ਚੰਡੀਗੜ੍ਹ(ਭੁੱਲਰ)-ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਪ੍ਰਬੰਧਾਂ ਬਾਰੇ ਪੰਜਾਬ ਸਰਕਾਰ ਵਲੋਂ ਚਰਚਾ ਕਰਨ ਲਈ ਸੱਦੀ ਆਰਗਨਾਈਜ਼ਿੰਗ ਕਮੇਟੀ ਦੀ ਪਹਿਲੀ ਮੀਟਿੰਗ ਦਾ ਬਾਈਕਾਟ ਕੀਤੇ ਜਾਣ ਦੀ ਪੰਜਾਬ ਕਾਂਗਰਸ ਨੇ ਤਿੱਖੀ ਆਲੋਚਨਾ ਕੀਤੀ ਹੈ। ਕਾਂਗਰਸੀ ਆਗੂਆਂ ਸੁਖਜਿੰਦਰ ਸਿੰਘ, ਪਰਗਟ ਸਿੰਘ, ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ ਡੀ. ਸੀ., ਬਰਿੰਦਰ ਸਿੰਘ ਪਾਹੜਾ ਅਤੇ ਸੁਖ ਸਰਕਾਰੀਆ ਨੇ ਅੱਜ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਦੁਆਰਾ ਵਿਸ਼ੇਸ਼ ਸੱਦਾ ਭੇਜੇ ਜਾਣ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਰੱਖੀ ਗਈ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਬਾਰੇ ਮੀਟਿੰਗ ਵਿਚ ਨਹੀਂ ਪਹੁੰਚਿਆ ਅਤੇ ਨਾ ਹੀ ਉਸ ਨੇ ਮੀਟਿੰਗ ਵਿਚ ਨਾ ਆਉਣ ਬਾਰੇ ਬਾਅਦ ਵਿਚ ਕੋਈ ਪਛਤਾਵਾ ਕੀਤਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅਕਾਲੀਆਂ ਨੇ ਜੋ ਵੀ ਕੁਝ ਕੀਤਾ ਹੈ, ਉਸ ਦੇ ਉਲਟ ਤੱਥ ਇਹ ਹਨ ਕਿ ਇਹ ਸਮਾਰੋਹ ਸਿਆਸੀ ਪਾਰਟੀਆਂ ਨੂੰ ਸ਼ਾਮਲ ਕਰਨ ਵਾਲਾ ਨਹੀਂ ਸੀ। ਇਸ ਨਾਲ ਅਕਾਲੀਆਂ ਦੀ ਇਕ ਵਾਰ ਫਿਰ ਘੁਮੰਡੀ ਮਾਨਸਿਕਤਾ ਦਾ ਪ੍ਰਗਟਾਵਾ ਹੋਣ ਦੇ ਨਾਲ-ਨਾਲ ਉਨ੍ਹਾਂ ਦਾ ਧਰਮ ਦੀ ਸਿਆਸੀਕਰਨ ਕਰਨ ਵਾਲੀ ਆਦਤ ਦਾ ਖੁਲਾਸਾ ਹੋਇਆ ਹੈ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਮੀਟਿੰਗ ਤੋਂ ਦੂਰ ਰਹਿ ਕੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਖੁਦ ਹੀ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਵਿਚ ਡਿੱਗ ਗਏ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਤੇ ਦੁਨੀਆ ਭਰ ਵਿਚ ਵਸੇ ਪੰਜਾਬੀਆਂ ਲਈ ਪਹਿਲੇ ਸਿੱਖ ਗੁਰੂ ਸਭ ਤੋਂ ਉਪਰ ਹਨ। ਹਾਲਾਂਕਿ ਅਕਾਲੀ ਵੀ ਆਪਣੇ-ਆਪ ਨੂੰ ਸਿੱਖ ਧਰਮ ਦੇ ਨਿਗਰਾਨ ਹੋਣ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਭਾਈਚਾਰੇ ਦੇ ਧਾਰਮਿਕ ਵਿਚਾਰਾਂ ਨੂੰ ਪ੍ਰਫੁਲਿਤ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਕਰਨ ਵਿਚ ਕੋਈ ਦਿਲਚਸਪੀ ਨਹੀਂ ਹੈ। ਆਗੂਆਂ ਨੇ ਅੱਗੇ ਕਿਹਾ ਕਿ ਸੱਚਾਈ ਇਹ ਹੈ ਕਿ ਸੁਖਬੀਰ ਨੇ ਬੈਠਕ ਵਿਚ ਹਾਜ਼ਰ ਨਾ ਹੋ ਕੇ ਮੁਆਫੀ ਨਹੀਂ ਮੰਗੀ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਬਾਈਕਾਟ ਅਕਾਲੀ ਆਗੂ ਵੱਲੋਂ ਜਾਣ ਬੁਝ ਕੇ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਹੋਰ ਆਗੂਆਂ ਨੇ ਵੀ ਮੀਟਿੰਗ ਵਿਚ ਹਾਜ਼ਰ ਨਾ ਹੋ ਕੇ ਗੈਰ-ਜ਼ਿੰਮੇਵਾਰੀ ਵਾਲੇ ਵਤੀਰੇ ਦਾ ਹੀ ਪ੍ਰਗਟਾਵਾ ਕੀਤਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਅਕਾਲੀਆਂ ਦੀ ਮਾੜੀ ਸੋਚ ਦਾ ਇਸ ਗੱਲ ਤੋਂ ਹੋਰ ਵੀ ਸਪਸ਼ਟ ਪ੍ਰਗਟਾਵਾ ਹੋ ਜਾਂਦਾ ਹੈ। ਅਕਾਲੀ ਦਲ ਨੂੰ ਕਾਂਗਰਸ ਤੋਂ ਸੱਦਾ ਨਾ ਮਿਲਣ ਬਾਰੇ ਉਨ੍ਹਾਂ ਕਿਹਾ 'ਕੀ ਇਹ ਕਾਂਗਰਸ ਦੀ ਮੀਟਿੰਗ ਸੀ ਜਿਸ ਲਈ ਸੱਦਾ ਪੱਤਰ ਭੇਜੇ ਜਾਣੇ ਚਾਹੀਦੇ ਸਨ?' ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਵਿਸ਼ੇਸ਼ ਸੱਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸਹੀ ਥਾਂ ਤੋਂ ਦਿੱਤਾ ਗਿਆ ਸੀ।
ਪਸ਼ੂਆਂ ਨਾਲ ਲੱਦਿਆ ਕੈਂਟਰ ਅਗਵਾ ਪਿੱਛੋਂ ਬਿਆਸ ਨੇੜਿਓਂ ਬਰਾਮਦ
NEXT STORY