ਚੰਡੀਗੜ੍ਹ (ਰਾਏ) - ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ 3 ਫਰਵਰੀ ਨੂੰ ਸੰਸਦ ਵਿਚ ਪੇਸ਼ ਹੋਣ ਵਾਲੇ ਮੋਦੀ ਸਰਕਾਰ ਦੇ 5ਵੇਂ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਦੇ ਪਹਿਲੇ ਬਜਟ ਬਾਰੇ ਕਿਹਾ ਹੈ ਕਿ ਲੋਕਾਂ ਨੂੰ ਇਸ ਬਜਟ ਤੋਂ ਕਾਫੀ ਉਮੀਦਾਂ ਹਨ ਪਰ ਵੇਖਣਾ ਇਹ ਹੈ ਕਿ ਉਹ ਇਸ 'ਤੇ ਖਰੇ ਉਤਰਦੇ ਹਨ ਜਾਂ ਨਹੀਂ। ਕੇਂਦਰੀ ਬਜਟ 'ਤੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਕੋਲ ਜੋ ਰੈਵੀਨਿਊ ਹੈ, ਉਸਦੀ ਵਰਤੋਂ ਉਹ ਕਿਵੇਂ ਕਰਦੇ ਹਨ ਤੇ ਉਸਦੀ ਦੇਸ਼ ਲਈ ਜੋ ਜਰੂਰਤ ਹੈ, ਕੀ ਉਸਨੂੰ ਪੂਰਾ ਕੀਤਾ ਜਾ ਸਕਦਾ ਹੈ। ਬਾਂਸਲ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਜੋ ਜੀ. ਐੱਸ. ਟੀ. ਤਿਆਰ ਕੀਤਾ ਗਿਆ ਸੀ, ਉਸਦਾ ਮੋਦੀ ਸਰਕਾਰ ਨੇ ਪੂਰਾ ਢਾਂਚਾ ਹੀ ਬਦਲ ਦਿੱਤਾ ਹੈ, ਜੋ ਉਸ ਦੇ ਸਲੈਬਜ਼ ਬਣਾਏ ਗਏ ਹਨ। ਉਹ ਲੋਕਾਂ ਦੀਆਂ ਜ਼ਰੂਰਤਾਂ ਤੇ ਉਮੀਦਾਂ ਦੇ ਉਲਟ ਹਨ ਤੇ ਉਨ੍ਹਾਂ ਨੇ ਉਸ ਸਮੇਂ ਕਿਹਾ ਸੀ ਕਿ ਇਹ ਜੀ. ਐੱਸ. ਟੀ. ਰੈਵੀਨਿਊ ਨਿਊਟਰਲ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਭੈੜਾ ਅਸਰ ਸੂਰਤ ਵਿਚ ਦੇਖਣ ਨੂੰ ਮਿਲਿਆ ਸੀ, ਜਦੋਂ ਉਥੋਂ ਵਪਾਰੀਆਂ ਨੇ ਹਿੰਦੁਸਤਾਨ ਦਾ ਹੁਣ ਤਕ ਦਾ ਸਭ ਤੋਂ ਵੱਡਾ ਜਲੂਸ ਇਸਦੇ ਵਿਰੋਧ ਵਿਚ ਕੱਢਿਆ ਸੀ। ਉਨ੍ਹਾਂ ਕਿਹਾ ਕਿ ਬਜਟ ਵਿਚ ਸਿੱਖਿਆ ਤੇ ਸਿਹਤ ਲਈ ਇਹ ਸਰਕਾਰ ਕਿੰਨਾ ਪੈਸਾ ਰੱਖਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ 2013-14 ਵਿਚ ਜੋ ਸਿੱਖਿਆ 'ਤੇ ਪੈਸਾ ਲੱਗਾ ਸੀ, ਪਿਛਲੇ ਬਜਟ ਵਿਚ ਉਹ ਵਧਣ ਦੀ ਥਾਂ ਘੱਟ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਜੋ ਦਾਅਵੇ ਕਰ ਰਹੀ ਹੈ, ਕੰਮ ਉਸਦੇ ਉਲਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਿਹਤ ਸੋਸ਼ਲ ਸੈਕਟਰ ਦੇ ਅਜਿਹੇ ਮਹੱਤਵਪੂਰਨ ਖੇਤਰ ਹਨ, ਜਿਨ੍ਹਾਂ ਲਈ ਸਰਕਾਰ ਦੀ ਕਾਰਗੁਜ਼ਾਰੀ ਤੇ ਪੈਸਾ ਵੇਖਿਆ ਜਾਵੇਗਾ ਕਿ ਕਿੰਨਾ ਪੈਸਾ ਰੱਖਿਆ ਜਾਂਦਾ ਹੈ। ਇਕ ਸਵਾਲ ਦੇ ਜਵਾਬ ਵਿਚ ਬਾਂਸਲ ਨੇ ਕਿਹਾ ਕਿ ਮੋਦੀ ਸਰਕਾਰ ਜੀ. ਡੀ. ਪੀ. ਵਾਧੇ ਦੀ ਗੱਲ ਕਰਦੀ ਹੈ, ਜੀ. ਡੀ. ਪੀ. ਵਾਧਾ ਆਪਣੇ ਆਪ 'ਚ ਕੁਝ ਨਹੀਂ ਹੈ। ਚੰਗਾ ਹੁੰਦਾ ਕਿ ਉਹ ਲੋਕਾਂ ਨੂੰ ਨੌਕਰੀਆਂ ਤੇ ਰੋਜ਼ਗਾਰ ਮੁਹੱਈਆ ਕਰਵਾਉਂਦੇ, ਜੋ ਕਿ ਨਹੀਂ ਹੋਇਆ।
ਸਾਰਿਆਂ ਲਈ ਮਕਾਨ ਦੀ ਯੋਜਨਾ ਕਿਥੇ ਗਈ
ਲੋਕਾਂ ਨੂੰ ਮਕਾਨ ਦੇਣ ਦਾ ਜ਼ਿਕਰ ਕਰਦਿਆਂ ਬਾਂਸਲ ਨੇ ਕਿਹਾ ਕਿ ਆਰਥਿਕ ਸਰਵੇ ਰਿਪੋਰਟ ਵਿਚ ਪਾਇਆ ਗਿਆ ਕਿ ਪਿਛਲੇ ਸਾਲ ਇਕ ਲੱਖ ਇਕ ਹਜ਼ਾਰ ਨਵੇਂ ਮਕਾਨ ਵਿਕੇ। ਇਹ ਇੰਨੇ ਸਾਲਾਂ ਵਿਚ ਸਭ ਤੋਂ ਘੱਟ ਹੋਇਆ ਹੈ, ਜਦੋਂਕਿ ਦੂਜੇ ਪਾਸੇ ਸਰਕਾਰ ਸਾਰਿਆਂ ਲਈ ਘਰ ਮੁਹੱਈਆ ਕਰਵਾਉਣ ਦੀ ਗੱਲ ਕਰਦੀ ਹੈ।ਚੰਡੀਗੜ੍ਹ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਨਿਗਮ ਚੋਣਾਂ ਦੌਰਾਨ ਭਾਜਪਾ ਨੇ ਸ਼ਹਿਰ ਵਿਚ ਸਰਵੇ ਕਰਵਾ ਦਿੱਤਾ, ਜਿਸ 'ਤੇ ਡੇਢ ਲੱਖ ਲੋਕਾਂ ਨੇ 10-10 ਰੁਪਏ ਦੇ ਕੇ ਫਾਰਮ ਭਰ ਦਿੱਤੇ। ਉਸ ਸਮੇਂ ਲੋਕਾਂ ਨੂੰ ਲੱਗਾ ਕਿ ਸਾਰਿਆਂ ਨੂੰ ਮਕਾਨ ਮਿਲਣਗੇ ਪਰ ਫਿਰ ਕਿਹਾ ਗਿਆ ਕਿ 23 ਹਜ਼ਾਰ ਮਕਾਨ ਦਿੱਤੇ ਜਾਣਗੇ। ਉਸ ਤੋਂ ਬਾਅਦ ਫਿਰ ਕਿਹਾ ਕਿ 23 ਹਜ਼ਾਰ ਨਹੀਂ, ਸਗੋਂ 350 ਮਕਾਨ ਦਿੱਤੇ ਜਾਣਗੇ ਤੇ ਉਸ ਵਿਚ ਵੀ ਉਨ੍ਹਾਂ ਨੇ ਇਹ ਕਿਹਾ ਕਿ ਜੋ ਪਹਿਲਾਂ ਤੋਂ ਮਕਾਨ ਬਣ ਰਹੇ ਹਨ, ਉਨ੍ਹਾਂ ਵਿਚੋਂ ਇਹ ਮਕਾਨ ਦਿੱਤੇ ਜਾਣਗੇ।
ਬੁਲੇਟ ਟਰੇਨ ਸਬੰਧੀ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹੈ
ਬਾਂਸਲ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਕੀਮ ਤਹਿਤ ਹੀ ਇਥੇ ਮਕਾਨ ਬਣਾਏ ਗਏ ਸਨ, ਜਿਸ ਵਿਚ ਉਨ੍ਹਾਂ ਨੇ ਆਪ ਚੰਡੀਗੜ੍ਹ ਆ ਕੇ 8000 ਮਕਾਨ ਲੋਕਾਂ ਨੂੰ ਅਲਾਟ ਕੀਤੇ ਸਨ। ਬਾਂਸਲ ਨੇ ਜਾਣਨਾ ਚਾਹਿਆ ਕਿ ਸਾਰਿਆਂ ਲਈ ਮਕਾਨ ਦੀ ਯੋਜਨਾ ਕਿਥੇ ਗਈ। ਬਾਂਸਲ ਨੇ ਕਿਹਾ ਕਿ ਭਾਜਪਾ ਦਾ ਪਬਲੀਸਿਟੀ ਸਟੰਟ ਬਹੁਤ ਵਧੀਆ ਹੈ, ਉਹ ਲੋਕ ਕਾਂਗਰਸ ਦੇ ਸਮੇਂ ਦੀਆਂ ਯੋਜਨਾਵਾਂ ਨੂੰ ਆਪਣਾ ਨਾਂ ਦੇ ਰਹੇ ਹਨ। ਅਗਲੇ ਬਜਟ ਤੋਂ ਹੁਣ ਲੋਕਾਂ ਨੂੰ ਇਹ ਉਮੀਦਾਂ ਹੋਣਗੀਆਂ ਕਿ ਬਜਟ ਵਿਚ ਉਨ੍ਹਾਂ ਲਈ ਕੀ ਮਿਲ ਰਿਹਾ ਹੈ ਤੇ ਦੇਸ਼ ਦੇ ਭਵਿੱਖ ਲਈ ਕੀ ਯੋਜਨਾਵਾਂ ਹਨ। ਬਾਂਸਲ ਨੇ ਕਿਹਾ ਕਿ ਭਾਜਪਾ ਨੇ 4 ਸਾਲ ਪਹਿਲਾਂ ਵੀ ਲੋਕਾਂ ਨੂੰ ਲੁਭਾਉਣ ਲਈ 15-15 ਲੱਖ ਰੁਪਏ ਉਨ੍ਹਾਂ ਦੇ ਖਾਤਿਆਂ ਵਿਚ ਦੇਣ ਦੀ ਗੱਲ ਆਖੀ ਸੀ। ਬੁਲੇਟ ਟਰੇਨ ਦੇ ਸਵਾਲ 'ਤੇ ਬਾਂਸਲ ਨੇ ਕਿਹਾ ਕਿ ਉਹ ਬੁਲੇਟ ਟਰੇਨ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਜਿੰਨਾ ਪੈਸਾ ਇਹ ਬੁਲੇਟ ਟਰੇਨ 'ਤੇ ਖਰਚ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਜਾਪਾਨ ਸਾਨੂੰ ਉਂਝ ਹੀ ਪੈਸੇ ਦੇ ਰਿਹਾ ਹੈ ਤਾਂ ਇਹ ਗਲਤ ਹੈ, ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ 'ਮੇਕ ਇਨ ਇੰਡੀਆ' ਦੀ ਗੱਲ ਕਰਦੀ ਹੈ, ਜਦੋਂਕਿ ਉਸ ਟਰੇਨ ਦਾ 80 ਫੀਸਦੀ ਸਾਮਾਨ ਜਾਪਾਨ ਤੋਂ ਆਏਗਾ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਤੋਂ ਮੁੰਬਈ ਲਈ ਬੁਲੇਟ ਟਰੇਨ ਚਲਾਉਣਾ ਕੋਈ ਵੱਡੀ ਗੱਲ ਨਹੀਂ ਹੈ, ਓਨਾ ਹੀ ਪੈਸਾ ਜੇਕਰ ਬਾਕੀ ਰੇਲਵੇ ਸਹੂਲਤਾਂ ਨੂੰ ਸੁਧਾਰਨ ਲਈ ਲਗਦਾ ਤਾਂ ਬਿਹਤਰ ਹੁੰਦਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਮਾਈ ਕਰਨ ਲਈ ਜਿੰਨਾ ਪੈਸਾ ਖਰਚ ਕੀਤਾ, ਓਨਾ ਉਨ੍ਹਾਂ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੁਰਾਣੇ ਟਰੈਕਾਂ ਨੂੰ ਬਦਲਣ ਦੀ ਜ਼ਰੂਰਤ ਹੈ, ਉਨ੍ਹਾਂ ਟਰੇਨਾਂ ਦਾ ਇਲੈਕਟ੍ਰੀਫਿਕੇਸ਼ਨ ਕੀਤੇ ਜਾਣ 'ਤੇ ਜ਼ੋਰ ਦਿੱਤਾ ਤੇ ਕਿਹਾ ਕਿ ਉਹ ਇਸ ਗੱਲ ਤੋਂ ਖੁਸ਼ ਹਨ ਕਿ ਨਵੇਂ ਰੇਲ ਮੰਤਰੀ ਪਿਊਸ਼ ਗੋਇਲ ਨੇ ਵੀ ਇਲੈਕਟ੍ਰੀਫਿਕੇਸ਼ਨ 'ਤੇ ਜ਼ੋਰ ਦਿੱਤਾ ਹੈ ਪਰ ਅਜੇ ਨਤੀਜਾ ਸਾਹਮਣੇ ਆਉਣਾ ਬਾਕੀ ਹੈ। ਬੁਲੇਟ ਟਰੇਨ ਸਬੰਧੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਆਈਡੀਆ ਇਨ੍ਹਾਂ ਦਾ ਨਹੀਂ, ਸਗੋਂ ਡਾ. ਮਨਮੋਹਨ ਸਿੰਘ ਦਾ ਹੈ, ਜਿਨ੍ਹਾਂ ਨੇ ਇਸ ਬਾਰੇ ਫਰਾਂਸ ਤੇ ਜਾਪਾਨ ਨਾਲ ਪਹਿਲਾਂ ਹੀ ਗੱਲ ਕੀਤੀ ਹੋਈ ਸੀ। ਬਾਂਸਲ ਨੇ ਕਿਹਾ ਕਿ ਇਹ ਸਰਕਾਰ ਦੋਸ਼ ਲਾਉਂਦੀ ਹੈ ਕਿ ਅਸੀਂ ਸੰਸਦ ਨਹੀਂ ਚੱਲਣ ਦਿੰਦੇ, ਜੋ ਗਲਤ ਹੈ। ਯੂ. ਪੀ. ਏ. ਸਰਕਾਰ ਸਮੇਂ ਸੰਸਦ ਵਿਚ ਇਹ ਲੋਕ ਜ਼ਿਆਦਾ ਰੁਕਾਵਟਾਂ ਪੈਦਾ ਕਰਦੇ ਸਨ।
ਪੁਲਸ ਕਰਮਚਾਰੀ ਦੇ ਬੇਟੇ ਸਮੇਤ 3 ਨੌਜਵਾਨ ਸਮੈਕ ਸਣੇ ਕਾਬੂ
NEXT STORY