ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਦੇ ‘ਵੋਟਰ ਆਊਟਰੀਚ’ (ਵੋਟਰਾਂ ਤੱਕ ਪਹੁੰਚ) ਸਮਾਗਮ ‘ਤੇ ਇਤਰਾਜ਼ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਸਰਕਾਰ ਦੀ ਆੜ ਵਿਚ ਕਿਸਾਨਾਂ ਦੇ ਹੁਕਮਾਂ ਖ਼ਿਲਾਫ਼ ਜਾ ਕੇ ਚੋਣਾਵੀਂ ਸਮਾਗਮਾਂ ਨੂੰ ਅੰਜਾਮ ਦੇ ਰਹੀ ਹੈ। ਇਸ ਦੇ ਨਾਲ ਹੀ ‘ਆਪ’ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਦੇ ਦਿੱਤੇ ਬਿਆਨ ਨੂੰ ਗ਼ੈਰ ਜ਼ਿੰਮੇਵਾਰਨਾ ਕਰਾਰ ਦਿੰਦਿਆਂ ਕਿਸਾਨਾਂ ਨਾਲ ਧੋਖ਼ਾ ਕਰਨ ਦਾ ਦੋਸ਼ ਵੀ ਲਾਇਆ ਹੈ। ‘ਆਪ’ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ ਅਤੇ ਕੈਪਟਨ ਦੀ ਲਗਾਮ ਖਿੱਚਣ ਜਾਂ ਫਿਰ ਹੋਰਨਾਂ ਰਾਜਸੀ ਪਾਰਟੀਆਂ ਨੂੰ ਰੈਲੀਆਂ ਅਤੇ ਹੋਰ ਸਮਾਗਮ ਨਾ ਕਰਨ ਦੇ ਆਪਣੇ ਹੁਕਮਾਂ ‘ਤੇ ਮੁੜ ਵਿਚਾਰ ਕਰੇ ਨਹੀਂ ਤਾਂ ਕਾਂਗਰਸ ਦੀ ਤਰਾਂ ਹੋਰ ਪਾਰਟੀਆਂ ਨੂੰ ਵੀ ਰਾਜਨੀਤਿਕ ਸਮਾਗਮ ਕਰਨ ਦੀ ਇਜ਼ਾਜਤ ਦੇਣ। ਉਨ੍ਹਾਂ ਕਿਹਾ ਕਿ ਇਹ ਕਿਸਾਨ ਮੋਰਚੇ ਦੀ ਰਾਜਸੀ ਪਾਰਟੀਆਂ ਨਾਲ ਬੈਠਕ ਵਿਚ ਤੈਅ ਹੋਈਆਂ ਸ਼ਰਤਾਂ ਦੀ ਸ਼ਰੇਆਮ ਉਲੰਘਣਾ ਹੈ। ਸਾਢੇ ਚਾਰ ਸਾਲ ਫਾਰਮ ਹਾਊਸ ਵਿਚ ਬੈਠੇ ਰਹੇ ਕੈਪਟਨ ਨੂੰ ਹੁਣ ਚੋਣਾਂ ਤੋਂ ਪਹਿਲਾਂ ਲੋਕਾਂ ਕੋਲ ਜਾਣਾ ਯਾਦ ਆ ਗਿਆ ਹੈ। ਚੰਗਾ ਇਹ ਹੁੰਦਾ ਕਿ ਐਨਾਂ ਸਮਾਂ ਫਾਰਮ ਹਾਊਸ ’ਤੇ ਮਸਤ ਰਹਿਣ ਵਾਲੇ ਮੁੱਖ ਮੰਤਰੀ ਕਿਸਾਨ ਮੋਰਚੇ ਦੀ ਗੱਲ ਮੰਨ ਕੇ ਤਿੰਨ ਮਹੀਨੇ ਹੋਰ ਘਰ ਬੈਠੇ ਰਹਿੰਦੇ। ਅੱਜ ਚੋਣਾਂ ਤੋਂ ਮਹਿਜ ਕੁਝ ਮਹੀਨੇ ਪਹਿਲਾਂ ਲੋਕਾਂ ਵਿਚ ਜਾ ਕੇ ਉਨ੍ਹਾਂ ਝੂਠੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਉਮਰਾਨੰਗਲ ਨੂੰ ਉਚਿਤ ਸੁਰੱਖਿਆ ਉਪਲੱਬਧ ਕਰਵਾਉਣ ਲਈ ਕੇਂਦਰ ਨੇ ਭੇਜਿਆ ਪੰਜਾਬ ਨੂੰ ਪੱਤਰ
ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ਤੋਂ ਚੰਦ ਮਹੀਨੇ ਪਹਿਲਾਂ ਲੋਕਾਂ ਦੀ ਯਾਦ ਕਿਉਂ ਆਈ? ਕਿਉਂਕਿ ਲੋਕ ਇਸ ਵਾਰ ਬਦਲਾਅ ਚਾਹੁੰਦੇ ਹਨ। ਇਸ ਲਈ ਕੈਪਟਨ ਦੀ ਝੂਠੇ ਵਾਅਦਿਆਂ ਦੀ ਦਾਲ ਹੁਣ ਨਹੀਂ ਗਲਣੀ। ਅਰੋੜਾ ਨੇ ਕਿਹਾ ਕਿ ਸਿਰਫ਼ ਕੈਪਟਨ ਨੂੰ ਰਾਜਨੀਤਕ ਸਾਮਗਮ ਕਰਨ ਦੀ ਇਜ਼ਾਜਤ ਦੇਣਾ ਦੂਜੀਆਂ ਪਾਰਟੀਆਂ ਨਾਲ ਬੇਇਨਸਾਫ਼ੀ ਹੈ। ਇਸ ਦਾ ਸਿੱਧਾ ਲਾਭ ਕੇਂਦਰ ਦੀ ਮੋਦੀ ਸਰਕਾਰ ਨੂੰ ਹੋਵੇਗਾ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੀ ਆਈ ਹੈ ਅਤੇ ਭਵਿੱਖ ਵਿਚ ਵੀ ਪਾਰਟੀ ਦੇ ਆਗੂ ਅਤੇ ਸਮਰਥਕ ਕਿਸਾਨਾਂ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਇਹ ਲੜਾਈ ਕਿਸਾਨਾਂ ਦੀ ਹੀ ਨਹੀਂ ਬਲਕਿ ਸਾਰੇ ਵਰਗਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜੇ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਕਿਸਾਨਾਂ ਦੇ ਧਰਨਿਆਂ ਨਾਲ ਸੂਬੇ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ ਤਾਂ ਕੈਪਟਨ ਦੱਸਣ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕਾਲੇ ਕਾਨੂੰਨ ਵਾਪਿਸ ਲੈਣ ਲਈ ਹੁਣ ਤੱਕ ਕਿਹੜਾ ਦਬਾਅ ਬਣਾਇਆ ਹੈ। ਇਹ ਵੀ ਦੱਸਣ ਕਿ ਇਨ੍ਹਾਂ ਧਰਨਿਆਂ ਤੋਂ ਪਹਿਲਾਂ ਪੰਜਾਬ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਲਈ ਕੈਪਟਨ ਨੇ ਕਿਹੜੇ ਕਦਮ ਚੁੱਕੇ ਹਨ? ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਧਰਨਾਂ ਅਤੇ ਪ੍ਰਦਰਸ਼ਨਾਂ ਤੋਂ ਪਹਿਲਾਂ ਪ੍ਰਦੇਸ਼ ਦੇ ਵਪਾਰ ਅਤੇ ਉਸਨੂੰ ਆਰਥਿਕ ਰੂਪ ਵਲੋਂ ਮਜ਼ਬੂਤ ਬਣਾਉਣ ਲਈ ਉਨ੍ਹਾਂ ਨੇ ਕੀ ਕੀਤਾ ਹੈ ? ‘ਆਪ’ ਨੇਤਾ ਨੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਤੋਂ ਇਲਾਵਾ ਅਧਿਆਪਕ, ਡਾਕਟਰ, ਆਂਗਨਵਾੜੀ ਵਰਕਰ, ਰੋਡਵੇਜ਼ ਕਰਮਚਾਰੀ ਸਮੇਤ ਅਨੇਕ ਵਰਗ ਧਰਨੇ ’ਤੇ ਬੈਠੇ ਹਨ। ਕੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਨੂੰ ਵੀ ਦਿੱਲੀ ਜਾਂ ਹਰਿਆਣਾ ਭੇਜਣਾ ਚਾਹੁੰਦੇ ਹਨ ?
ਇਹ ਵੀ ਪੜ੍ਹੋ : ਪਾਣੀ ਦਾ ਪੱਧਰ ਉੱਚਾ ਚੁੱਕਣ ਸਬੰਧੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਨੇ ਰਿਪੋਰਟ ਸਪੀਕਰ ਨੂੰ ਸੌਂਪੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਉਮਰਾਨੰਗਲ ਨੂੰ ਉਚਿਤ ਸੁਰੱਖਿਆ ਉਪਲੱਬਧ ਕਰਵਾਉਣ ਲਈ ਕੇਂਦਰ ਨੇ ਭੇਜਿਆ ਪੰਜਾਬ ਨੂੰ ਪੱਤਰ
NEXT STORY