ਜਲੰਧਰ (ਨਰੇਸ਼ ਕੁਮਾਰ) - ਪੰਜਾਬ 'ਚ ਕੈਬਨਿਟ ਦੇ ਵਾਧੇ ਪਿੱਛੋਂ ਇਕ ਗੱਲ ਸਾਫ ਹੋ ਗਈ ਹੈ ਕਿ ਸਿਆਸੀ ਪੱਖੋਂ ਕਾਂਗਰਸ ਹਿੰਦੂ ਏਜੰਡੇ 'ਤੇ ਚੱਲ ਰਹੀ ਹੈ। ਸੂਬੇ ਵਿਚ ਕਾਂਗਰਸ ਦੇ ਮੁਖੀ ਸੁਨੀਲ ਜਾਖੜ ਹਿੰਦੂ ਹਨ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵੀ ਹਿੰਦੂ ਹਨ। ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਗਏ 18 ਮੰਤਰੀਆਂ ਵਿਚੋਂ 5 ਹਿੰਦੂ ਹਨ। ਅਫਸਰਸ਼ਾਹੀ ਵਿਚ ਪੁਲਸ ਦੇ ਸੀਨੀਅਰ ਅਧਿਕਾਰੀਆਂ ਤੋਂ ਲੈ ਕੇ ਵੱਖ-ਵੱਖ ਵਿਭਾਗਾਂ ਦੇ ਸਕੱਤਰ ਅਤੇ ਅੰਡਰ ਸੈਕਟਰੀ ਵੀ ਹਿੰਦੂ ਲਾਏ ਗਏ ਹਨ। ਕੈਪਟਨ ਦੀ ਪੂਰੀ ਸਰਕਾਰ ਹਿੰਦੂ ਏਜੰਡੇ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਇਸ ਰਣਨੀਤੀ ਤੋਂ ਲੱਗ ਰਿਹਾ ਹੈ ਕਿ ਕਾਂਗਰਸ ਪੰਜਾਬ ਵਿਚ ਭਾਜਪਾ ਦਾ ਬਦਲ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਦਾ ਮਾਡਲ ਬਣਾ ਕੇ 2019 ਦੀਆਂ ਚੋਣਾਂ ਵਿਚ ਕੇਂਦਰ ਵਿਚ ਵੀ ਭਾਜਪਾ ਨੂੰ ਉਸੇ ਦੇ ਹਥਿਆਰ ਨਾਲ ਟੱਕਰ ਦੇਣ ਦੀ ਤਿਆਰੀ ਚੱਲ ਰਹੀ ਹੈ।
ਭਾਜਪਾ ਦੀਆਂ ਸੀਟਾਂ 'ਤੇ ਜਿੱਤੀ ਕਾਂਗਰਸ
ਪੰਜਾਬ 'ਚ ਭਾਰਤੀ ਜਨਤਾ ਪਾਰਟੀ 23 ਸੀਟਾਂ 'ਤੇ ਵਿਧਾਨ ਸਭਾ ਦੀਆਂ ਚੋਣਾਂ ਲੜਦੀ ਹੈ। ਇਨ੍ਹਾਂ ਵਿਚੋਂ 5 ਸੀਟਾਂ ਰਿਜ਼ਰਵ ਹਨ ਜਦੋਂ ਕਿ 18 ਜਨਰਲ ਸੀਟਾਂ 'ਤੇ ਪਾਰਟੀ ਦੇ ਉਮੀਦਵਾਰ ਉਤਾਰੇ ਜਾਂਦੇ ਹਨ। ਇਨ੍ਹਾਂ ਸਭ ਸੀਟਾਂ 'ਤੇ ਭਾਜਪਾ ਦਾ ਸਿੱਧਾ ਮੁਕਾਬਲਾ ਕਾਂਗਰਸ ਨਾਲ ਹੁੰਦਾ ਹੈ। ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਇਨ੍ਹਾਂ ਵਿਚੋਂ 20 ਸੀਟਾਂ 'ਤੇ ਜਿੱਤ ਗਈ ਸੀ। ਭਾਜਪਾ ਦੇ ਹਿੱਸੇ ਵਿਚ ਸਿਰਫ 3 ਸੀਟਾਂ ਆਈਆਂ ਹਨ। ਮਤਲਬ ਸਪੱਸ਼ਟ ਹੈ ਕਿ ਜਿਸ ਹਿੰਦੂ ਵੋਟ ਦੇ ਦਮ 'ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਸਿਆਸਤ ਕਰਦੀ ਹੈ ਉਸ ਹਿੰਦੂ ਵੋਟ 'ਤੇ ਕਾਂਗਰਸ ਨੇ ਕਬਜ਼ਾ ਕਰ ਲਿਆ। ਰਾਜਪੁਰਾ ਤੋਂ ਲੈ ਕੇ ਅੰਮ੍ਰਿਤਸਰ ਤਕ ਪੂਰੀ ਜੀ. ਟੀ. ਰੋਡ ਬੈਲਟ 'ਤੇ (ਫਗਵਾੜਾ ਨੂੰ ਛੱਡ ਕੇ) ਕਾਂਗਰਸ ਦੇ ਉਮੀਦਵਾਰ ਜਿੱਤੇ। ਸ਼ਾਇਦ ਇਹੀ ਕਾਰਨ ਹੈ ਕਿ ਮੰਤਰੀ ਮੰਡਲ ਵਿਚ ਵਾਧੇ ਦੌਰਾਨ ਹਿੰਦੂ ਚਿਹਰਿਆਂ ਦਾ ਖਾਸ ਧਿਆਨ ਰੱਖਿਆ ਗਿਆ।
ਭਾਜਪਾ ਦੀਆਂ ਇਨ੍ਹਾਂ ਸੀਟਾਂ 'ਤੇ ਜਿੱਤੀ ਕਾਂਗਰਸ
1. ਭੋਆ 2. ਪਠਾਨਕੋਟ 3. ਦੀਨਾਨਗਰ 4. ਅੰਮ੍ਰਿਤਸਰ ਵੈਸਟ 5. ਅੰਮ੍ਰਿਤਸਰ ਨਾਰਥ 6. ਅੰਮ੍ਰਿਤਸਰ ਸੈਂਟਰਲ 7. ਅੰਮ੍ਰਿਤਸਰ ਈਸਟ 8. ਜਲੰਧਰ ਵੈਸਟ 9. ਜਲੰਧਰ ਸੈਂਟਰਲ 10. ਜਲੰਧਰ ਨਾਰਥ 11. ਮੁਕੇਰੀਆਂ 12. ਦਸੂਹਾ 13. ਹੁਸ਼ਿਆਰਪੁਰ 14. ਸ੍ਰੀ ਅਨੰਦਪੁਰ ਸਾਹਿਬ 15. ਲੁਧਿਆਣਾ ਸੈਂਟਰਲ 16. ਲੁਧਿਧਾਣਾ ਵੈਸਟ 17. ਲੁਧਿਆਣਾ ਨਾਰਥ 18 ਫਿਰੋਜ਼ਪੁਰ 19. ਫਾਜ਼ਿਲਕਾ 20. ਰਾਜਪੁਰਾ।
ਕਾਂਗਰਸ ਦੀ ਜਿੱਤ 'ਚ ਦਲਿਤਾਂ ਦਾ 21.56 ਫੀਸਦੀ ਯੋਗਦਾਨ, ਸੱਤਾ 'ਚ ਭਾਈਵਾਲੀ ਸਿਰਫ 4 ਫੀਸਦੀ
ਪੰਜਾਬ 'ਚ ਜਿਸ ਦਲਿਤ ਭਾਈਚਾਰੇ ਨੇ 2017 ਦੀਆਂ ਅਸੈਂਬਲੀ ਚੋਣਾਂ ਵਿਚ ਕਾਂਗਰਸ ਨੂੰ ਸਿਰ ਅੱਖਾਂ 'ਤੇ ਬਿਠਾਇਆ ਸੀ, ਉਸੇ ਨੂੰ ਸੱਤਾ ਵਿਚ ਭਾਈਵਾਲੀ ਦਿੰਦੇ ਸਮੇਂ ਕਾਂਗਰਸ ਨੇ ਮੂੰਹ ਫੇਰ ਲਿਆ। ਮੰਤਰੀ ਮੰਡਲ ਵਿਚ ਵਾਧੇ ਦੇ ਨਾਲ ਹੀ ਪੰਜਾਬ ਵਿਚ ਮੰਤਰੀ ਮੰਡਲ ਪੂਰਾ ਹੋ ਗਿਆ ਹੈ। ਮੰਤਰੀ ਮੰਡਲ ਦੇ 18 ਮੈਂਬਰਾਂ ਵਿਚੋਂ ਸਿਰਫ 3 ਮੰਤਰੀ ਹੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਹਨ। ਸੱਤਾ ਵਿਚ ਦਲਿਤ ਭਾਈਚਾਰੇ ਦੀ ਭਾਈਵਾਲੀ ਲਗਭਗ 4 ਫੀਸਦੀ ਬਣਦੀ ਹੈ।
ਹੁਣ ਜੇ ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਕਾਂਗਰਸ ਵਲੋਂ ਜਿੱਤੀਆਂ ਗਈਆਂ 77 ਅਸੈਂਬਲੀ ਸੀਟਾਂ ਵਿਚੋਂ 21 ਰਿਜ਼ਰਵ ਸੀਟਾਂ 'ਤੇ ਪਾਰਟੀ ਦੇ ਉਮੀਦਵਾਰ ਜਿੱਤੇ ਸਨ। ਭਾਵ ਕੁਲ 77 ਸੀਟਾਂ 'ਚੋਂ 21.56 ਫੀਸਦੀ ਸੀਟਾਂ ਪਾਰਟੀ ਨੂੰ ਰਿਜ਼ਰਵ ਸੀਟਾਂ ਵਿਚੋਂ ਮਿਲੀਆਂ ਹਨ ਪਰ ਸੱਤਾ ਵਿਚ ਭਾਈਵਾਲੀ ਸਿਰਫ 4 ਫੀਸਦੀ ਦਿੱਤੀ ਗਈ ਹੈ।
ਲਿਫਟਿੰਗ ਨਾ ਹੋਣ ਕਾਰਨ ਮੰਡੀਆਂ 'ਚ ਲੱਗੇ ਬੋਰੀਆਂ ਦੇ ਅੰਬਾਰ
NEXT STORY