ਗੁਰਦਾਸਪੁਰ, (ਹਰਮਨ, ਜ. ਬ.)- ਜ਼ਿਲ੍ਹਾ ਗੁਰਦਾਸਪੁਰ ’ਚ ਕੋਰੋਨਾ ਵਾਇਰਸ ਦਾ ਪ੍ਰਕੋਪ ਨਿਰੰਤਰ ਜਾਰੀ ਹੈ, ਜਿਸ ਤਹਿਤ ਅੱਜ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦੋਂ ਕਿ 90 ਨਵੇਂ ਮਰੀਜ਼ ਸਾਹਮਣੇ ਆਉਣ ਕਾਰਣ ਜ਼ਿਲਾ ਗੁਰਦਾਸਪੁਰ ਅੰਦਰ ਹੁਣ ਤੱਕ ਕੋਰੋਨਾ ਤੋਂ ਪੀੜਤ ਪਾਏ ਗਏ ਕੁੱਲ ਮਰੀਜ਼ਾਂ ਦੀ ਗਿਣਤੀ ਗੁਰਦਾਸਪੁਰ 2599 ਤੱਕ ਪਹੁੰਚ ਗਈ ਹੈ। ਅੱਜ ਜਿਹੜੇ 2 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ ਇਕ ਦੀ ਉਮਰ 65 ਸਾਲ ਹੈ, ਜੋ ਪਿੰਡ ਨੌਸ਼ਹਿਰਾ ਮੱਝਾ ਸਿੰਘ ਨਾਲ ਸਬੰਧਤ ਵਿਅਕਤੀ ਹੈ ਅਤੇ ਖੂਨ ਨਾਲ ਸਬੰਧਤ ਇਕ ਬੀਮਾਰੀ ਤੋਂ ਪੀੜਤ ਹੋਣ ਕਾਰਣ ਉਸ ਦਾ ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਇਲਾਜ ਹੋ ਰਿਹਾ ਸੀ। ਇਸੇ ਤਰ੍ਹਾਂ ਮਰਨ ਵਾਲੇ ਦੂਸਰੇ ਮਰੀਜ਼ ਦੀ ਉਮਰ 79 ਸਾਲ ਹੈ ਜੋ ਗੁਰਦਾਸਪੁਰ ਇਲਾਕੇ ਨਾਲ ਸਬੰਧਤ ਹੈ ਅਤੇ ਦਿਲ ਨਾਲ ਸਬੰਧਤ ਬੀਮਾਰੀ ਹੋਣ ਕਾਰਣ ਉਸ ਨੂੰ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਸੀ।
ਸਿਵਲ ਸਰਜਨ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਅੰਦਰ ਹੁਣ ਤੱਕ 79,502 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 76,436 ਦੀਆਂ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ ਜਦੋਂ ਕਿ 467 ਸੈਂਪਲਾਂ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਅੰਦਰ 1823 ਮਰੀਜ਼ ਕੋਰੋਨਾ ਵਾਇਰਸ ’ਤੇ ਫਤਿਹ ਹਾਸਲ ਕਰ ਚੁੱਕੇ ਹਨ ਅਤੇ ਇਸ ਮੌਕੇ ਜ਼ਿਲੇ ’ਚ 716 ਐਕਟਿਵ ਮਰੀਜ਼ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ’ਚ 1, ਬਟਾਲਾ ’ਚ 5, ਧਾਰੀਵਾਲ ’ਚ 1, ਪਠਾਨਕੋਟ ’ਚ 2, ਗੁਰਦਾਸਪੁਰ ਮਿਲਟਰੀ ਹਸਪਤਾਲ ’ਚ 1, ਮੋਹਾਲੀ ’ਚ 3, ਅੰਮ੍ਰਿਤਸਰ ’ਚ 19, ਲੁਧਿਆਣਾ ’ਚ 9, ਪੀ. ਜੀ. ਆਈ. ਚੰਡੀਗੜ੍ਹ ’ਚ 1, ਦਿੱਲੀ ’ਚ 2, ਪਟਿਆਲਾ ’ਚ 1, ਮੁਕਤਸਰ ’ਚ 1 ਮਰੀਜ਼ ਦਾ ਇਲਾਜ ਚੱਲ ਰਿਹਾ ਹੈ।
ਕਿਸੇ ਵੀ ਤਰ੍ਹਾਂ ਦੇ ਕੋਰੋਨਾ ਲੱਛਣ ਹੋਣ ’ਤੇ ਤੁਰੰਤ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੇ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ ਅਤੇ ਕੋਰੋਨਾ ਟੈਸਟ ਕਰਵਾਇਆ ਜਾਵੇ ਤਾਂ ਜੋ ਸਹੀ ਸਮੇਂ ਤੇ ਕੋਰੋਨਾ ਵਾਇਰਸ ਦਾ ਪਤਾ ਲੱਗਣ ਤੇ ਨਾਲ ਹੀ ਇਸ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿ ਕੋਰੋਨਾ ਟੈਸਟ ਤੋਂ ਡਰਨ ਵਾਲੀ ਗੱਲ ਨਹੀਂ ਹੈ। ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਹ ਆਪਣੇ ਘਰ ਵਿਚ ਇਕਾਂਤਵਾਸ ਹੋ ਸਕਦੇ ਹੈ ਅਤੇ ਸਿਹਤ ਵਿਭਾਗ ਵੱਲੋਂ ਉਸਨੂੰ ਖਾਣ ਵਾਲੀਆਂ ਦਵਾਈਆਂ ਆਦਿ ਦਿੱਤੀਆਂ ਜਾਣਗੀਆਂ ਤੇ ਲਗਤਾਰ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਕੋਰੋਨਾ ਬੀਮਾਰੀ ਵਿਰੁੱਧ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਕੋਰੋਨਾ ਪੀੜਤ ਦੇ ਸੰਪਰਕ ’ਚ ਆਏ ਵਿਅਕਤੀ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ : ਐੱਸ. ਡੀ. ਐੱਮ. ਕੋਛੜ
ਗੁਰਦਾਸਪੁਰ, (ਹਰਮਨ)-ਐੱਸ. ਡੀ. ਐੱਮ. ਦੀਨਾਨਗਰ ਰਮਨ ਕੋਛੜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ, ਜੋ ਵਿਅਕਤੀ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਏ ਹੁੰਦੇ ਹਨ, ਉਨ੍ਹਾਂ ਨੂੰ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਟੈਸਟ ਨਾ ਕਰਵਾਉਣ ਨਾਲ ਜਿਥੇ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਨੁਕਸਾਨ ਪੁਹੰਚਾਉਂਦੇ ਹਨ ਬਲਕਿ ਇਸ ਨਾਲ ਸਮਾਜ ਵਿਚ ਕੋਰੋਨਾ ਵੀ ਫੈਲਦਾ ਹੈ। ਐੱਸ. ਡੀ. ਐੱਮ. ਕੋਛੜ ਨੇ ਕਿਹਾ ਕਿ ਕੋਰੋਨਾ ਟੈਸਟ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਹ ਆਪਣੇ ਘਰ ਵਿਚ ਇਕਾਂਤਵਾਸ ਹੋ ਸਕਦੇ ਹਨ। ਸਿਹਤ ਵਿਭਾਗ ਵੱਲੋਂ ਲਗਤਾਰ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਂਦਾ ਹੈ।
ਵਿਦੇਸ਼ ਤੋਂ ਪਰਤੇ 17 ਯਾਤਰੀਆਂ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਭੇਜਿਆ ਘਰ
ਸਰਕਾਰੀ ਸਕੂਲ ਹੋਸਟਲ ਸੇਖਵਾਂ ’ਚ ਸਿਹਤ ਵਿਭਾਗ ਵੱਲੋਂ ਬਣਾਏ ਕੁਆਰੰਟਾਈਨ ਸੈਂਟਰ ’ਚ ਵਿਦੇਸ਼ ਤੋਂ ਪਰਤੇ 17 ਯਾਤਰੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ’ਤੇ ਘਰ ਭੇਜਿਆ ਗਿਆ ਅਤੇ ਬਾਕੀ ਕੁਆਰੰਟਾਈਨ ਕੀਤੇ 14 ਯਾਤਰੀਆਂ ਦੀ ਕੋਰੋਨਾ ਸਕਰੀਨਿੰਗ ਕੀਤੀ।
ਇਸ ਸਬੰਧੀ ਸਹਾਇਕ ਮਲੇਰੀਆ ਅਫਸਰ ਰਛਪਾਲ ਸਿੰਘ ਨੇ ਦੱਸਿਆ ਕਿ ਸੈਂਟਰ ਵਿਚ ਹੁਣ ਵਿਦੇਸ਼ੀ ਯਾਤਰੀਆਂ ਦੀ ਕੁੱਲ ਸੰਖਿਆ 14 ਹੋ ਗਈ ਹੈ ਅਤੇ ਸੈਂਟਰ ਵਿਚ ਕੁਆਰੰਟਾਈਨ ਕੀਤੇ ਹੋਏ ਵਿਦੇਸ਼ੀ ਯਾਤਰੀਆਂ ਦੀ ਰੋਜ਼ਾਨਾ ਹੀ ਸਕਰੀਨਿੰਗ ਕੀਤੀ ਜਾ ਰਹੀ ਹੈ, ਜੋ ਕਿ ਬਿਲਕੁਲ ਤੰਦਰੁਸਤ ਹਨ। ਇਸ ਮੌਕੇ ਸੀ. ਐੱਚ. ਓ. ਐਂਜਲਾ, ਆਰ. ਐੱਮ. ਓ. ਸੇਖਵਾਂ ਡਾ. ਦਵਿੰਦਰ ਕੌਰ, ਅਮੋਲਕ ਸਿੰਘ, ਸਿਹਤ ਕਰਮਚਾਰੀ ਜੋਗਾ ਸਿੰਘ, ਸਤਿੰਦਰਜੀਤ ਸਿੰਘ, ਪ੍ਰਤਾਪ ਸਿੰਘ, ਮਾਸਟਰ ਨਿਸ਼ਾਨ ਸਿੰਘ ਚਾਹਲ ਆਦਿ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਦੁਬਾਰਾ ਸੰਭਾਲਣ ’ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਵਧਾਈ : ਜਾਖੜ
NEXT STORY