ਬਠਿੰਡਾ(ਬਲਵਿੰਦਰ)-ਇਕ ਵਿਆਹੁਤਾ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗੁਰਦੁਆਰਾ ਸਿੰਘ ਸਭਾ ਬਠਿੰਡਾ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਕੌਂਸਲਰ ਰਜਿੰਦਰ ਸਿੰਘ ਸਿੱਧੂ ਦੇ ਮਾਮਲੇ 'ਚ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਕਸੂਤੇ ਫਸ ਗਏ ਹਨ, ਕਿਉਂਕਿ ਕਾਂਗਰਸ ਇਸ ਮੁੱਦੇ ਨੂੰ ਭਖਾਉਣ 'ਚ ਰੁੱਝ ਗਈ ਹੈ। ਹੋਇਆ ਇੰਝ ਕਿ ਕੁਝ ਸਮਾਂ ਪਹਿਲਾਂ ਕੌਂਸਲਰ ਤ੍ਰਿਲੋਚ ਸਿੰਘ, ਜੋ ਪਹਿਲਾਂ ਅਕਾਲੀ ਦਲ ਵਿਚ ਹੀ ਸਨ, ਦੀ ਰਿਸ਼ਤੇਦਾਰ ਵਿਆਹੁਤਾ ਲੜਕੀ ਨੇ ਖੁਦਕੁਸ਼ੀ ਕਰ ਲਈ ਸੀ। ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਆਡੀਓ ਵਾਇਰਲ ਹੋਇਆ, ਜਿਸ ਵਿਚ ਇਕ ਔਰਤ ਤੇ ਪੁਰਸ਼ ਗੱਲਾਂ ਕਰ ਰਹੇ ਸਨ। ਦੋਸ਼ ਲੱਗਿਆ ਕਿ ਇਹ ਪੁਰਸ਼ ਰਜਿੰਦਰ ਸਿੰਘ ਸਿੱਧੂ ਤੇ ਔਰਤ ਖੁਦਕੁਸ਼ੀ ਕਰਨ ਵਾਲੀ ਲੜਕੀ ਦੀ ਹੀ ਆਵਾਜ਼ ਹੈ। ਤ੍ਰਿਲੋਚ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਸਿੱਧੂ ਨੇ ਹੀ ਉਕਤ ਲੜਕੀ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ। ਪੁਲਸ ਨੇ ਆਡੀਓ ਅਤੇ ਸ਼ਿਕਾਇਤ ਦੇ ਆਧਾਰ 'ਤੇ ਸਿੱਧੂ ਵਿਰੁੱਧ ਮੁਕੱਦਮਾ ਦਰਜ ਕਰ ਲਿਆ, ਜਿਸ ਤੋਂ ਬਾਅਦ ਉਸਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੌਰਾਨ ਅਕਾਲੀ ਦਲ ਨੇ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ। ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਅਤੇ ਹੋਰ ਅਕਾਲੀਆਂ ਦਾ ਬਿਆਨ ਆਇਆ ਸੀ ਕਿ ਉਹ ਅਦਾਲਤ ਦਾ ਫੈਸਲਾ ਆਉਣ ਤੱਕ ਸਿੱਧੂ ਨਾਲ ਕੋਈ ਸਬੰਧ ਨਹੀਂ ਰੱਖਣਗੇ। ਬੀਤੀ ਰਾਤ ਰਜਿੰਦਰ ਸਿੰਘ ਸਿੱਧੂ ਜ਼ਮਾਨਤ 'ਤੇ ਰਿਹਾਅ ਹੋਇਆ ਤਾਂ ਸਰੂਪ ਸਿੰਗਲਾ, ਕੌਂਸਲਰ ਰਾਜੂ ਸਰਾਂ, ਨਿਰਮਲ ਸਿੰਘ ਸੰਧੂ ਆਦਿ ਵੱਡੀ ਗਿਣਤੀ ਅਕਾਲੀ ਆਗੂ ਉਸਦਾ ਸਵਾਗਤ ਕਰਨ ਲਈ ਜੇਲ ਦੇ ਗੇਟ 'ਤੇ ਪਹੁੰਚ ਗਏ ਸਨ। ਇਸ ਲਈ ਚੁਫੇਰਿਓਂ ਨਿੰਦਾ ਹੋ ਰਹੀ ਹੈ ਕਿ ਸਿੱਧੂ ਨੇ ਐਸਾ ਕੁਝ ਨਹੀਂ ਸੀ ਕੀਤਾ ਕਿ ਜੇਲ 'ਚੋਂ ਰਿਹਾਅ ਹੋਣ ਸਮੇਂ ਉਸਦਾ ਸਵਾਗਤ ਕੀਤਾ ਜਾਵੇ। ਦੂਜੇ ਪਾਸੇ ਰਾਠੌਰ ਭਾਈਚਾਰੇ ਦੇ ਆਗੂ ਤ੍ਰਿਲੋਚ ਸਿੰਘ ਕੌਂਸਲਰ, ਚਰਨਜੀਤ ਸਿੰਘ ਭੋਲਾ, ਸੇਵਾ ਸਿੰਘ, ਪ੍ਰਤਾਪ ਸਿੰਘ, ਗੁਰਜੀਤ ਸਿੰਘ ਠੇਕੇਦਾਰ, ਸੁਰਜੀਤ ਸਿੰਘ, ਮਾਨ ਸਿੰਘ, ਸੁਰਜੀਤ ਸਿੰਘ, ਮੇਹਰ ਸਿੰਘ, ਮਹਿੰਦਰ ਸਿੰਘ, ਪ੍ਰੀਤਮ ਸਿੰਘ ਆਦਿ ਨੇ ਸਵਾਲ ਕੀਤਾ ਹੈ ਕਿ ਅਕਾਲੀ ਦੱਸਣ ਕਿ ਰਜਿੰਦਰ ਸਿੱਧੂ ਨੇ ਅਜਿਹੀ ਕਿਹੜੀ ਜੰਗ ਜਿੱਤੀ ਸੀ ਕਿ ਉਹ ਸਾਰੇ ਉਸਦਾ ਸਵਾਗਤ ਕਰਨ ਲਈ ਪਹੁੰਚ ਗਏ। ਉਹ ਇਕ ਲੜਕੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਜੇਲ੍ਹ ਵਿਚ ਬੰਦ ਸੀ। ਜਦੋਂ ਉਸਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ ਤਾਂ ਫਿਰ ਉਸ ਨਾਲ ਅਕਾਲੀਆਂ ਦਾ ਕੀ ਸੰਬੰਧ ਹੈ। ਇਸ ਬਾਰੇ ਸਰੂਪ ਸਿੰਗਲਾ ਦਾ ਬਿਆਨ ਲੈਣਾ ਚਾਹਿਆ, ਪਰ ਉਨ੍ਹਾਂ ਦਾ ਪੀ. ਏ. ਲਗਾਤਾਰ ਮੀਟਿੰਗ ਦਾ ਨਾਂ ਲੈ ਕੇ ਫੋਨ ਕੱਟਦਾ ਰਿਹਾ। ਮੁੱਕਦੀ ਗੱਲ ਇਹ ਹੈ ਕਿ ਸਰੂਪ ਸਿੰਗਲਾ ਨੂੰ ਘੇਰਨ ਦਾ ਇਕ ਮੁੱਦਾ ਮਿਲ ਗਿਆ ਹੈ, ਜਿਸਨੂੰ ਭਖਾਉਣਾ ਆਰੰਭ ਦਿੱਤਾ ਗਿਆ ਹੈ।
ਪਾਕਿਸਤਾਨ ਹਮਲੇ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ : ਅਠਾਵਲੇ
NEXT STORY