ਬਠਿੰਡਾ, (ਵਰਮਾ)- ਸੋਮਵਾਰ ਨੂੰ ਬਠਿੰਡਾ ਜ਼ਿਲੇ ’ਚ ਕੋਰੋਨਾ ਤੋਂ ਪ੍ਰਭਾਵਿਤ 61 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਵਿਸ਼ੇਸ਼ ਜੇਲ ਬਠਿੰਡਾ ’ਚ 26 ਅਤੇ ਰਾਮਾ ਰਿਫਾਇਨਰੀ ਦੇ 18 ਮਾਮਲੇ ਸ਼ਾਮਲ ਹਨ। ਕੋਰੋਨਾ ਪਾਜ਼ੇਟਿਵ ਮਾਮਲਿਆਂ ’ਚ ਲਗਾਤਾਰ ਵਾਧੇ ਕਰ ਕੇ ਲੋਕਾਂ ’ਚ ਡਰ ਦਾ ਮਾਹੌਲ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਸ਼ਹਿਰੀ ਖੇਤਰਾਂ ਦੇ ਬਾਬਾ ਦੀਪ ਸਿੰਘ ਨਗਰ ’ਚ ਕੋਰੋਨਾ ਦੇ 4 ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਸੁਰਖਪੀਰ ਰੋਡ ਸਟਰੀਟ ਨੰਬਰ 33 ’ਚ ਇਕ, ਨਿਊ ਸ਼ਾਂਤੀ ਨਗਰ ’ਚ 2, ਸੁਰਜੀਤ ਸਿੰਘ ਨਗਰ ਗਲੀ ਨੰਬਰ 10 ’ਚ ਇਕ, ਸਾਈ ਨਗਰ ਨੇਡ਼ੇ ਗਣਪਤੀ ਇਨਕਲੇਵ ’ਚ ਇਕ, ਸਿਵਲ ਹਸਪਤਾਲ ’ਚ ਇਕ, ਕੋਤਵਾਲੀ ਥਾਣੇ ’ਚ ਕੋਰੋਨਾ ਪਾਜ਼ੇਟਿਵ ਦੇ 2 ਮਾਮਲੇ ਸਾਹਮਣੇ ਆਏ ਹਨ। ਸ਼ਹਿਰ ’ਚ ਬਾਬਾ ਦੀਪ ਸਿੰਘ ਨਗਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੇਸ ਆ ਰਹੇ ਹਨ। ਸਿਹਤ ਵਿਭਾਗ ਲਗਾਤਾਰ ਇਲਾਕੇ ਦੀ ਸਫਾਈ ਕਰਨ ਦੇ ਨਾਲ-ਨਾਲ ਸੈਂਪਲ ਲੈ ਰਿਹਾ ਹੈ। ਇਸੇ ਤਰ੍ਹਾਂ ਰਾਮਾ ਗਊਸ਼ਾਲਾ ’ਚ ਇਕ, ਲੇਬਰ ਕਾਲੋਨੀ ’ਚ ਇਕ, ਐੱਸ. ਡੀ. ਐੱਚ. ’ਚ ਤਲਵੰਡੀ ਸਾਬੋ ’ਚ 2 ਮਾਮਲੇ ਸਾਮਹਣੇ ਆਏ ਹਨ। ਇਸ ਤਰ੍ਹਾਂ ਸੋਮਵਾਰ ਨੂੰ ਜ਼ਿਲੇ ਦੇ 61 ਮਾਮਲਿਆਂ ’ਚ ਕੋਵਿਡ ਕੈਦੀਆਂ ਲਈ ਵਿਸ਼ੇਸ਼ ਜੇਲ ’ਚ 26 ਮਾਮਲੇ ਆਉਣ ਨਾਲ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ।
ਮਾਨਸਾ ’ਚ 27 ਮਰੀਜ਼ ਆਉਣ ’ਤੇ ਮਚਿਆ ਹਡ਼ਕੰਪ, ਸਿਹਤ ਵਿਭਾਗ ਵੱਲੋਂ ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਜਾਰੀ
ਕੋਰੋਨਾ ਦੀ ਵਧ ਰਹੀ ਬੀਮਾਰੀ ਦੇ ਮੱਦੇਨਜ਼ਰ ਲੋਕਾਂ ’ਚ ਅੱਜ ਉਸ ਸਮੇਂ ਵੱਡਾ ਡਰ ਪੈਦਾ ਹੋ ਗਿਆ, ਜਦੋਂ ਅੱਜ ਵੱਖ-ਵੱਖ ਥਾਵਾਂ ਤੋਂ ਮਾਨਸਾ ਜ਼ਿਲੇ ’ਚ 27 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਵੱਖ-ਵੱਖ ਥਾਵਾਂ ਤੋਂ ਮਾਨਸਾ ਜ਼ਿਲੇ ’ਚ 27 ਮਰੀਜ਼ਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ’ਤੇ ਜਿੱਥੇ ਮਾਨਸਾ ਜ਼ਿਲੇ ’ਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਉਥੇ ਹੀ ਇਨ੍ਹਾਂ ਮਰੀਜ਼ਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਅਤੇ ਕੋਰੋਨਾ ਸੈਂਪਲਿੰਗ ਦੇ ਜ਼ਿਲਾ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕਰੀਬ 20082 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ’ਚ 226 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਇਨ੍ਹਾਂ ’ਚੋਂ 139 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਕ ਮਰੀਜ਼ ਦੀ ਮੌਤ ਹੋਣ ਉਪਰੰਤ ਹੁਣ ਕੁੱਲ 86 ਕੋਰੋਨਾ ਪਾਜ਼ੇਟਿਵ ਮਰੀਜ਼ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੀ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ।
ਉਧਰ ਪੰਜਾਬ ਸਰਕਾਰ ਵੱਲੋਂ ‘ਕੋਵਿਡ-19’ ਨਾਲ ਨਜਿੱਠਣ ਦੇ ਮੱਦੇਨਜ਼ਰ ਮਿਸ਼ਨ ਫਤਿਹ ਤਹਿਤ ਸੈਂਪਲਿੰਗ ਟੀਮ ਦੇ ਜ਼ਿਲਾ ਇੰਚਾਰਜ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਡਾ. ਅਰਸ਼ਦੀਪ ਸਿੰਘ ਅਤੇ ਡਾ. ਵਿਸ਼ਵਜੀਤ ਸਿੰਘ ਦੀਆਂ ਟੀਮਾਂ ਵਿਸ਼ੇਸ਼ ਤੌਰ ’ਤੇ ਮਾਨਸਾ ਜ਼ਿਲੇ ਅੰਦਰ ਪਿੰਡਾਂ ਅਤੇ ਸ਼ਹਿਰਾਂ ’ਚ ਜਾ ਕੇ ਰਿਕਾਰਡ ਸੈਂਪਲਿੰਗ ਕਰ ਰਹੀਆਂ ਹਨ। ਇਸ ਤਹਿਤ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਜ਼ਿਲਾ ਮਾਨਸਾ ’ਚ ਕੁੱਲ 521 ਵਿਅਕਤੀਆਂ ਦੇ ਸੈਂਪਲ ਲਏ।
ਰਾਮਾਂ ਮੰਡੀ ’ਚ ਪੀਰਖਾਨਾ ਰੋਡ ਨੂੰ ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ
ਰਾਮਾਂ ਮੰਡੀ ਨਜ਼ਦੀਕ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਪ੍ਰਵਾਸੀ ਮਜ਼ਦੂਰ ਭਾਰੀ ਗਿਣਤੀ ’ਚ ਕੋਰੋਨਾ ਪਾਜ਼ੇਟਿਵ ਆਉਣ ਕਾਰਣ ਜ਼ਿਲਾ ਪ੍ਰਸ਼ਾਸਨ ਵੱਲੋਂ ਰਾਮਾਂ ਮੰਡੀ ਦੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ ਗਏ ਪੀਰਖਾਨਾ ਰੋਡ ਨੂੰ ਅੱਜ ਪੁਲਸ ਪ੍ਰਸ਼ਾਸਨ ਨੇ ਬੈਰੀਕੇਡਿੰਗ ਲਾ ਕੇ ਸਡ਼ਕ ਆਵਾਜਾਈ ਨੂੰ ਮੁਕੰਮਲ ਬੰਦ ਕਰ ਦਿੱਤਾ ਹੈ ਅਤੇ ਉਕਤ ਜਗ੍ਹਾ ’ਤੇ ਪੁਲਸ ਪਾਰਟੀ ਨੂੰ ਵੀ ਤਾਇਨਾਤ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪੀਰਖਾਨਾ ਰੋਡ ’ਤੇ ਭਾਰੀ ਗਿਣਤੀ ’ਚ ਰਿਫਾਇਨਰੀ ਦੀਆਂ ਕੰਪਨੀਆਂ ਦੇ ਮੁਲਾਜ਼ਮ ਰਹਿੰਦੇ ਹਨ ਅਤੇ ਪਿਛਲੀ ਦਿਨੀਂ ਕੁਝ ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਸਨ। ਇਸ ਮੌਕੇ ਸੜਕ ਨੂੰ ਸੀਲ ਕਰਨ ਦੇ ਬਾਵਜੂਦ ਰਿਫਾਇਨਰੀ ਦੇ ਵਾਹਨਾਂ ਆਵਾਜਾਈ ਗਲੀਆਂ ’ਚੋਂ ਜਾਰੀ ਰਹੀ ਅਤੇ ਦੁਕਾਨਾਂ ਵੀ ਆਮ ਵਾਂਗ ਖੁੱਲ੍ਹੀਆਂ ਰਹੀਆਂ। ਇਸ ਸਬੰਧੀ ਮੰਡੀ ਵਾਸੀ ਅਜੈਬ ਸਿੰਘ ਲਹਿਰੀ, ਰਕੇਸ਼ ਮਹਾਜਨ ਭਾਜਪਾ ਜ਼ਿਲਾ ਜਨਰਲ ਸਕੱਤਰ, ਅਸ਼ੋਕ ਕੁਮਾਰ ਗੋਇਲ ਸਾਬਕਾ ਪ੍ਰਧਾਨ ਸ਼ਹਿਰੀ ਅਕਾਲੀ ਦਲ ਨੇ ਦੱਸਿਆ ਕਿ ਰਿਫਾਇਨਰੀ ’ਚ ਪ੍ਰਵਾਸੀ ਮਜ਼ਦੂਰਾਂ ਭਾਰੀ ਗਿਣਤੀ ’ਚ ਆਵਾਜਾਈ ਜਾਰੀ ਹੈ, ਜਿਸ ਕਰ ਕੇ ਪਿਛਲੇ ਕਈ ਦਿਨਾਂ ਤੋਂ ਰਿਫਾਇਨਰੀ ਨਜ਼ਦੀਕ ਲੇਬਰ ਕਾਲੋਨੀਆਂ ’ਚ ਰਹਿੰਦੇ 400 ਦੇ ਕਰੀਬ ਪ੍ਰਵਾਸੀ ਮਜ਼ਦੂਰ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ ਪਰ ਜ਼ਿਲਾ ਪ੍ਰਸ਼ਾਸਨ ਵੱਲੋਂ ਰਿਫਾਇਨਰੀ ਦੇ ਆਸ-ਪਾਸ ਦੇ ਏਰੀਏ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਨਹੀਂ ਐਲਾਨਿਆ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ ਭਾਰੀ ਗਿਣਤੀ ’ਚ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ, ਜੋ ਕਿ ਮੰਡੀ ਵਾਸੀਆਂ ਲਈ ਭਾਰੀ ਖਤਰਾ ਹਨ। ਮੰਡੀ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਿਫਾÎਇਨਰੀ ਦੇ ਆਸ-ਪਾਸ ਦੇ ਏਰੀਏ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐੈਲਾਨਿਆ ਜਾਵੇ ਅਤੇ ਰਿਫਾਇਨਰੀ ਨੂੰ ਵਿਸਤਾਰ ਕਰਨ ਦਾ ਕੰਮ ਬੰਦ ਕੀਤਾ ਜਾਵੇ ਤਾਂ ਜੋ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਬੰਦ ਹੋ ਸਕੇ।
ਯੂਥ ਦਿਵਸ ਮੌਕੇ 12ਵੀਂ ਦੇ ਵਿਦਿਆਰਥੀਆਂ ਨੂੰ ਮਿਲਣਗੇ 'ਸਮਾਰਟਫੋਨ'
NEXT STORY