ਜਲੰਧਰ (ਰਵਿੰਦਰ ਸ਼ਰਮਾ) — ਸੱਤਾ 'ਚ ਆਉਣ ਦੇ 6 ਮਹੀਨੇ ਦੇ ਅੰਦਰ ਹੀ ਕਾਂਗਰਸ ਸਰਕਾਰ 'ਚ ਅੰਦਰ ਹੀ ਅੰਦਰ ਅਜਿਹੀ ਅੱਗ ਸੁਲਗਣ ਲੱਗੀ ਹੈ ਕਿ ਕਦੇ ਵੀ ਵਿਸਫੋਟ ਹੋ ਸਕਦਾ ਹੈ। ਸੂਬੇ ਦੇ ਮੁੱਖ ਮੰਤਰੀ ਦੀ ਕਾਰਜਪ੍ਰਣਾਲੀ ਤੋਂ ਨਾ ਤਾਂ ਪਾਰਟੀ ਦੇ ਵਿਧਾਇਕ ਖੁਸ਼ ਹੈ ਤੇ ਨਾ ਹੀ ਸੰਗਠਨ ਦੇ ਆਗੂ। ਪਾਰਟੀ ਵਿਧਾਇਕ ਮੰਤਰੀ ਅਹੁਦੇ ਨਾ ਮਿਲਣ ਕਾਰਨ ਨਾਰਾਜ਼ ਚਲ ਰਹੇ ਹਨ ਤੇ ਸੰਗਠਨ ਦੇ ਆਗੂ ਆਪਣੀ ਸਰਕਾਰ ਹੋਣ ਦੇ ਬਾਵਜੂਦ ਕੰਮ ਨਾ ਹੋਣ ਕਾਰਨ ਨਾਰਾਜ਼ ਹਨ।
ਪਾਰਟੀ 'ਚ ਉਠ ਰਿਹਾ ਹੈ ਉਬਾਲ ਕਦੇ ਵੀ ਬਗਾਵਤ ਦਾ ਰੂਪ ਧਾਰਨ ਕਰ ਸਕਦਾ ਹੈ। ਫਿਲਹਾਲ ਪਾਰਟੀ ਦੇ ਆਗੂ ਤੇ ਵਿਧਾਇਕ ਗੁਰਦਾਸਪੁਰ ਲੋਕ ਸਭਾ ਉਪ ਚੋਣ ਦਾ ਇੰਤਜ਼ਾਰ ਕਰ ਰਹੇ ਹਨ ਤੇ ਇਥੋਂ ਦੀ ਜਿੱਤ ਜਾਂ ਹਾਰ ਦੇ ਸਮੀਕਰਨ ਅੱਗੇ ਦੀ ਰਣਨੀਤੀ ਤੈਅ ਕਰੇਗੀ। ਪਾਰਟੀ ਦੇ ਕਈ ਸੀਨੀਅਰ ਵਿਧਾਇਕ ਤਾਂ ਇਸ ਕਾਰਨ ਗੁੱਸੇ 'ਚ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਵਿਸਤਾਰ ਜਾਣਬੁੱਝ ਕੇ ਰੋਕਿਆ ਹੋਇਆ ਹੈ। ਇਨ੍ਹਾਂ ਵਿਧਾਇਕਾਂ ਦਾ ਤਾਂ ਹੁਣ ਸਬਰ ਦਾ ਪੈਮਾਨਾ ਵੀ ਛਲਕਣ ਲੱਗਾ ਹੈ। 16 ਮਾਰਚ ਨੂੰ ਮੁੱਖ ਮੰਤਰੀ ਸਮੇਤ 10 ਮੰਤਰੀਆਂ ਨੇ ਸੂੰਹ ਚੁੱਕੀ ਸੀ। ਇਸ ਤੋਂ ਬਾਅਦ ਲਗਾਤਾਰ ਮੰਤਰੀ ਮੰਡਲ ਦਾ ਵਿਸਤਾਰ ਟਲਦਾ ਰਿਹਾ।
ਵਿਧਾਇਕਾਂ ਦਾ ਕਹਿਣਾ ਹੈ ਕਿ ਇਹ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ ਤੇ ਕੈਪਟਨ ਆਪਣੀ ਮਨਮਰਜ਼ੀ ਨਾਲ ਇਸ ਸਰਕਾਰ ਨੂੰ ਚਲਾ ਰਿਹਾ ਹੈ। ਅਜਿਹਾ ਕਰਨ ਨਾਲ ਨਾ ਸਿਰਫ ਵਿਧਾਇਕਾਂ 'ਚ ਅਸੰਤੋਸ਼ ਫੈਲ ਰਿਹਾ ਹੈ ਸਗੋਂ ਨਾਲ ਹੀ ਕਈ ਵਿਭਾਗਾਂ ਦੀਆਂ ਫਾਈਲਾਂ ਦਾ ਅੰਬਾਰ ਲੰਬਾ ਹੁੰਦਾ ਜਾ ਰਿਹਾ ਹੈ ਤੇ ਸਰਕਾਰੀ ਕੰਮਕਾਜ ਲਗਾਤਾਰ ਲਟਕ ਰਿਹਾ ਹੈ। ਜ਼ਿਆਦਾਤਰ ਵਿਧਾਇਕਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਪੱਕਾ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੇ ਕੈਬਨਿਟ ਮੰਤਰਾਲਾ ਜਾਂ ਚੇਅਰਮੈਨੀ ਨਾਲ ਨਵਾਜ਼ਿਆ ਜਾਵੇਗਾ। ਅਸੰਤੋਸ਼ ਦੀ ਲਹਿਰ ਸਭ ਤੋਂ ਵੱਧ ਉਨ੍ਹਾਂ ਵਿਧਾਇਕਾਂ 'ਚ ਹੈ ਜੋ 4 ਜਾਂ 5 ਵਾਰ ਵਿਧਾਇਕ ਬਣ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਵੀ ਮੰਤਰੀ ਦੇ ਅਹੁਦੇ ਨਹੀਂ ਮਿਲੇ ਤਾਂ ਫਿਰ ਕਦ ਮਿਲਣਗੇ।
ਇਨ੍ਹਾਂ ਸੀਨੀਅਰ ਵਿਧਾਇਕਾਂ ਦਾ ਤਾਂ ਇਥੋਂ ਤਕ ਕਹਿਣਾ ਹੈ ਕਿ ਕੈਪਟਨ ਦਾ ਇਹ ਕਹਿਣਾ ਕਿ ਉਹ ਆਖਿਰੀ ਬਾਰ ਮੁੱਖ ਮੰਤਰੀ ਬਨਣ ਜਾ ਰਹੇ ਹਨ, ਵੀ ਪਾਰਟੀ ਨੂੰ ਕਮਜ਼ੋਰ ਕਰਨ ਦੀ ਨੀਤੀ ਹੈ। ਇਹ ਨਹੀਂ ਕੈਪਟਨ ਦੀ ਅਕਾਲੀ ਆਗੂਆਂ ਸੁਖਬੀਰ ਬਾਦਲ ਤੇ ਮਜੀਠੀਆ ਦੇ ਖਿਲਾਫ ਨਰਮ ਨੀਤੀ ਨਲਾ ਵੀ ਉਨ੍ਹਾਂ 'ਚ ਅੰਦਰ ਹੀ ਅੰਦਰ ਉਬਾਲ ਪੈਦਾ ਹੋ ਰਿਹਾ ਹੈ। ਜ਼ਿਆਦਾਤਰ ਵਿਧਾਇਕ ਇਸ ਗੱਲ ਦੇ ਹਿਮਾਇਤੀ ਹੈ ਕਿ ਸੁਖਬੀਰ ਤੇ ਮਜੀਠੀਆ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ।
ਯੂਥ ਬ੍ਰਿਗੇਡ ਦੇ ਨੌਜਵਾਨ ਵਿਧਾਇਕ ਜੋ ਦੋ-ਦੋ ਬਾਰ ਵਿਧਾਇਕ ਬਣ ਚੁੱਕੇ ਹਨ, ਉਨ੍ਹਾਂ 'ਚ ਵੀ ਖਾਸਾ ਆਕਰੋਸ਼ ਪਾਇਆ ਜਾ ਰਿਹਾ ਹੈ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਇਲਾਕੇ 'ਚ ਐੱਸ. ਐੱਸ. ਪੀ. ਤੇ ਡੀ. ਸੀ. ਪੁੱਛਦੇ ਨਹੀਂ ਹਨ ਤੇ ਸਰਕਾਰ 'ਚ ਉਨ੍ਹਾਂ ਨੂੰ ਕੋਈ ਤਵੱਜੋ ਨਹੀਂ ਦਿੱਤੀ ਜਾਂਦੀ, ਅਜਿਹੇ 'ਚ ਉਹ ਜਾਣ ਤਾਂ ਜਾਣ ਕਿੱਥੇ? 2 ਦਿਨ ਪਹਿਲਾਂ ਫਿਰੋਜ਼ਪੁਰ ਤੋਂ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਖੁੱਲ੍ਹੇ ਸ਼ਬਦਾਂ 'ਚ ਮੁੱਖ ਮੰਤਰੀ ਦੇ ਦਫਤਰ 'ਚ ਇਕ ਸੀਨੀਅਰ ਅਧਿਕਾਰੀ ਦੇ ਖਿਲਾਫ ਚੁੱਕੀ ਆਵਾਜ਼ ਨੇ ਵੀ ਪਾਰਟੀ ਦੇ ਅੰਦਰ ਚਲ ਰਹੀ ਬਗਾਵਤ ਨੂੰ ਅੱਗ ਦੇ ਦਿੱਤੀ ਹੈ। ਇਸ ਮਾਮਲੇ 'ਤੇ ਨਾ ਸਿਰਫ ਕੈਪਟਨ ਸਗੋਂ ਜਾਖੜ ਵੀ ਚੁੱਪ ਹਨ।
ਮੌਜੂਦਾ ਸਮੇਂ 'ਚ ਕਾਂਗਰਸ ਦੇ ਕੋਲ 77 ਵਿਧਾਇਕ ਹਨ। ਇਨ੍ਹਾਂ 'ਚੋਂ 10 ਮੰਤਰੀ ਅਹੁਦੇ 'ਤੇ ਹਨ ਤੇ ਦੋ ਸਪੀਕਰ ਤੇ ਡਿਪਟੀ ਸਪੀਕਰ ਅਹੁਦੇ 'ਤੇ ਹਨ। ਬਾਕੀ ਬਚੇ 65 ਵਿਧਾਇਕਾਂ 'ਚੋਂ 34 ਪਹਿਲੀ ਵਾਰ ਵਿਧਾਇਕ ਬਣੇ ਹਨ, ਜਦ ਕਿ 31 ਇਸ ਉਮੀਦ 'ਚ ਹਨ ਕਿ ਕਦੋਂ ਉਨ੍ਹਾਂ ਨੂੰ ਮੰਤਰੀ ਬਨਣ ਦਾ ਮੌਕਾ ਮਿਲੇਗਾ। ਇਨ੍ਹਾਂ 'ਚੋਂ 5 ਵਾਰ ਵਿਧਾਇਕ ਰਹਿ ਚੁੱਕੇ ਅੰਮ੍ਰਿਤਸਰ ਸੈਂਟ੍ਰਲ ਤੋਂ ਓਮ ਪ੍ਰਕਾਸ਼ ਸੋਨੀ, ਲੁਧਿਆਣਾ ਨਾਰਥ ਤੋਂ ਰਾਕੇਸ਼ ਪਾਂਡੇ ਤੇ ਚਾਰ ਵਾਰ ਵਿਧਾਇਕ ਬਣੇ ਕਾਕਾ ਰਣਦੀਪ ਨਾਭਾ, ਗੁਰਮੀਤ ਸਿੰਘ ਸੋਢੀ ਤੇ ਅਮਰੀਕ ਸਿੰਘ ਢਿੱਲੋਂ ਸ਼ਾਮਲ ਹਨ। ਇਸ ਤਰ੍ਹਾਂ ਤੀਜੀ ਵਾਰ ਵਿਧਾਇਕ ਬਣੇ ਬਲਬੀਰ ਸਿੱਧੂ, ਦਰਸ਼ਨ ਸਿੰਘ ਬਰਾੜ, ਗੁਰਪ੍ਰੀਤ ਕਾਂਗੜ, ਨਿਰਮਲ ਸਿੰਘ ਸ਼ੁਤਰਾਣਾ, ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਰੰਧਾਵਾਂ, ਸੁਰਿੰਦਰ ਕੁਮਾਰ ਡਾਬਰ, ਸੁਰਜੀਤ ਧੀਮਾਨ, ਸੁੱਖ ਸਰਕਾਰੀਆਂ, ਸੰਗਤ ਸਿੰਘ ਗਿਲਜ਼ੀਆ ਸ਼ਾਮਲ ਹਨ।
ਯੂਥ ਬ੍ਰਿਗੇਡ ਤੋਂ ਦੂਜੀ ਵਾਰ ਵਿਧਾਇਕ ਬਣੇ ਕੁਲਜੀਤ ਨਾਗਰਾ, ਭਾਰਤ ਭੂਸ਼ਣ ਆਸ਼ੂ, ਵਿਜੈ ਇੰਦਰ ਸਿੰਗਲਾ, ਸ਼ਾਮ ਸੁੰਦਰ ਅਰੋੜਾ, ਰਮਨਜੀਤ ਸਿੰਘ ਸਿੱਕੀ, ਰਜਨੀਸ਼ ਬੱਬੀ, ਪਰਮਿੰਦਰ ਪਿੰਕੀ, ਅਮਰਿੰਦਰ ਰਾਜਾ ਵੜਿੰਗ, ਗਰਕੀਰਤ ਕੋਟਲੀ, ਹਰਪ੍ਰਤਾਪ ਅਜਨਾਲਾ, ਕੁਸ਼ਲਦੀਪ ਢਿੱਲੋਂ ਤੇ ਨਵਤੇਜ ਚੀਮਾ ਵੀ ਮੰਤਰੀ ਅਹੁਦੇ ਦੀ ਦੌੜ 'ਚ ਹਨ।
ਘਰ ਦੇ ਬਾਹਰ ਲੜਕੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਸੀ ਹਮਲਾ, ਘਟਨਾ ਦੇ 6 ਦਿਨ ਬਾਅਦ ਵੀ ਨਹੀਂ ਹੋ ਰਹੀ ਸੁਣਵਾਈ
NEXT STORY