮਹਿਲਾ ਕਾਂਗਰਸ ਮੋਗਾ ਦੀ ਪ੍ਰਧਾਨ ਵੀਰਪਾਲ ਕੌਰ ਜੌਹਲ ਨੂੰ ਲਿਖਤੀ ਮੰਗ-ਪੱਤਰ ਦਿੰੰਦਿਆਂ ਦੋਸ਼ ਲਾਇਆ ਹੈ ਕਿ ਉਸ ਦਾ ਵਿਆਹ 14 ਨਵੰਬਰ, 2010 ਨੂੰ ਸਤਵੀਰ ਸਿੰਘ ਨਿਵਾਸੀ ਪਿੰਡ ਮਾਣੂੰਕੇ ਗਿੱਲ ਨਾਲ ਹੋਇਆ ਸੀ ਅਤੇ ਉਸ ਦੇ ਲੰਮਾ ਸਮਾਂ ਬੱਚਾ ਨਾ ਹੋਣ ਕਾਰਨ ਕਥਿਤ ਤੌਰ 'ਤੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ, ਜਿਸ ਕਾਰਨ ਮੈਂ ਪਿਛਲੇ 3 ਮਹੀਨਿਆਂ ਤੋਂ ਆਪਣੇ ਪੇਕੇ ਪਿੰਡ ਕਾਲੇਕੇ ਰਹਿ ਰਹੀ ਹਾਂ। ਉਨ੍ਹਾਂ ਕਿਹਾ ਕਿ ਬੀਤੀ 23 ਅਗਸਤ ਨੂੰ ਪਹਿਲਾਂ ਮੇਰੇ ਪਤੀ ਨੇ ਸਾਡੇ ਪਿੰਡ ਆ ਕੇ ਝਗੜਾ ਕੀਤਾ ਅਤੇ ਹੁਣ 30 ਅਗਸਤ ਨੂੰ ਜਦੋਂ ਮੈਂ ਹੋਰ ਲੜਕੀਆਂ ਨਾਲ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਸੀ ਤਾਂ ਕਥਿਤ ਤੌਰ 'ਤੇ ਮੇਰੇ ਪਤੀ ਅਤੇ 4-5 ਹੋਰ ਅਣਪਛਾਤੇ ਵਿਅਕਤੀਆਂ ਨੇ ਮੈਨੂੰ ਘੇਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਮੇਰਾ ਫੋਨ ਵੀ ਖੋਹ ਲਿਆ। ਉਸ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ 31 ਅਗਸਤ ਨੂੰ ਬਾਘਾਪੁਰਾਣਾ 'ਚ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਮੇਰਾ ਸਹੁਰਾ ਪਰਿਵਾਰ ਮੇਰੇ ਵੱਲੋਂ ਦਰਜ ਕਰਵਾਇਆ ਦਾਜ ਦਾ ਕੇਸ ਵਾਪਸ ਲੈਣ ਲਈ ਮੈਨੂੰ ਧਮਕਾ ਰਿਹਾ ਹੈ। ਮਹਿਲਾ ਕਾਂਗਰਸ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਪੀੜਤਾ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਸਬੰਧੀ ਐੱਸ. ਐੱਸ. ਪੀ. ਨੂੰ ਸ਼ਿਕਾਇਤ ਪੱਤਰ ਦਿੱਤਾ ਜਾ ਰਿਹਾ ਹੈ ਅਤੇ ਜ਼ਿਲੇ ਭਰ ਦੀ ਕਿਸੇ ਵੀ ਔਰਤ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀੜਤਾ ਨੂੰ ਹਰ ਹਾਲਤ 'ਚ ਇਨਸਾਫ ਦਿਵਾਇਆ ਜਾਵੇਗਾ।
ਸਕੂਲ 'ਚ ਏ. ਸੀ. ਲਾਉਣ ਦੇ ਨਾਂ 'ਤੇ ਬੱਚਿਆਂ ਤੋਂ ਪੈਸੇ ਮੰਗਣ ਦਾ ਦੋਸ਼ : ਮਾਪਿਆਂ ਲਾਇਆ ਧਰਨਾ
NEXT STORY