ਜਲੰਧਰ (ਬਿਊਰੋ) - ‘‘ਕੋਰੋਨਾ ਵਾਇਰਸ ਦਾ ਖਾਤਮਾ ਜਨਤਾ ਦੀ ਲੜਾਈ ਹੈ। ਇਹ ਲੜਾਈ ਨਾ ਹੀ ਸਰਕਾਰ ਦੀ ਹੈ ਅਤੇ ਨਾ ਹੀ ਮਾਹਿਰ ਡਾਕਟਰਾਂ ਦੀ ਸਿਰਫ ਇਹ ਜਨਤਾ ਦੀ ਲੜਾਈ ਹੈ। ਅਸੀ ਸਭ ਇਕੱਠੇ ਹਾਂ, ਇਸ ਲੜਾਈ ਵਿਚ। ਬਹੁਤ ਬੁਰਾ ਹਮਲਾ ਹੋਇਆ ਹੈ। ਚੀਨ ਨੇ ਜਿਹੜਾ ਇਸ ਵਾਇਰਸ ਨੂੰ ਫੈਲਾ ਦਿੱਤਾ, ਉਹ ਬਹੁਤ ਬੁਰਾ ਕੀਤਾ। ਸਾਡਾ ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ, ਆਪਣੇ ਆਪ ਲਈ, ਪਰਿਵਾਰ ਲਈ, ਆਪਣੇ ਭਵਿੱਖ ਲਈ। ਜੇਕਰ ਇਸ ਸਮੇਂ ਗਲਤੀ ਹੋ ਗਈ ਤਾਂ ਸਾਡਾ ਵਿਕਾਸ ਰੁਕ ਜਾਵੇਗਾ। ਜ਼ਰੂਰੀ ਹੈ ਕਿ ਲਕਸ਼ਮਣ ਰੇਖਾ ਦਾ ਪਾਲਣ ਕਰੋ, ਹੱਥ ਧੋਂਦੇ ਰਹੋ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੀਏ ਅਤੇ ਮਾਸਕ ਪਹਿਨ ਕੇ ਹੀ ਬਾਹਰ ਨਿਕਲੀਏ’’। ਕੋਰੋਨਾ ਦੇ ਸਬੰਧ ’ਚ ਡਾ. ਨਰੇਸ਼ ਤ੍ਰੇਹਨ ਪਦਮ ਵਿਭੂਸ਼ਣ, ਜੋ ਦਿਲ ਦੇ ਰੋਗ ਦੇ ਮਾਹਿਰ ਹਨ, ਨੇ ਜਗਬਾਣੀ ਨਾਲ ਵਿਸ਼ੇਸ਼ ਗੱਲਬਾਤ ਕੀਤੀ।
1. ਦੁਨੀਆ ਦੇ ਨਾਲ ਭਾਰਤ ਵਿਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ, ਦੇਸ਼ ਕਿਸ ਹਾਲਤ ਵਿਚ ਹੈ ਅੱਜ?
ਉੱਤਰ - ਭਾਰਤ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਅਜੇ ਘੱਟ ਹੈ ਅਤੇ ਮੌਤਾਂ ਵੀ ਘੱਟ ਹਨ। ਅਜੇ ਸਾਫ ਤੌਰ ਉੱਤੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਸੈਂਪਲ ਜਾਂਚ ਘੱਟ ਹੋਣ ਨਾਲ ਗਿਣਤੀ ਘੱਟ ਹੈ ਜਾਂ ਕੋਰੋਨਾ ਕਮਿਊਨਿਟੀ ਵਿਚ ਫੈਲ ਚੁੱਕਿਆ ਹੈ। ਹੁਣ ਸੈਂਪਲ ਜਾਂਚ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ, ਕੁਝ ਹੀ ਦਿਨਾਂ ਵਿਚ ਸਾਫ਼ ਹੋ ਜਾਵੇਗਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਹਾਲਤ ਕਿਹੋ ਜਿਹੀ ਹੈ। ਇਹ ਬਹੁਤ ਮਹੱਤਵਪੂਰਣ ਹੈ ਕਿ ਛੇਤੀ ਤੋਂ ਛੇਤੀ ਪਤਾ ਲੱਗੇ ਕਿ ਇਸ ਮਹਾਮਾਰੀ ਦਾ ਫੈਲਾਅ ਕਿੰਨਾ ਹੈ। ਫਿਰ ਵੀ ਜਿਸ ਤਰ੍ਹਾਂ ਦੇ ਹਾਲਤ ਸਾਹਮਣੇ ਹਨ, ਉਸ ਨੂੰ ਵੇਖਕੇ ਕਿਹਾ ਜਾ ਸਕਦਾ ਹੈ ਕਿ ਲਾਕਡਾਊਨ ਨਾਲ ਕਾਫ਼ੀ ਫਾਇਦਾ ਹੋਇਆ ਹੈ ।
2. ਲਾਕਡਾਊਨ ਕਦੋਂ ਤਕ ਰਹਿਣਾ ਚਾਹੀਦਾ ਹੈ?
ਉੱਤਰ - ਜਦੋਂ ਤੱਕ ਦਵਾਈ ਜਾਂ ਵੈਕਸੀਨ ਨਹੀਂ ਆ ਜਾਂਦੀ, ਇਸ ਰੋਗ ਤੋਂ ਬਚਣ ਲਈ ਬਚਾਅ ਸਭ ਤੋਂ ਵੱਡਾ ਉਪਾਅ ਹੈ। ਜਿਹੜੇ ਵੀ ਦਿਸ਼ਾ-ਨਿਰਦੇਸ਼ ਹਨ, ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਇਹ ਰੋਗ ਸਾਨੂੰ ਨਹੀਂ ਹੋਵੇਗਾ ਜਾਂ ਬੱਚਿਆਂ ਨੂੰ ਨਹੀਂ ਹੋਵੇਗਾ, ਨੌਜਵਾਨ ਨੂੰ ਨਹੀਂ ਹੋਵੇਗਾ। ਕੋਰੋਨਾ ਨਾਲ ਹੋਣ ਵਾਲੀਆਂ 40 ਫੀਸਦੀ ਮੌਤਾਂ ਨੌਜਵਾਨਾਂ ਦੀਆਂ ਹੋਈਆਂ ਹਨ। ਲਾਕਡਾਊਨ ਨਾਲ ਫਾਇਦਾ ਹੋਇਆ ਅਤੇ ਸਾਨੂੰ ਇਸ ਵਾਇਰਸ ਦੇ ਇਨਫੈਕਸ਼ਨ ਨਾਲ ਲੜਨ ਦੀ ਤਿਆਰੀ ਦਾ ਸਮਾਂ ਵੀ ਮਿਲਿਆ। ਪੀ.ਪੀ.ਈ. (ਸੁਰੱਖਿਆ ਕਿੱਟਾਂ) ਦੀ ਉਪਲਬਧਤਾ ਵਧੀ ਹੈ, ਮਾਸਕ ਵੱਡੀ ਗਿਣਤੀ ਵਿਚ ਬਣਨ ਲੱਗੇ। ਪੰਜਾਬ ਨੇ ਤਾਂ ਲਾਕਡਾਊਨ ਵਧਾ ਹੀ ਦਿੱਤਾ ਹੈ। ਮੇਰਾ ਵੀ ਮੰਨਣਾ ਹੈ ਕਿ ਦੋ ਹਫਤੇ ਵਿਚ ਹੋਰ ਵੀ ਤਿਆਰੀ ਕੀਤੀ ਜਾਣੀ ਚਾਹੀਦੀ ਹੈ। ਫਸਲ ਖੜ੍ਹੀ ਹੈ , ਉਸਨੂੰ ਵੱਢਣ ਅਤੇ ਮੰਡੀਆਂ ਤੱਕ ਪਹੁੰਚਾਉਣ ਦੀ ਸਹੂਲਤ ’ਤੇ ਧਿਆਨ ਦੇਣਾ ਚਾਹੀਦਾ ਹੈ। ਲੋਕਾਂ ਦੀਆਂ ਤਕਲੀਫਾਂ ਨੂੰ ਘੱਟ ਕਰਨ ਵਾਲੇ ਹੋਰ ਤਰੀਕਿਆਂ ’ਤੇ ਕੰਮ ਕਰਨਾ ਚਾਹੀਦਾ ਹੈ। ਅਣਮਿੱਥੇ ਸਮੇਂ ਦਾ ਲਾਕਡਾਊਨ ਤਾਂ ਬਹੁਤ ਮੁਸ਼ਕਲ ਹੁੰਦਾ ਹੈ। ਜੇਕਰ ਦੂਜੇ ਲਾਕਡਾਊਨ ਤੋਂ ਬਾਅਦ ਮਹਾਮਾਰੀ ਬਣੀ ਰਹੇਗੀ ਤਾਂ ਬਹੁਤ ਸੋਚ-ਸਮਝ ਕੇ ਕਦਮ ਚੁੱਕਣ ਪੈਣਗੇ ।
3. ਦੇਸ਼ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ?
ਉੱਤਰ - ਪੰਜਾਬ ਨੇ ਚੰਗਾ ਕੰਮ ਕੀਤਾ। ਲਾਕਡਾਊਨ ਵਧਣ ਦੌਰਾਨ ਸੂਬੇ ਦੀ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਰਹੀ ਹੈ। ਫਸਲ ਦੀ ਖਰੀਦ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਹਰਿਆਣਾ ਸਰਕਾਰ 200 ਅਜਿਹੀ ਮੰਡੀਆਂ ਬਣਾ ਰਹੀ ਹੈ, ਜਿੱਥੇ ਸੋਸ਼ਲ ਡਿਸਟੈਂਸਿੰਗ ਨੂੰ ਲਾਗੂ ਕਰਦੇ ਹੋਏ ਕੰਮ ਕੀਤਾ ਜਾਵੇਗਾ। ਇਸ ’ਚ ਫਸਲ ਦੀ ਖਰੀਦ-ਵਿੱਕਰੀ ਦਾ ਕੰਮ ਤੇਜ਼ੀ ਨਾਲ ਹੋਵੇਗਾ। ਸਾਰੇ ਸੂਬਿਆਂ ਨੂੰ ਕਿਸਾਨਾਂ ਲਈ ਵਿਸ਼ੇਸ਼ ਤੌਰ ’ਤੇ ਸੋਚਣਾ ਚਾਹੀਦਾ ਹੈ। ਕਿਸਾਨ ਲਾਕਡਾਊਨ ਦਾ ਪਾਲਣ ਕਰਨ ਅਤੇ ਉਨ੍ਹਾਂ ਦੀ ਵੱਢੀ ਹੋਈ ਫਸਲ ਨੂੰ ਚੁੱਕਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਇਸ ਨਾਲ ਬਹੁਤ ਰਾਹਤ ਮਿਲੇਗੀ, ਲੋਕਾਂ ਨੂੰ ਪੈਸਾ ਮਿਲੇਗਾ ਅਤੇ ਲੇਬਰ ਵੀ ਹੌਲੀ- ਹੌਲੀ ਮਿਲਣ ਲੱਗੇਗੀ। ਅਨਾਜ ਬਾਜ਼ਾਰ ਵਿਚ ਆਵੇਗਾ ਤਾਂ ਕੀਮਤਾਂ ਘਟਣਗੀਆਂ। ਹਾਂ, ਇਹ ਬਹੁਤ ਜ਼ਰੂਰੀ ਹੈ ਕਿ ਫਸਲ ਵੱਢਣ ਲਈ ਜ਼ਿਮੀਂਦਾਰਾਂ ਨੂੰ ਲੇਬਰ ਨਹੀਂ ਮਿਲ ਰਹੀ ਹੈ। ਅਜਿਹੇ ’ਚ ਜ਼ਿਮੀਂਦਾਰ ਪਰਿਵਾਰ ਦੇ ਲੋਕਾਂ ਨੂੰ ਖੁਦ ਫਸਲ ਵੱਢਣ ਲਈ ਉਤਰਨਾ ਪੈ ਰਿਹਾ ਹੈ। ਇਸ ਮੁਸ਼ਕਲ ਘੜੀ ’ਚ ਇਸ ਤਰ੍ਹਾਂ ਦੀ ਪਰੇਸ਼ਾਨੀ ਝੱਲੀ ਜਾ ਸਕਦੀ ਹੈ, ਥੋੜ੍ਹੀ ਸਿਹਤ ਬਣੇਗੀ।
4. ਪੰਜਾਬ ਦੀ ਸਰਕਾਰ ਨੇ ਕਿਹਾ ਕਿ ਕੋਰੋਨਾ ਦੇ ਕਮਿਊਨਿਟੀ ਸਪ੍ਰੈੱਡ ਦੀ ਕੀ ਸਥਿਤੀ ਹੈ, ਤੁਸੀਂ ਕੀ ਕਹੋਗੇ?
ਉੱਤਰ - ਪੂਰੇ ਦੇਸ਼ ਵਿਚ ਸਥਿਤੀ ਅਜਿਹੀ ਹੀ ਹੈ। ਕਮਿਊਨਿਟੀ ਸਪ੍ਰੈੱਡ ਹੈ ਜਾਂ ਨਹੀਂ, ਇਹ ਵੱਖਰੀ ਗੱਲ ਹੈ ਪਰ ਇਸਦਾ ਖ਼ਤਰਾ ਤਾਂ ਹਰ ਪਾਸੇ ਹੈ। ਇਸੇ ਕਾਰਣ ਇਹ ਕਿਹਾ ਜਾ ਰਿਹਾ ਹੈ ਕਿ ਜੰਗ ਪੂਰੀ ਨਹੀਂ ਹੋਈ ਹੈ। ਵਿਦੇਸ਼ਾਂ ਤੋਂ ਸਿੱਖਿਆ ਜਿਹੜੀ ਮਿਲਦੀ ਹੈ, ਉਸਦੇ ਅਨੁਸਾਰ ਖ਼ਤਰਾ ਬਹੁਤ ਜ਼ਿਆਦਾ ਹੈ। ਸਾਨੂੰ ਇਸ ਨੂੰ ਸਮਝਣਾ ਚਾਹੀਦਾ ਹੈ।
5. ਕੀ ਗਰਮੀ ਦੇ ਕਾਰਨ ਕੋਰੋਨਾ ਵਾਇਰਸ ਖਤਮ ਹੋ ਜਾਵੇਗਾ?
ਉੱਤਰ - ਨਹੀਂ , ਅਜਿਹਾ ਕੁਝ ਠੋਸ ਤਰੀਕੇ ਨਾਲ ਨਹੀਂ ਕਿਹਾ ਜਾ ਸਕਦਾ ਹੈ। ਹਾਂ, ਕੁਝ ਵਾਇਰਸ ਗਰਮੀ ਦੇ ਕਾਰਣ ਕਮਜ਼ੋਰ ਪੈ ਜਾਂਦੇ ਹਨ ਪਰ ਕੋਰੋਨਾ ਅਜਿਹਾ ਹੋਵੇਗਾ, ਇਹ ਤੈਅ ਨਹੀਂ। ਕਿਉਂਕਿ ਇਹ ਨਵਾਂ ਵਾਇਰਸ ਹੈ ਅਤੇ ਇਸ ਨੂੰ ਲੈ ਕੇ ਅਜੇ ਅਧਿਐਨ ਕੀਤੇ ਜਾ ਰਹੇ ਹਨ। ਜੇਕਰ ਗਰਮੀ ਨਾਲ ਇਸਦਾ ਅਸਰ ਘੱਟ ਹੋਵੇਗਾ ਤਾਂ ਇਹ ਮੰਨਿਆ ਜਾਵੇਗਾ ਕਿ ਹਿੰਦੋਸਤਾਨ ’ਤੇ ਪ੍ਰਮਾਤਮਾ ਦਾ ਹੱਥ ਹੈ। ਵੱਡੀ ਗੱਲ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਹਿੰਮਤ ਰੱਖਣੀ ਹੈ ਅਤੇ ਬੇਵਕੂਫ਼ੀ ਨਹੀਂ ਕਰਨੀ ਹੈ।
6. ਪੰਜਾਬ ਦੇ ਲੋਕ ਵਿਦੇਸ਼ ਵਿਚ ਜਾ ਕੇ ਕੰਮ-ਧੰਦਾ ਕਰਨ ਪ੍ਰਤੀ ਕਾਫ਼ੀ ਉਤਸ਼ਾਹਿਤ ਰਹਿੰਦੇ ਹਨ, ਉਨ੍ਹਾਂ ਲਈ ਕੀ ਕਹੋਗੇ?
ਉੱਤਰ - ਅਜੋਕੇ ਸਮਾਂ ਵਿਚ ਤਾਂ ਕੀ ਕੈਨੇਡਾ, ਕੀ ਅਮਰੀਕਾ ਹਰ ਜਗ੍ਹਾ ਖ਼ਤਰਾ ਹੈ ਪਰ ਜਿੱਥੇ ਮੌਕਾ ਮਿਲਦਾ ਹੈ, ਲੋਕ ਕੰਮ ਕਰਨ ਜਾਂਦੇ ਹੀ ਹਨ। ਜਿੱਥੋਂ ਤੱਕ ਗੱਲ ਮਹਾਮਾਰੀ ਦੇ ਸੰਕਟ ਕਾਲ ਦੀ ਹੈ ਤਾਂ ਅਜਿਹੇ ਵਿਚ ਘਰ ਰਹਿਣਾ ਚਾਹੀਦਾ ਹੈ। ਕਿਤੇ ਜਾਣ ਦੀ ਨਹੀਂ ਸੋਚਣੀ ਚਾਹੀਦੀ ਹੈ । ਫੈਮਿਲੀ ਦੇ ਨਾਲ ਸਮਾਂ ਬਿਤਾਓ। ਜਦੋਂ ਕੋਰੋਨਾ ਖਤਮ ਹੋਵੇਗਾ ਤਾਂ ਇੱਕ ਵੱਖ ਤਰ੍ਹਾਂ ਦੀ ਦੁਨੀਆ ਵਿਖਾਈ ਦੇਵੇਗੀ। ਅਜੇ ਤਾਂ ਆਪਣੇ-ਆਪ ਦੀ ਸੁਰੱਖਿਆ ਕਰੋ, ਪਰਿਵਾਰ ਦੀ ਸੁਰੱਖਿਆ ਕਰੋ ਅਤੇ ਦੇਸ਼ ਨੂੰ ਸੁਰੱਖਿਅਤ ਬਣਾਓ, ਇਹ ਹੀ ਸੰਦੇਸ਼ ਮੈਂ ਦੇਵਾਂਗਾ।
7. ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ’ਤੇ ਹਮਲੇ ਨੂੰ ਲੈ ਕੇ ਕੀ ਕਹੋਗੇ ?
ਉੱਤਰ - ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ’ਤੇ ਹਮਲੇ ਕਰਨ ਨਾਲੋਂ ਵੱਡਾ ਪਾਪ ਕੋਈ ਨਹੀਂ ਹੋ ਸਕਦਾ। ਜਿਹੜੇ ਲੋਕ ਜਾਨ ਬਚਾਉਣ ਵਿਚ ਲੱਗੇ ਹਨ, ਉਨ੍ਹਾਂ ’ਤੇ ਹਮਲਾ ਕਰ ਕੇ ਪ੍ਰੇਸ਼ਾਨ ਕਰਨਾ ਕਿਸੇ ਧਰਮ ਵਿਚ ਨਹੀਂ ਲਿਖਿਆ । ਇਸ ਤਰ੍ਹਾਂ ਦੇ ਹਮਲਿਆਂ ਨਾਲ ਸਿਹਤ ਕਰਮਚਾਰੀ ਕਾਫ਼ੀ ਚਿੰਤਾ ਅਤੇ ਪਰੇਸ਼ਾਨੀ ਵਿਚ ਹਨ। ਡਾਕਟਰ ਬੀਮਾਰੀ ਠੀਕ ਕਰਨ ਵਿਚ ਕਾਫੀ ਮਿਹਨਤ ਕਰਦਾ ਹੈ। ਜੇਕਰ ਕਿਤੇ ਇਲਾਜ ਦੌਰਾਨ ਮੌਤ ਵੀ ਹੁੰਦੀ ਹੈ ਤਾਂ ਇਸਦੇ ਲਈ ਡਾਕਟਰ ਜਾਂ ਹਸਪਤਾਲ ਨੂੰ ਜ਼ਿੰਮੇਦਾਰ ਨਹੀਂ ਠਹਿਰਾਉਣਾ ਚਾਹੀਦਾ। ਅਸੀਂ ਤਾਂ ਸਰਕਾਰ ਨੂੰ ਵੀ ਕਿਹਾ ਹੈ ਕਿ ਸਿਹਤ ਕਰਮਚਾਰੀਆਂ ਨਾਲ ਬਦਸਲੂਕੀ ਨੂੰ ਅਪਰਾਧ ਮੰਨਿਆ ਜਾਵੇ। ਇਸ ਲਈ ਐਕਟ ਬਣਾਇਆ ਜਾਵੇ ।
ਚੇਨ ਬ੍ਰੇਕ ਕਰ ਕੇ ਹੀ ਬਚਿਆ ਜਾ ਸਕਦੈ
ਪ੍ਰਸ਼ਨ -ਕੀ ਲਾਕਡਾਊਨ ਕਰ ਕੇ ਹੀ ਇਸ ਮਹਾਮਾਰੀ ਤੋਂ ਬਚਿਆ ਜਾ ਸਕਦਾ ਹੈ?
ਉੱਤਰ - ਕੋਰੋਨਾ ਨਾਲ ਜਿਹੜੀ ਲੜਾਈ ਚੱਲ ਰਹੀ ਹੈ ਉਹ ਤਿੰਨ ਤਰ੍ਹਾਂ ਦੀ ਹੈ। ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦਾ ਹੈ। ਜੇਕਰ ਅਸੀਂ ਵਿਅਕਤੀ ਵਲੋਂ ਵਿਅਕਤੀ ਵਿਚ ਇਸ ਪ੍ਰਕਿਰਿਆ ਰੋਕ ਦੇਈਏ ਅਰਥਾਤ ਚੇਨ ਬ੍ਰੇਕ ਕਰ ਦੇਈਏ ਤਾਂ ਕਾਫ਼ੀ ਹੱਦ ਤੱਕ ਇਸ ਮਹਾਮਾਰੀ ਨੂੰ ਰੋਕਿਆ ਅਤੇ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਕਾਰਨ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਸਾਫ਼-ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਹੱਥ ਧੋਂਦੇ ਰਹਿਣਾ ਚਾਹੀਦਾ ਹੈ। ਇਕ-ਦੂਜੇ ਤੋਂ ਦੋ ਮੀਟਰ ਦੀ ਦੂਰੀ ਬਣਾ ਕੇ ਰੱਖੋ। ਮਾਸਕ ਜ਼ਰੂਰ ਪਹਿਨੋ । ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰ ’ਚ ਰਹਿਣ। ਲਾਕਡਾਉੂਨ ਦੇ ਕਾਰਣ ਇਸ ਮਹਾਮਾਰੀ ਦਾ ਫੈਲਾਅ ਘੱਟ ਹੋਇਆ ਹੈ। ਨਿਜ਼ਾਮੂਦੀਨ ਦੀ ਤਬਲੀਗੀ ਜਮਾਤ ਦੇ ਮਰਕਜ਼ ਕਾਰਨ ਕੋਰੋਨਾ ਬਹੁਤ ਫੈਲਿਆ ਪਰ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪ੍ਰਸ਼ਨ - ਕੋਰੋਨਾ ਮਹਾਮਾਰੀ ਤੋਂ ਬਚਣ ਲਈ ਵੈਕਸੀਨ ਦਾ ਕਦੋਂ ਤਕ ਇੰਤਜ਼ਾਰ ਕਰਨਾ ਪਵੇਗਾ ?
ਉੱਤਰ - ਕਈ ਤਰ੍ਹਾਂ ਦੀਆਂ ਦਵਾਈਆਂ ’ਤੇ ਕੰਮ ਚੱਲ ਰਿਹਾ ਹੈ। ਅਮਰੀਕਾ ਵਿਚ ਇਕ ਦਵਾਈ ਨੂੰ ਲੈ ਕੇ ਟਰਾਇਲ ਚੱਲ ਰਿਹਾ ਹੈ। ਉਮੀਦ ਹੈ ਕਿ ਅਪ੍ਰੈਲ ਦੇ ਅੰਤ ਤੱਕ ਇਸ ਨੂੰ ਲੈ ਕੇ ਠੋਸ ਨਤੀਜੇ ਸਾਹਮਣੇ ਆ ਜਾਣਗੇ। ਜੇਕਰ ਇਹ ਹਾਂ-ਪੱਖੀ ਰਿਹਾ ਤਾਂ ਇਸ ਬੀਮਾਰੀ ਨਾਲ ਲੜਨ ਲਈ ਦਵਾਈ ਉਪਲਬਧ ਹੋ ਜਾਵੇਗੀ। ਫਿਰ ਆਉਣ ਵਾਲੇ ਦੋ-ਤਿੰਨ ਮਹੀਨਿਆਂ ਵਿਚ ਇਹ ਦਵਾਈ ਭਾਰਤ ਵਿਚ ਵੀ ਉਪਲਬਧ ਹੋਵੇਗੀ । ਜਿੱਥੋਂ ਤੱਕ ਗੱਲ ਹੈ ਵੈਕਸੀਨ ਦੀ ਤਾਂ, ਇਸ ਦਿਸ਼ਾ ਵਿਚ ਵੀ ਕੰਮ ਚੱਲ ਰਿਹਾ ਹੈ ਪਰ ਇਸ ਦੀ ਪ੍ਰਕਿਰਿਆ ਲੰਮੀ ਹੈ। ਆਮ ਤੌਰ ’ਤੇ ਵੈਕਸੀਨ ਬਣਾਉਣ ਵਿਚ ਚਾਰ-ਪੰਜ ਸਾਲ ਲੱਗਦੇ ਹਨ ਪਰ ਅੱਜ ਜਿਸ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਉਮੀਦ ਹੈ ਕਿ ਇਕ ਸਾਲ ਦੇ ਅੰਦਰ ਇਸ ਦੀ ਵੈਕਸੀਨ ਆ ਜਾਵੇਗੀ ।
ਨਿੱਜੀ ਯੂਨੀਵਰਸਿਟੀ ਦੀ ਕੋਰੋਨਾ ਪਾਜ਼ੀਟਿਵ ਵਿਦਿਆਰਥਣ ਬਾਰੇ ਵੱਡਾ ਖੁਲਾਸਾ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
NEXT STORY