ਮਾਮਲਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਉਸ ਦੇ ਸਾਥੀਆਂ ਵੱਲੋਂ ਦਲਿਤ ਪਰਿਵਾਰਾਂ 'ਤੇ ਜਾਨਲੇਵਾ ਹਮਲਾ ਕਰਨ ਦਾ
ਫਿਰੋਜ਼ਪੁਰ(ਸ਼ੈਰੀ, ਪਰਮਜੀਤ)—ਬੀਤੇ ਦਿਨੀਂ ਪਿੰਡ ਲੂੰਬੜੀਵਾਲਾ ਵਿਖੇ ਮਾਮੂਲੀ ਝਗੜੇ ਨੂੰ ਲੈ ਕੇ ਯੂਥ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਅਤੇ ਉਸ ਦੇ ਸਾਥੀਆਂ ਵੱਲੋਂ ਦਲਿਤ ਪਰਿਵਾਰਾਂ ਦੇ ਵਿਅਕਤੀਆਂ 'ਤੇ ਕੀਤੇ ਗਏ ਜਾਨਲੇਵਾ ਹਮਲੇ ਦੇ ਮਾਮਲੇ ਨੂੰ ਲੈ ਕੇ ਅੱਜ ਮਾਮਲੇ ਦੇ ਮੁੱਖ ਪੀੜਤ ਮੇਜਰ ਸਿੰਘ ਨੇ ਪੰਜਾਬ ਪੁਲਸ ਦੇ ਡੀ. ਜੀ. ਪੀ. ਤੋਂ ਲਿਖਤੀ ਪੱਤਰ ਰਾਹੀਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਜਾਂਚ ਕਰ ਕੇ ਮੁਲਜ਼ਮਾਂ ਵਿਰੁੱਧ ਸਖਤ ਤੋਂ ਸਖਤ ਬਣਦੀ ਕਾਰਵਾਈ ਅਤੇ ਪੀੜਤਾਂ ਉਪਰ ਦਰਜ ਕੀਤੇ ਗਏ ਝੂਠੇ ਮੁਕੱਦਮੇ ਨੂੰ ਰੱਦ ਕੀਤਾ ਜਾਵੇ। ਇਸ ਮਾਮਲੇ ਬਾਰੇ ਪੀੜਤ ਮੇਜਰ ਨੇ ਦੱਸਿਆ ਕਿ ਥਾਣਾ ਸਦਰ ਪੁਲਸ ਵੱਲੋਂ ਸਿਆਸੀ ਦਬਾਅ ਹੇਠ ਮੁਲਜ਼ਮਾਂ ਵਿਰੁੱਧ ਜੋ ਕਾਰਵਾਈ ਕਰਨੀ ਬਣਦੀ ਸੀ, ਉਹ ਨਹੀਂ ਕੀਤੀ ਗਈ। ਪੁਲਸ ਵੱਲੋਂ ਮੁਲਜ਼ਮਾਂ ਦਾ ਸਾਥ ਦੇ ਕੇ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੀ ਵੀ ਕੋਸ਼ਿਸ਼ ਚੱਲ ਰਹੀ ਹੈ। ਇਸ ਮਾਮਲੇ ਬਾਰੇ ਐੱਸ. ਕਮਿਸ਼ਨ ਦੇ ਚੇਅਰਮੈਨ ਵੱਲੋਂ ਫਿਰੋਜ਼ਪੁਰ ਦੀ ਵਿਜ਼ਟ ਕਰ ਕੇ ਮੁਲਜ਼ਮਾਂ ਉਪਰ ਐੱਸ. ਸੀ. ਐਕਟ ਰਾਹੀਂ ਬਣਦੀਆਂ ਧਾਰਾਵਾਂ ਵੀ ਲਵਾਈਆਂ ਗਈਆਂ ਹਨ ਪਰ ਫਿਰ ਵੀ ਪੁਲਸ ਮੁਲਜ਼ਮਾਂ ਨੂੰ ਫੜ ਨਹੀਂ ਰਹੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿਚ ਯੂਥ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਗੁਰਭੇਜ ਸਿੰਘ ਟਿੱਬੀ ਸਮੇਤ 12 ਵਿਰੁੱਧ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ 6 ਅਣਪਛਾਤੇ ਵਿਅਕਤੀ ਵੀ ਇਸ ਮਾਮਲੇ ਵਿਚ ਮੌਜੂਦ ਸਨ। ਉਸ ਨੇ ਪੁਲਸ ਦੇ ਡੀ. ਜੀ. ਪੀ. ਤੋਂ ਮੰਗ ਕੀਤੀ ਕਿ ਜੇਕਰ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਐੱਸ. ਐੱਸ. ਪੀ. ਫਿਰੋਜ਼ਪੁਰ ਦੇ ਦਫਤਰ ਅੱਗੇ ਪੀੜਤ ਪਰਿਵਾਰਾਂ ਤੇ ਆਪਣੇ ਦਲਿਤ ਸਮਾਜ ਦੇ ਲੋਕਾਂ ਨੂੰ ਲੈ ਕੇ ਧਰਨਾ ਦੇਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਦੀ ਹੋਵੇਗੀ।
ਕੀ ਕਹਿੰਦੇ ਨੇ ਥਾਣਾ ਸਦਰ ਫਿਰੋਜ਼ਪੁਰ ਦੇ ਮੁਖੀ
ਇਸ ਬਾਰੇ ਥਾਣਾ ਸਦਰ ਦੇ ਮੁਖੀ ਗੁਰਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਆਪਣੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ।
ਇਸ ਮਾਮਲੇ ਬਾਰੇ ਮੈਨੂੰ ਕੁਝ ਪਤਾ ਨਹੀਂ : ਲਾਲੀ
ਇਸ ਮਾਮਲੇ ਬਾਰੇ ਯੂਥ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਮਾਮਲੇ ਬਾਰੇ ਕੁਝ ਪਤਾ ਨਹੀਂ ਤੇ ਨਾ ਹੀ ਇਸ ਬਾਰੇ ਮੈਂ ਕੋਈ ਟਿੱਪਣੀ ਕਰ ਸਕਦਾ ਹਾਂ।
ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ
NEXT STORY