ਦੋਰਾਹਾ (ਵਿਨਾਇਕ, ਸੁਖਵੀਰ)- ਦੀਵਾਲੀ 'ਤੇ ਕੀਤੇ ਪੁਲਸ ਸੁਰੱਖਿਆ ਪ੍ਰਬੰਧਾਂ ਨੂੰ ਠੇਗਾਂ ਦਿਖਾਉਂਦਿਆਂ ਪਿੰਡ ਦੀਪ ਨਗਰ (ਗੁਰਥਲੀ) ਵਿਖੇ ਦੇਰ ਰਾਤ ਅੱਧ ਦਰਜ਼ਨ ਦੇ ਕਰੀਬ ਲੋਕਾਂ ਦੇ ਘਰਾਂ ਦੇ ਮੇਨ ਗੇਟਾਂ ‘ਤੇ ਤੇਜ਼ਧਾਰ ਹੱਥਿਆਰਾਂ ਨਾਲ ਟੱਕ ਮਾਰਨ, ਵਾਹਨਾ ਦੀ ਭੰਨ ਤੋੜ ਕਰਨ ਅਤੇ ਮਾਰ ਦੇਣ ਦੀ ਨਿਯਤ ਨਾਲ ਫਾਇਰ ਕਰਨ ਦੇ ਦੋਸ਼ ਹੇਠ ਥਾਣਾ ਦੋਰਾਹਾ ਪੁਲਸ ਨੇ ਪਿੰਡ ਦੀਪ ਨਗਰ ਦੀ ਕਾਂਗਰਸੀ ਸਰਪੰਚ ਦੇ ਪਤੀ ਤੇ ਪੁੱਤਰਾਂ ਸਮੇਤ 8/10 ਹੋਰ ਅਣਪਛਾਤੇ ਲੋਕਾਂ ’ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਹੈ। ਜਦਕਿ ਮੁਲਜ਼ਮਾਂ ਦੀ ਗਿ੍ਰਫਤਾਰੀ ਹੋਣੀ ਅਜੇ ਬਾਕੀ ਹੈ। ਇਸ ਘਟਨਾ ਕਾਰਨ ਪਿੰਡ ਵਿੱਚ ਕਾਫੀ ਡਰ ਅਤੇ ਸਹਿਮ ਦਾ ਮਹੌਲ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਵਰਨਜੀਤ ਕੌਰ ਪਿੰਡ ਦੀਪ ਨਗਰ ਦੀ ਮੌਜੂਦਾ ਕਾਂਗਰਸੀ ਸਰਪੰਚ ਹੈ ਅਤੇ ਪਿੰਡ ਅੰਦਰ ਵਿਰੋਧੀ ਧਿਰ ਦੇ ਆਗੂਆਂ ਦੇ ਵੱਧ ਰਹੇ ਪ੍ਰਭਾਵ ਤੋਂ ਖਫਾ ਹੋਏ ਪਿੰਡ ਦੀ ਸਰਪੰਚ ਦੇ ਪਤੀ ਤੇ ਪੁੱਤਰਾਂ ਨੇ ਕਥਿਤ ਤੌਰ ‘ਤੇ ਆਪਣੇ ਵਿਰੋਧੀ ਪਰਿਵਾਰਾਂ ‘ਤੇ ਰਾਤ ਸਮੇਂ ਜਾਨਲੇਵਾ ਹਮਲਾ ਬੋਲ ਦਿੱਤਾ। ਇਸ ਹਮਲੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੋਈ ਜਖਮੀ ਹੋਇਆ ਹੈ।
ਥਾਣਾ ਦੋਰਾਹਾ ਪੁਲਸ ਇਸ ਘਟਨਾ ਸਬੰਧੀ ਅਮਰਜੀਤ ਸਿੰਘ ਨੰਬਰਦਾਰ ਪੁੱਤਰ ਲਾਭ ਸਿੰਘ ਵਾਸੀ ਪਿੰਡ ਦੀਪ ਨਗਰ ਥਾਣਾ ਦੋਰਾਹਾ ਦੇ ਬਿਆਨਾਂ ‘ਤੇ ਕਾਂਗਰਸੀ ਸਰਪੰਚ ਦੇ ਪਤੀ ਦਰਸ਼ਨ ਸਿੰਘ ਤੇ ਉਸਦੇ ਪੁੱਤਰਾਂ ਗੁਰਜੀਤ ਸਿੰਘ ਫੋਜੀ ਅਤੇ ਮਨਦੀਪ ਸਿੰਘ ਖਿਲਾਫ਼ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅੱਗ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰਜੀਤ ਸਿੰਘ ਨੰਬਰਦਾਰ ਨੇ ਪੁਲਸ ਪਾਸ ਲਿਖਵਾਏ ਆਪਣੇ ਬਿਆਨਾਂ ‘ਚ ਦੱਸਿਆ ਕਿ ਉਹ ਅੜੈਚਾ ਚੌਕ ਦੋਰਾਹਾ ਵਿਖੇ ਕਾਰ ਰਿਪੇਅਰ ਦੀ ਵਰਕਸਾਪ ਚਲਾਉਂਦਾ ਹੈ ਅਤੇ ਰੋਜਾਨਾਂ ਦੀ ਤਰਾਂ ਸ਼ਾਮ ਨੂੰ ਆਪਣੀ ਵਰਕਸਾਪ ਬੰਦ ਕਰਕੇ ਆਪਣੇ ਘਰ ਆ ਗਿਆ ਸੀ। 2-3 ਨਵੰਬਰ ਦੀ ਰਾਤ ਨੂੰ ਸਵਾ 12 ਵਜੇ ਕਰੀਬ ਮੇਰੇ ਘਰ ਦੇ ਮੇਨ ਗੇਟ ਦੇ ਅੱਗੇ ਮਾਰੂਤੀ ਜਿੰਨ ਕਾਰ ਨੰਬਰ ਪੀ.ਬੀ-11ਜੈੱਡ-0064 ਅਤੇ ਇੱਕ ਮੋਟਰ ਸਾਇਕਲ ਬੌਕਸਰ ਨੰਬਰ - ਪੀ.ਬੀ-55ਏ-3773 ਗਲੀ ਵਿੱਚ ਖੜੇ ਸਨ। ਇਸ ਦੋਰਾਨ ਮੁਲਜ਼ਮ ਗੁਰਜੀਤ ਸਿੰਘ ਫੌਜੀ, ਮਨਦੀਪ ਸਿੰਘ ਅਤੇ ਦਰਸਨ ਸਿੰਘ ਤਿੰਨੋਂ ਉੱਚੀ-ਉੱਚੀ ਉਸਦਾ ਨਾਮ ਲੈ ਕੇ ਗਾਲਾ ਕੱਢ ਰਹੇ ਸਨ। ਜਦੋਂ ਉਸਨੇ ਆਪਣੇ ਮਕਾਨ ਦੀ ਛੱਤ ‘ਤੇ ਚੜ ਕੇ ਦੇਖਿਆ ਤਾਂ ਉੱਕਤ ਵਿਅਕਤੀ ਅਤੇ ਉਨ੍ਹਾਂ ਦੇ ਸਾਥੀ 8/10 ਅਣਪਛਾਤੇ ਵਿਅਕਤੀ ਜਿੰਨਾ ਪਾਸ ਇੱਕ ਕਰੂਜ ਕਾਰ ਅਤੇ ਸਵਿੱਫਟ ਕਾਰ ਸੀ, ਉਸਦੇ ਵਾਹਨਾਂ ਦੀ ਭੰਨ ਤੋੜ ਕਰ ਰਹੇ ਸਨ ਅਤੇ ਉਸਦੇ ਮੇਨ ਗੇਟ ਦੇ ਦਰਵਾਜਿਆ ਨੂੰ ਵੀ ਕਿਰਪਾਨਾਂ ਅਤੇ ਦਾਰ ਨਾਲ ਟੱਕ ਮਾਰ ਰਹੇ ਸਨ। ਜਦੋਂ ਉਸਨੇ ਰੋਲਾ ਪਾਇਆ ਤਾਂ ਮੁਲਜ਼ਮਾਂ ਨੇ ਰਿਵਾਲਵਰ ਨਾਲ ਮਾਰ ਦੇਣ ਦੀ ਨਿਯਤ ਨਾਲ ਉਸ ਉਪਰ ਫਾਇਰ ਕੀਤੇ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸਦੇ ਗੁਆਂਢੀ ਨੈਬ ਸਿੰਘ ਪੁੱਤਰ ਰਾਮ ਸਿੰਘ, ਤਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ, ਸਵਰਨ ਸਿੰਘ ਪੁੱਤਰ ਜੱਗਾ ਸਿੰਘ, ਜਗਵੰਤ ਸਿੰਘ ਪੁੱਤਰ ਜੰਗ ਸਿੰਘ ਦੇ ਘਰਾਂ ‘ਤੇ ਵੀ ਤੇਜ਼ਧਾਰ ਹੱਥਿਆਰਾਂ ਨਾਲ ਟੱਕ ਮਾਰੇ ਅਤੇ ਫਾਇਰ ਕੀਤੇ, ਉਪਰਾਂਤ ਆਪਣੀਆਂ-ਆਪਣੀਆਂ ਗੱਡੀਆਂ ਸਮੇਤ ਹਥਿਆਰਾਂ ਦੇ ਹਵਾਈ ਫਾਇਰ ਕਰਦੇ ਹੋਏ ਮੋਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਵਜਾ ਇਹ ਰੰਜਿਸ਼ ਹੈ ਕਿ ਪਿੰਡ ਦੇ ਲੋਕਾਂ ਨਾਲ ਅਮਰਜੀਤ ਸਿੰਘ ਨੰਬਰਦਾਰ ਦਾ ਕਾਫੀ ਸਹਿਚਾਰ ਹੈ ਤੇ ਉਨ੍ਹਾਂ ਦੇ ਕੰਮ ਕਾਰ ਦੇ ਸਬੰਧ ਵਿੱਚ ਉਨ੍ਹਾਂ ਨਾਲ ਆਉਂਦਾ ਜਾਂਦਾ ਰਹਿੰਦਾ ਹਾਂ, ਜਿਸ ਕਾਰਨ ਮੁਲਜ਼ਮਾਂ ਨੇ ਉਨ੍ਹਾਂ ਸਾਰਿਆਂ 'ਤੇ ਇਹ ਹਮਲਾ ਕੀਤਾ ਹੈ।
ਦੋਰਾਹਾ ਪੁਲਸ ਤੇ ਢਿੱਲੀ ਕਰਵਾਈ ਦੇ ਦੋਸ਼ ਲਗਾ ਕੇ ਥਾਣੇ ਅੱਗੇ ਦਿੱਤਾ ਧਰਨਾ
ਪਿੰਡ ਦੀਪ ਨਗਰ ਵਿਖੇ ਦੇਰ ਰਾਤ ਵਾਪਰੀ ਉਕਤ ਘਟਨਾ ਸਬੰਧੀ ਥਾਣਾ ਦੋਰਾਹਾ ਵਿਖੇ ਸ਼ਿਕਾਇਤ ਦੇਣ ਤੋਂ ਬਾਅਦ ਘੰਟਿਆਂ ਤੱਕ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਦੋਰਾਹਾ ਪੁਲਸ 'ਤੇ ਢਿੱਲੀ ਕਰਵਾਈ ਦਾ ਦੋਸ਼ ਲਗਾ ਕੇ ਥਾਣੇ ਅੱਗੇ ਧਰਨਾ ਦਿੱਤਾ, ਜਿਸ ਵਿੱਚ ਔਰਤਾਂ ਵੀ ਵੱਡੀ ਗਿਣਤੀ ‘ਚ ਸ਼ਾਮਲ ਸਨ। ਪਿੰਡ ਵਾਸੀਆਂ ਨੇ ਕਿਹਾ ਕਿ ਦੋਸ਼ੀ ਸ਼ਰੇਆਮ ਲੋਕਾਂ 'ਤੇ ਹਮਲਾ ਕਰਦੇ ਹਨ ਪਰ ਪੁਲਸ ਕਾਰਵਾਈ ਕਰਨ ਦੀ ਬਜਾਏ ਟਾਈਮ ਪਾਸ ਕਰ ਰਹੀ ਹੈ। ਸਵੇਰੇ 6 ਵਜੇ ਕਰੀਬ ਥਾਣਾ ਮੁੱਖੀ ਨਛੱਤਰ ਸਿੰਘ ਐਸ.ਐਚ.ਓ. ਦੋਰਾਹਾ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਨ ਦੇ ਅਸ਼ਵਾਸ਼ਨ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। ਇਸ ਸਬੰਧੀ ਥਾਣਾ ਮੁੱਖੀ ਨਛੱਤਰ ਸਿੰਘ ਐਸ.ਐਚ.ਓ. ਦੋਰਾਹਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਤਾਵਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਕੀ ਕਹਿੰਦੇ ਹਨ ਪੁਲਸ ਜਾਂਚ ਅਧਿਕਾਰੀ
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਬਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਕੇਸ ਦੀ ਪੁਸਟੀ ਕਰਦਿਆਂ ਕਿਹਾ ਕਿ ਪਿੰਡ ਦੀਪ ਨਗਰ ਦੀ ਕਾਂਗਰਸੀ ਸਰਪੰਚ ਦੇ ਪਤੀ ਤੇ ਪੁੱਤਰਾਂ ਸਮੇਤ 8/10 ਹੋਰ ਅਣਪਛਾਤੇ ਲੋਕਾਂ ਖਿਲਾਫ਼ ਧਾਰਾ 307,452,427,506,148,149 ਆਈ.ਪੀ.ਸੀ ‘ਤੇ 25,27,54,59 ਆਰਮਜ ਐਕਟ ਤਹਿਤ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਰਪੰਚ ਦੇ ਪਤੀ ਦਰਸ਼ਨ ਸਿੰਘ ਪੁੱਤਰ ਪ੍ਰੇਮ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਹਮਲਾਵਰਾਂ ਦੀ ਪਹਿਚਾਣ ਅਤੇ ਗਿ੍ਰਫਤਾਰੀ ਲਈ ਵੱਡੇ ਪੱਧਰ ‘ਤੇ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।
ਡਰਾ ਧਮਕਾ ਕੇ ਪੈਸੇ ਮੰਗਣ ਦੇ ਦੋਸ਼ 'ਚ ਸਾਹਬੀ ਨਾਂ ਦਾ ਇਕ ਵਿਅਕਤੀ ਗ੍ਰਿਫ਼ਤਾਰ
NEXT STORY