ਜਲੰਧਰ (ਧਵਨ)— ਕਾਂਗਰਸ ਨੂੰ ਲੋਕ ਸਭਾ 'ਚ ਇਕ ਪ੍ਰਭਾਵੀ ਨੇਤਾ ਦੀ ਭਾਲ ਹੈ। ਲੋਕ ਸਭਾ ਚੋਣਾਂ 'ਚ ਪਾਰਟੀ ਦੇ 52 ਸੰਸਦ ਮੈਂਬਰ ਚੁਣੇ ਗਏ ਸਨ। ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿੱਥੇ ਉਹ ਗਠਨ ਤੋਂ ਦੂਰ ਰਹਿਣ ਦੇ ਇੱਛੁਕ ਹਨ, ਉਥੇ ਹੀ ਦੂਜੇ ਪਾਸੇ ਉਹ ਲੋਕ ਸਭਾ 'ਚ ਵੀ ਕਿਸੇ ਹੋਰ ਨੇਤਾ ਨੂੰ ਕਾਂਗਰਸ ਸੰਸਦ ਦਲ ਦਾ ਨੇਤਾ ਬਣਾਉਣ ਦੇ ਪੱਖ 'ਚ ਦੱਸੇ ਜਾ ਰਹੇ ਹਨ। ਰਾਹੁਲ ਗਾਂਧੀ ਨੇ ਲੋਕ ਸਭਾ ਦੇ ਅੰਦਰ ਅਤੇ ਬਾਹਰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦੇ ਸੰਕੇਤ ਦਿੱਤੇ ਹਨ। ਰਾਹੁਲ ਗਾਂਧੀ ਦੇ ਨੇੜਲੇ ਨੇਤਾਵਾਂ ਦਾ ਮੰਨਣਾ ਹੈ ਕਿ ਉਹ ਕਿਸੇ ਵੀ ਰਸਮੀ ਅਹੁਦੇ ਨੂੰ ਸੰਭਾਲਣ ਦੇ ਇੱਛੁਕ ਨਹੀਂ ਹਨ। ਕਾਂਗਰਸ 'ਚ ਹੁਣ ਇਸ ਗੱਲ ਨੂੰ ਲੈ ਕੇ ਵੀ ਚਰਚਾ ਛਿੜੀ ਹੋਈ ਹੈ ਕਿ ਕਾਂਗਰਸ ਨੇ ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣ ਲਿਆ ਸੀ ਅਤੇ ਕੀ ਹੁਣ ਸੋਨੀਆ ਗਾਂਧੀ ਅੱਗੇ ਆ ਕੇ ਇਸ ਭੂਮਿਕਾ ਨੂੰ ਸਵੀਕਾਰ ਕਰੇਗੀ। ਪਾਰਟੀ ਦੇ ਕੁਝ ਨੇਤਾ ਕਹਿੰਦੇ ਹਨ ਕਿ ਸੋਨੀਆ ਗਾਂਧੀ ਨੂੰ ਇਹ ਭੂਮਿਕਾ ਖੁਦ ਆਪਣੇ ਹੱਥਾਂ 'ਚ ਲੈਣੀ ਚਾਹੀਦੀ ਹੈ। ਕਾਂਗਰਸ ਲੋਕ ਸਭਾ 'ਚ ਇਸ ਵਾਰ ਮੱਲਿਕਾ ਅਰਜੁਨ ਖੜਗੇ ਦੀ ਜਗ੍ਹਾ 'ਤੇ ਕਿਸੇ ਹੋਰ ਨੂੰ ਅੱਗੇ ਲਿਆਉਣ ਦੇ ਪੱਖ 'ਚ ਦੱਸੀ ਜਾ ਰਹੀ ਹੈ।
ਰਾਹੁਲ ਗਾਂਧੀ ਇਸ ਵਾਰ ਲੋਕ ਸਭਾ 'ਚ ਵਾਇਨਾਡ ਸੀਟ ਦੀ ਅਗਵਾਈ ਕਰ ਰਹੇ ਹਨ। ਲੋਕ ਸਭਾ 'ਚ ਕਾਂਗਰਸ ਨੂੰ ਵਿਰੋਧੀ ਨੇਤਾ ਅਹੁਦੇ ਲਈ 3 ਹੋਰ ਮੈਂਬਰਾਂ ਦੀ ਲੋੜ ਹੈ। ਕਾਂਗਰਸ ਕੋਲ ਵਿਰੋਧੀ ਧਿਰ ਨੇਤਾ ਅਹੁਦੇ ਲੈਣ ਲਈ ਕੁੱਲ 55 ਸੰਸਦ ਮੈਂਬਰ ਹੋਣੇ ਜ਼ਰੂਰੀ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸੰਭਵ ਤੌਰ 'ਤੇ ਸੋਨੀਆ ਗਾਂਧੀ ਵੱਲੋਂ ਵੀ ਲੋਕ ਸਭਾ 'ਚ ਕਿਸੇ ਹੋਰ ਨੇਤਾ ਅਹੁਦੇ ਨੂੰ ਅੱਗੇ ਕੀਤਾ ਜਾ ਸਕਦਾ ਹੈ। ਖੜਗੇ ਇਸ ਵਾਰ ਗੁਲਬਰਗਾ ਲੋਕ ਸਭਾ ਸੀਟ ਤੋਂ ਹਾਰੇ ਸਨ। ਜੇਕਰ ਰਾਹੁਲ ਗਾਂਧੀ ਲੋਕ ਸਭਾ 'ਚ ਨੇਤਾ ਅਹੁਦੇ ਦੀ ਭੂਮਿਕਾ ਸੰਭਾਲਣ ਲਈ ਅੱਗੇ ਨਹੀਂ ਆਉਂਦੇ ਹਨ ਤਾਂ ਉਸ ਹਾਲਤ 'ਚ ਪਾਰਟੀ ਵੱਲੋਂ ਦੋ ਹੋਰ ਨਾਵਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ, ਜਿਸ 'ਚ ਇਕ ਨਾਂ ਕੇਰਲ ਤੋਂ ਚੁਣੇ ਹੋਏ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ ਦੂਜਾ ਨਾਂ ਪੰਜਾਬ ਦੀ ਅਨੰਦਪੁਰ ਸਾਹਿਬ ਦੀ ਲੋਕ ਸਭਾ ਸੀਟ ਤੋਂ ਚੁਣੇ ਗਏ ਮਨੀਸ਼ ਤਿਵਾੜੀ ਦਾ ਲਿਆ ਜਾ ਰਿਹਾ ਹੈ। ਆਸਾਮ ਤੋਂ ਜੇਤੂ ਰਹੇ ਗੌਰਵ ਗਗੋਈ ਦਾ ਨਾਂ ਵੀ ਚਰਚਾ 'ਚ ਦੱਸਿਆ ਜਾ ਰਿਹਾ ਹੈ। ਕਾਂਗਰਸ ਨੇ ਡਿਪਟੀ ਲੀਡਰ ਅਤੇ ਪਾਰਟੀ ਦੇ ਚੀਫ ਵ੍ਹਿਪ ਅਹੁਦਿਆਂ ਨੂੰ ਭਰਨਾ ਹੈ। ਪਿਛਲੀ ਲੋਕ ਸਭਾ ਦੇ ਸਮੇਂ ਲੋਕ ਸਭਾ ਦੇ ਡਿਪਟੀ ਲੀਡਰ ਦਾ ਅਹੁਦਾ ਕੈਪਟਨ ਅਮਰਿੰਦਰ ਸਿੰਘ ਕੋਲ ਸੀ ਪਰ ਮੁੱਖ ਮੰਤਰੀ ਬਣਨ ਮਗਰੋਂ ਉਨ੍ਹਾਂ ਨੇ ਇਹ ਅਹੁਦਾ 2017 'ਚ ਛੱਡ ਦਿੱਤਾ ਸੀ। ਚੀਫ ਵ੍ਹਿਪ ਦਾ ਅਹੁਦਾ ਜਿਓਤਰਦਿਤੀਆ ਸਿੰਧੀਆ ਦੇ ਕੋਲ ਸੀ।
ਲੋਕ ਸਭਾ 'ਚ ਇਸ ਵਾਰ ਦੱਖਣ ਤੋਂ 28 ਸੰਸਦ ਮੈਂਬਰ ਜਿੱਤ ਕੇ ਆਏ ਹਨ, ਇਸ ਲਈ ਦੱਖਣ ਭਾਰਤ ਦੇ ਸੰਸਦ ਮੈਂਬਰ ਚਾਹੁੰਦੇ ਹਨ ਕਿ ਲੋਕ ਸਭਾ 'ਚ ਲੀਡਰ ਦਾ ਅਹੁਦਾ ਉਨ੍ਹਾਂ ਨੂੰ ਮਿਲੇ। ਕਾਂਗਰਸ ਉੱਤਰ ਤੇ ਦੱਖਣ ਭਾਰਤ ਦੇ ਵਿਚਾਲੇ ਸੰਸਦ 'ਚ ਸੰਤੁਲਨ ਬਣਾ ਕੇ ਰੱਖਣਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ 'ਚ ਲੀਡਰ ਅਹੁਦੇ ਨੂੰ ਲੈ ਕੇ ਸਪੱਸ਼ਟਤਾ ਉਸ ਵੇਲੇ ਸਾਹਮਣੇ ਆਵੇਗੀ ਜਦੋਂ ਰਾਹੁਲ ਗਾਂਧੀ ਵੱਲੋਂ ਆਪਣੀ ਭੂਮਿਕਾ ਬਾਰੇ ਫੈਸਲਾ ਲੈ ਲਿਆ ਜਾਵੇਗਾ ਪਰ ਫਿਰ ਵੀ 17 ਜੂਨ ਤੋਂ ਜ਼ਿਆਦਾ ਦੇਰੀ ਇਸ ਸਬੰਧ 'ਚ ਨਹੀਂ ਕੀਤੀ ਜਾ ਸਕਦੀ।
ਫਤਿਹ ਦੀ ਮੌਤ ਤੋਂ ਬਾਅਦ ਗੁੱਸੇ 'ਚ ਲੋਕ, ਸੁਨਾਮ ਪੂਰੀ ਤਰ੍ਹਾਂ ਬੰਦ
NEXT STORY