ਮਾਛੀਵਾੜਾ ਸਾਹਿਬ (ਟੱਕਰ) : ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਵਲੋਂ ਬਾਹਰਲੇ ਸੂਬਿਆਂ ਤੋਂ ਆ ਰਹੇ ਵਿਅਕਤੀਆਂ ਨੂੰ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ 'ਚ 14 ਦਿਨਾਂ ਲਈ ਏਕਾਂਤਵਾਸ ਕੀਤਾ ਜਾ ਰਿਹ ਹੈ ਅਤੇ ਬੀਤੀ ਰਾਤ ਮਾਛੀਵਾੜਾ 'ਚ ਉਸ ਸਮੇਂ ਮਾਹੌਲ ਤਣਾਅਪੂਰਣ ਹੋ ਗਿਆ ਜਦੋਂ ਏਕਾਂਤਵਾਸ ਕੀਤੇ ਵਿਅਕਤੀਆਂ ਨੇ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਉਪਰ ਜਾਨਵਰਾਂ ਵਾਲਾ ਸਲੂਕ ਕਰਨ ਦੇ ਦੋਸ਼ ਲਗਾਏ ਜਿਸ ਕਾਰਨ ਉਹ ਬੰਦ ਕਮਰੇ ਅੰਦਰ ਹੀ ਮਲ ਮੂਤਰ ਕਰਨ ਲਈ ਮਜਬੂਰ ਹੁੰਦੇ ਰਹੇ। ਮਾਛੀਵਾੜਾ ਦਾ ਸ੍ਰੀ ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਕਿ 29 ਵਿਅਕਤੀ ਏਕਾਂਤਵਾਸ ਕੀਤੇ ਹੋਏ ਹਨ ਜੋ ਕਿ ਬਾਹਰਲੇ ਸੂਬਿਆਂ ਤੋਂ ਆਏ ਹਨ। ਇਨ੍ਹਾਂ 'ਚੋਂ ਕਈ ਵਿਅਕਤੀ ਕੋਰੋਨਾ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਸਾਵਧਾਨੀ ਵਜੋਂ ਉਨ੍ਹਾਂ ਨੂੰ ਏਕਾਂਤਵਾਸ ਕੀਤਾ ਹੋਇਆ ਹੈ। 3 ਮਈ ਤੋਂ ਸਕੂਲ 'ਚ ਏਕਾਂਤਵਾਸ ਬੈਠੇ ਵਿਅਕਤੀਆਂ ਲਈ ਪ੍ਰਸ਼ਾਸਨ ਨੇ ਲੰਗਰ ਅਤੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਰਾਤ ਸਮੇਂ ਪੁਲਸ ਮੁਲਾਜ਼ਮ ਨਿਗਰਾਨੀ ਕਰਦੇ ਸਨ ਕਿ ਕਿਧਰੇ ਇਹ ਫ਼ਰਾਰ ਨਾ ਹੋ ਜਾਣ।
ਕਰੀਬ 7 ਦਿਨ ਤਾਂ ਇਹ ਸਾਰੇ ਏਕਾਂਤਵਾਸ ਕੀਤੇ 29 ਵਿਅਕਤੀ ਠੀਕ ਮਾਹੌਲ 'ਚ ਰਹੇ ਪਰ ਬੀਤੀ ਰਾਤ ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਨੇ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਕਮਰਿਆਂ 'ਚ ਬੰਦ ਕਰ ਬਾਹਰੋਂ ਤਾਲੇ ਲਗਾ ਦਿੱਤੇ। 10 ਵਜੇ ਤੋਂ ਬਾਅਦ ਕੁੱਝ ਵਿਅਕਤੀਆਂ ਨੇ ਪੁਲਸ ਕਰਮਚਾਰੀਆਂ ਕੋਲ ਗੁਹਾਰ ਲਗਾਈ ਕਿ ਉਨ੍ਹਾਂ ਨੂੰ ਮਲ-ਮੂਤਰ ਲਈ ਬਾਹਰ ਦਿੱਤਾ ਜਾਵੇ ਪਰ ਦਰਵਾਜ਼ੇ ਨਾ ਖੋਲ੍ਹੇ ਗਏ ਜਿਸ ਕਾਰਨ ਇਹ ਸਾਰੇ ਵਿਅਕਤੀ ਬੰਦ ਕਮਰੇ ਅੰਦਰ ਹੀ ਪਈਆਂ ਬਾਲਟੀਆਂ 'ਚ ਪਿਸ਼ਾਬ ਕਰਦੇ ਰਹੇ। ਜਾਨਵਰਾਂ ਵਾਲਾ ਸਲੂਕ ਹੋਣ 'ਤੇ ਇਨ੍ਹਾਂ ਵਿਅਕਤੀਆਂ ਨੇ ਸਕੂਲ ਦੇ ਬੰਦ ਕਮਰੇ 'ਚੋਂ ਹੀ ਆਪਣੇ ਨਾਲ ਹੋ ਰਹੇ ਮਾੜੇ ਵਿਵਹਾਰ ਅਤੇ ਕਮਰੇ 'ਚ ਪਏ ਮਲ ਮੂਤਰ ਦੀ ਵੀਡਿਓ ਸੋਸ਼ਲ ਮੀਡਿਆ 'ਤੇ ਪਾਉਣ ਦੇ ਨਾਲ ਪੱਤਰਕਾਰਾਂ ਨੂੰ ਵੀ ਭੇਜ ਦਿੱਤੀਆਂ ਜਿਸ ਨਾਲ ਪੁਲਸ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ।
ਸਵੇਰੇ ਹੀ ਡੀ.ਐਸ.ਪੀ. ਸਮਰਾਲਾ ਐੱਚ.ਐੱਸ. ਮਾਨ, ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ, ਤਹਿਸੀਲਦਾਰ ਨਵਦੀਪ ਸਿੰਘ ਭੋਗਲ, ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਸਕੂਲ 'ਚ ਪੁੱਜੇ ਜਿਨ੍ਹਾਂ ਏਕਾਂਤਵਾਸ ਹੋਏ ਵਿਅਕਤੀਆਂ ਦੀ ਸਮੱਸਿਆ ਸੁਣ ਇਸ ਦਾ ਤੁਰੰਤ ਹੱਲ ਕਰਵਾਇਆ। ਸਕੂਲ 'ਚ ਏਕਾਂਤਵਾਸ ਬੈਠੇ ਕਰੀਬ 4 ਵਿਅਕਤੀ ਪਿੰਡ ਮੁਬਾਰਕਪੁਰ ਦੇ ਹਨ ਜੋ ਕਿ ਆਪਣੇ 2 ਸਾਥੀ ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਦੇ ਸੰਪਰਕ 'ਚ ਆਏ ਸਨ। ਬੇਸ਼ੱਕ ਇਹ ਵਿਅਕਤੀ ਬਾਹਰਲੇ ਸੂਬਿਆਂ 'ਚ ਕੰਬਾਇਨਾਂ ਦਾ ਕੰਮ ਕਰਦੇ ਸਨ ਜੋ ਕਿ ਉਥੋਂ ਸ੍ਰੀ ਹਜ਼ੂਰ ਸਾਹਿਬ ਚਲੇ ਗਏ ਅਤੇ ਫਿਰ ਸ਼ਰਧਾਲੂਆਂ ਨਾਲ ਬੱਸਾਂ ਰਾਹੀਂ ਪੰਜਾਬ ਆਏ। ਇਨ੍ਹਾਂ ਵਿਅਕਤੀਆਂ ਨੇ ਪ੍ਰਸਾਸ਼ਨ ਨੂੰ ਦੱਸਿਆ ਕਿ ਉਹ ਕੁੱਝ ਦਿਨ ਪਹਿਲਾਂ ਲੁਧਿਆਣਾ ਤੇ ਹੁਣ ਮਾਛੀਵਾੜਾ 'ਚ ਏਕਾਂਤਵਾਸ ਹਨ ਅਤੇ ਉਨ੍ਹਾਂ ਦੇ 14 ਦਿਨ ਪੂਰੇ ਹੋ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਆਪਣੇ ਘਰ ਵਾਪਿਸ ਭੇਜ ਦਿੱਤਾ ਜਾਵੇ।
ਪੁਲਸ ਕਰਮਚਾਰੀ ਦਾ ਤਬਾਦਲਾ ਕਰ ਦਿੱਤਾ ਗਿਆ : ਡੀ.ਐੱਸ.ਪੀ.
ਡੀ.ਐਸ.ਪੀ. ਐੱਚ.ਐੱਸ. ਮਾਨ ਨੇ ਦੱਸਿਆ ਕਿ ਸਰਕਾਰੀ ਸਕੂਲ 'ਚ ਏਕਾਂਤਵਾਸ ਕੀਤੇ ਸਾਰੇ ਵਿਅਕਤੀਆਂ ਦਾ ਪੁਲਸ ਪ੍ਰਸ਼ਾਸਨ ਵਲੋਂ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਬੀਤੀ ਰਾਤ ਇਕ ਪੁਲਸ ਕਰਮਚਾਰੀ ਨੇ ਜੋ ਇਨ੍ਹਾਂ ਵਿਅਕਤੀਆਂ ਨੂੰ ਕਮਰੇ 'ਚ ਬੰਦ ਕਰ ਦਿੱਤਾ ਜਿਸ ਨਾਲ ਉਨ੍ਹਾਂ ਨੂੰ ਮਲ ਮੂਤਰ ਦੀ ਸਮੱਸਿਆ ਆਈ ਅਤੇ ਇਸ ਮਾੜੇ ਵਿਵਹਾਰ ਕਾਰਨ ਉਸ ਕਰਮਚਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਏਕਾਂਤਵਾਸ ਦੌਰਾਨ ਕੁੱਝ ਵਿਅਕਤੀ ਇਹ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਦੇ 14 ਦਿਨ ਪੂਰੇ ਹੋ ਗਏ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇ ਜਿਸ 'ਤੇ ਪੁਲੀਸ ਕਰਮੀ ਨੇ ਡਰਦੇ ਹੋਏ ਕਿ ਕਿਧਰੇ ਇਹ ਫ਼ਰਾਰ ਨਾ ਹੋ ਜਾਣ ਇਸ ਲਈ ਰਾਤ ਨੂੰ ਉਨ੍ਹਾਂ ਨੂੰ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਪਰ ਫਿਰ ਵੀ ਇਸ ਮਾੜੇ ਵਿਵਹਾਰ ਲਈ ਪੁਲੀਸ ਕਰਮੀ ਦਾ ਤਬਾਦਲਾ ਕਰ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਜਗਬਾਣੀ ਸੈਰ ਸਪਾਟਾ ਵਿਸ਼ੇਸ਼-7 : ਰਾਜਧਾਨੀ ਐਕਸਪ੍ਰੈੱਸ ਦਾ ਯਾਦਗਾਰ ਸਫ਼ਰ
NEXT STORY