ਜਲੰਧਰ (ਰਵਿੰਦਰ ਸ਼ਰਮਾ) — 10 ਸਾਲ ਬਾਅਦ ਸੱਤਾ 'ਚ ਵਾਪਸ ਆਈ ਕਾਂਗਰਸ ਦੇ ਵਿਧਾਇਕਾਂ ਲਈ ਸਭ ਕੁਝ ਚੰਗਾ ਨਹੀਂ ਚਲ ਰਿਹਾ ਹੈ। ਇਕ ਪਾਸੇ ਜਿਥੇ ਉਨ੍ਹਾਂ ਕੋਲ ਵਿਕਾਸ ਦੇ ਕੰਮ ਕਰਵਾਉਣ ਦੇ ਕੋਈ ਅਧਿਕਾਰ ਨਹੀਂ ਹਨ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਫੰਡ ਮਿਲ ਰਿਹਾ ਹੈ, ਉਥੇ ਹੀ ਅਫਸਰਸ਼ਾਹੀ ਦੇ ਲਗਾਤਾਰ ਉਨ੍ਹਾਂ 'ਤੇ ਹਾਵੀ ਹੋਣ ਨਾਲ ਉਨ੍ਹਾਂ ਦੀ ਜਨਤਾ ਵਿਚਾਲੇ ਲਗਾਤਾਰ ਕਿਰਕਿਰੀ ਹੋ ਰਹੀ ਹੈ। ਅਸਲ 'ਚ ਅਫਸਰਸ਼ਾਹੀ 'ਤੇ ਅਜੇ ਵੀ ਅਕਾਲੀ ਦਲ ਦਾ ਦਬਾਅ ਜ਼ਿਆਦਾ ਤੇ ਕਾਂਗਰਸ ਦਾ ਘੱਟ ਦਿਖਾਈ ਦੇ ਰਿਹਾ ਹੈ।
ਨਵਾਂ ਕਿੱਸਾ ਬਾਘਾਪੁਰਾਣਾ ਤੋਂ ਤੀਜੀ ਵਾਰ ਵਿਧਾਇਕ ਬਣੇ ਤੇ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਬਰਾੜ ਦੇ ਨਾਲ ਹੋਇਆ ਹੈ। ਵਿਧਾਇਕ ਬਰਾੜ ਦੀ ਮੰਨੀਏ ਤਾਂ ਡੀ. ਸੀ. ਨੇ ਉਨ੍ਹਾਂ ਨੂੰ ਸਾਫ ਸ਼ਬਦਾਂ 'ਚ ਕਿਹਾ ਕਿ 'ਤੁਹਾਡੇ ਵਰਗੇ ਐੱਮ. ਐੱਲ. ਏ. ਬਹੁਤ ਦੇਖੇ।' ਆਪਣੀ ਇਸ ਜ਼ਲਾਲਤ ਦੀ ਸ਼ਿਕਾਇਤ ਵਿਧਾਇਕ ਬਰਾੜ ਨੇ ਵਿਧਾਨ ਸਭਾ ਸਪੀਕਰ ਨੂੰ ਕਰ ਦਿੱਤੀ ਹੈ, ਜਿਨ੍ਹਾਂ ਨੇ ਮਾਮਲਾ ਵਿਧਾਨ ਸਭਾ ਕਮੇਟੀ ਨੂੰ ਸੌਂਪ ਦਿੱਤਾ ਹੈ। ਕਾਂਗਰਸ ਦੇ ਰਾਜ 'ਚ ਅਫਸਰਸ਼ਾਹੀ ਇਸ ਕਦਰ ਹਾਵੀ ਹੈ ਕਿ ਕਿਸੇ ਵੀ ਜ਼ਿਲੇ ਦੇ ਵਿਧਾਇਕਾਂ ਦਾ ਕੰਮ ਨਹੀਂ ਹੋ ਪਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਰਕਰਾਂ ਦੀ ਗੱਲ ਤਾਂ ਦੂਰ ਵਿਧਾਇਕਾਂ ਦੀ ਵੀ ਅਫਸਰਸ਼ਾਹੀ ਨੂੰ ਕੋਈ ਪਰਵਾਹ ਨਹੀਂ ਹੈ। ਆਪਣੀ ਹੀ ਸਰਕਾਰ 'ਚ ਅਜਿਹੀ ਬੇਇਜ਼ਤੀ ਸਹਿਣ ਕਰਨ ਵਾਲੇ ਵਿਧਾਇਕਾਂ 'ਚ ਅੰਦਰ ਹੀ ਅੰਦਰ ਗੁੱਸਾ ਵੱਧ ਰਿਹਾ ਹੈ। ਸਾਬਕਾ ਮੰਤਰੀ ਤੇ ਤੀਜੀ ਵਾਰ ਵਿਧਾਇਕ ਬਣੇ ਬਰਾੜ ਨੂੰ ਮੋਗਾ ਦੇ ਡੀ. ਸੀ. ਨੇ ਚੰਗੀ ਖਰ੍ਹੀ-ਖੋਟੀ ਸੁਣਾ ਦਿੱਤੀ।
ਕੀ ਹੈ ਮਾਮਲਾ
ਵਿਧਾਇਕ ਬਰਾੜ ਕਿਸੇ ਕੰਮ ਨਾਲ 16 ਅਗਸਤ ਨੂੰ ਡੀ. ਸੀ. ਮੋਗਾ ਦਿਲਰਾਜ ਸਿੰਘ ਨੂੰ ਮਿਲਣ ਗਏ ਸਨ। ਉਨ੍ਹਾਂ ਦੇ ਨਾਲ ਕਾਂਗਰਸ ਦੇ 2 ਬਲਾਕ ਪ੍ਰਧਾਨ ਵੀ ਸਨ। ਵਿਧਾਇਕ ਦਾ ਦੋਸ਼ ਹੈ ਕਿ ਪਹਿਲਾਂ ਤਾਂ ਡੀ. ਸੀ. ਨੇ ਉਨ੍ਹਾਂ ਨੂੰ ਅੱਧਾ ਘੰਟਾ ਵੇਟਿੰਗ ਰੂਮ 'ਚ ਬਿਠਾਈ ਰੱਖਿਆ ਤੇ ਜਦ ਡੀ. ਸੀ ਨੇ ਕਮਰੇ 'ਚ ਬੁਲਾਇਆ ਤਾਂ ਵਿਧਾਇਕ ਨੂੰ ਬੈਠਣ ਲਈ ਕੁਰਸੀ ਤਕ ਦੀ ਪੇਸ਼ਕਸ਼ ਨਹੀਂ ਕੀਤੀ। ਬਰਾੜ ਦੇ ਮੁਤਾਬਕ ਜਦ ਉਨ੍ਹਾਂ ਨੇ ਡੀ. ਸੀ. ਦੇ ਇਸ ਵਤੀਰੇ 'ਤੇ ਇਤਰਾਜ਼ ਜਤਾਇਆ ਤਾਂ ਡੀ. ਸੀ. ਨੇ ਕਿਹਾ 'ਤੁਹਾਡੇ ਵਰਗੇ ਬੜੇ ਐੱਮ. ਐੱਲ. ਏ. ਦੇਖੇ ਨੇ।' ਵਿਧਾਇਕ ਇਹ ਗੱਲ ਸੁਣ ਕੇ ਅੱਗ ਬਬੂਲਾ ਹੋ ਗਏ ਪਰ ਅਫਸਰਸ਼ਾਹੀ ਦੇ ਲਗਾਤਾਰ ਹਾਵੀ ਹੋਣ ਦੇ ਕਾਰਨ ਉਹ ਕੌੜਾ ਘੁੱਟ ਪੀ ਕੇ ਰਹਿ ਗਏ। ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਨ ਦੀ ਬਜਾਇ ਸਿੱਧਾ ਵਿਧਾਨ ਸਭਾ ਦੇ ਸਪੀਕਰ ਨੂੰ ਕੀਤੀ। ਸਪੀਕਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਮਲਾ ਵਿਧਾਨ ਸਭਾ ਕਮੇਟੀ ਨੂੰ ਸੌਂਪ ਦਿੱਤਾ ਹੈ।
ਵਿਧਾਨ ਸਭਾ ਕਮੇਟੀ ਨੇ ਨਿਯਮਾਂ ਮੁਤਾਬਕ ਸ਼ਿਕਾਇਤਕਰਤਾ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਪੱਖ ਜਾਨਣ ਲਈ ਮੰਗਲਵਾਰ ਨੂੰ ਉਨ੍ਹਾਂ ਨੇ ਚੰਡੀਗੜ੍ਹ ਬੁਲਾਇਆ ਸੀ। ਉਥੇ ਵਿਧਾਨ ਸਭਾ ਕਮੇਟੀ ਦੇ ਸਾਹਮਣੇ ਵਿਧਾਇਕ ਨੇ ਆਪਣੇ ਬਿਆਨ ਦਰਜ ਕਰਵਾਏ। ਇਕ ਪੇਜ ਦੇ ਆਪਣੇ ਪੰਜਾਬੀ 'ਚ ਦਿੱਤੇ ਬਿਆਨਾਂ ਨੂੰ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਵਿਧਾਨ ਸਭਾ ਕਮੇਟੀ ਦੇ ਕੋਲ ਵੀ ਦੁਹਰਾਇਆ। ਹਾਲਾਂਕਿ ਮੰਗਲਵਾਰ ਨੂੰ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਮੌਜੂਦ ਨਹੀਂ ਸਨ, ਜਿਸ ਦੇ ਕਾਰਨ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਮੁੜ ਹਾਜ਼ਰ ਹੋਣਾ ਪੈ ਸਕਦਾ ਹੈ। ਉਥੇ ਹੀ ਇਸ ਸੰਬੰਧ 'ਚ ਜਦ ਪੰਜਾਬ ਕੇਸਰੀ ਨੇ ਡੀ. ਸੀ. ਮੋਗਾ ਦਿਲਰਾਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਵਿਧਾਇਕ ਦੇ ਨਾਲ ਅਜਿਹੀ ਕੋਈ ਗੱਲਬਾਤ ਨਹੀਂ ਹੋਈ ਹੈ।
ਅਮੋਨੀਆ ਗੈਸ ਨਾਲ ਭਰਿਆ ਟੈਂਕਰ ਹਾਈਵੇਅ 'ਤੇ ਪਲਟਿਆ, 5 ਘੰਟੇ ਲੱਗਾ ਰਿਹਾ ਭਾਰੀ ਜਾਮ
NEXT STORY