ਬਟਾਲਾ (ਬੇਰੀ) : ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਚੱਲਦਿਆਂ ਸ੍ਰੀ ਹਜੂਰ ਸਾਹਿਬ ਤੋਂ ਪੰਜਾਬ ਪਰਤੇ ਯਾਤਰੂਆਂ ਦੇ ਵੱਡੀ ਗਿਣਤੀ 'ਚ ਟੈਸਟ ਪਾਜੀਟਿਵ ਆਉਣਾ ਡੂੰਘੀ ਸਾਜਿਸ਼ ਦਾ ਹਿੱਸਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੰਗਲ ਸਿੰਘ ਹਲਕਾ ਹਰਗੋਬਿੰਦਪੁਰ ਨੇ ਜਗਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਸ੍ਰੀ ਹਜੂਰ ਸਾਹਿਬ ਤੋਂ ਪਹੁੰਚੀਆਂ ਸੰਗਤਾਂ ਨੂੰ ਜਿਸ ਜਗਾ 'ਤੇ ਰੱਖਿਆ, ਉਹ ਜਗ੍ਹਾ ਸੰਗਤਾਂ ਦੇ ਰਹਿਣ ਲਾਇਕ ਨਹੀਂ ਸੀ ਅਤੇ ਮੀਡੀਆ 'ਚ ਰੌਲਾ-ਰੱਪਾ ਪੈਣ ਉਪਰੰਤ ਸਰਕਾਰ ਨੇ ਆਪਣੀ ਗਲਤੀ ਨੂੰ ਸੁਧਾਰਿਆ ਪਰ ਸ੍ਰੀ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਦੇ ਜਦੋਂ ਕੋਰੋਨਾ ਟੈਸਟ ਕਰਵਾਉਣ ਲਈ ਸੈਂਪਲ ਲਏ ਗਏ ਤਾਂ ਉਨ੍ਹਾਂ ਸੈਂਪਲਾਂ 'ਚ ਕਈ ਅਜਿਹੇ ਸ਼ਰਧਾਲੂ ਸਨ, ਜੋ ਕਿ 20 ਅਪ੍ਰੈਲ ਨੂੰ ਪੰਜਾਬ ਪਰਤੇ ਅਤੇ ਆਪਣੇ ਘਰਾਂ 'ਚ ਹੀ ਚਲੇ ਗਏ ਸਨ, ਜਿਨ੍ਹਾਂ 'ਚ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਯਾਤਰੂ ਵੀ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਇਹ ਯਾਤਰੂ ਜਦੋਂ ਆਪਣੇ ਘਰਾਂ 'ਚ ਪਹੁੰਚੇ ਉਸ ਤੋਂ 9 ਦਿਨ ਬਾਅਦ ਇਨ੍ਹਾਂ ਯਾਤਰੂਆਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ, ਜਿੱਥੇ ਸਰਕਾਰ ਦੀ ਸਭ ਤੋਂ ਵੱਡੀ ਅਣਗਹਿਲੀ ਸਾਹਮਣੇ ਆਈ ਕਿਉਂਕਿ 9 ਦਿਨ ਇਹ ਯਾਤਰੂ ਆਪਣੇ ਘਰਾਂ ਅੰਦਰ ਹੀ ਰਹੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯਾਤਰੂਆਂ ਦੇ ਪਹਿਲਾਂ ਤਾਂ ਟੈਸਟ ਹੀ ਦੇਰੀ ਨਾਲ ਕੀਤੇ ਗਏ ਅਤੇ ਬਾਅਦ 'ਚ ਉਨ੍ਹਾਂ ਟੈਸਟਾਂ ਦੀ ਰਿਪੋਰਟ 8 ਦਿਨ ਬਾਅਦ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਸ ਪ੍ਰਾਈਵੇਟ ਗੱਡੀ ਰਾਹੀਂ ਇਹ ਯਾਤਰੂ ਹਜੂਰ ਸਾਹਿਬ ਤੋਂ ਵਾਪਸ ਪਰਤੇ ਹਨ, ਉਸ ਗੱਡੀ ਦੇ ਡਰਾਈਵਰ ਦਾ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕੋਰੋਨਾ ਟੈਸਟ ਸੈਂਪਲ ਨਹੀਂ ਲਿਆ ਗਿਆ, ਜੋ ਕਿ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਹੈ ਅਤੇ ਇਸ ਲਾਪਰਵਾਹੀ ਕਾਰਨ ਪ੍ਰਸ਼ਾਸਨ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰੂ ਸਰਕਾਰ ਦੀਆਂ ਹਦਾਇਤਾਂ ਮੁਤਾਬਕ 14 ਦਿਨ ਤੋਂ ਵੱਧ ਦਾ ਸਮਾਂ ਇਕਾਂਤਵਾਸ ਵਿਚ ਗੁਜ਼ਾਰ ਚੁੱਕੇ ਹਨ।
ਪਾਜ਼ੇਟਿਵ ਮਰੀਜ਼ਾਂ ਨੂੰ ਬਾਘਾਪੁਰਾਣਾ ਦੇ ਸਰਕਾਰੀ ਹਸਪਤਾਲ 'ਚ ਕੀਤਾ ਗਿਆ ਦਾਖਲ
NEXT STORY