ਭੁਲੱਥ (ਰਜਿੰਦਰ ਕੁਮਾਰ) : ਚੀਨ ਵਿਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਹੁਣ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦੀ ਸਿਹਤ ਵਿਭਾਗ ਵਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਹਲਕਾ ਭੁਲੱਥ ਦੇ 10 ਲੋਕਾਂ ਦੀ ਸਬ-ਡਵੀਜ਼ਨ ਹਸਪਤਾਲ ਭੁਲੱਥ ਵਿਖੇ ਵਿਸ਼ੇਸ਼ ਸਕਰੀਨਿੰਗ ਕੀਤੀ ਗਈ ਹੈ। ਇਹ 10 ਲੋਕ ਵੱਖ-ਵੱਖ ਦੇਸ਼ਾਂ ਤੋਂ ਇਥੇ ਆਏ ਹਨ। ਦੱਸਣਯੋਗ ਹੈ ਕਿ ਹਾਲ ਹੀ ਵਿਚ ਇਟਲੀ ਤੋਂ ਦੋ ਨੌਜਵਾਨ ਇਥੇ ਪਹੁੰਚੇ ਹਨ, ਜਿਨ੍ਹਾਂ ਦਾ ਚਾਰ ਮੈਂਬਰੀ ਟੀਮ ਵਲੋਂ ਚੈਕਅੱਪ ਕੀਤਾ ਗਿਆ ਹੈ। ਇਸ ਟੀਮ ਵਿਚ ਐੱਸ. ਐੱਮ. ਓ. ਭੁਲੱਥ ਡਾ. ਦੇਸ ਰਾਜ ਭਾਰਤੀ, ਜ਼ਿਲਾ ਐਪੀਡੀਮੋਲੀਜਿਸਟ ਡਾ. ਰਾਜੀਵ ਭਗਤ, ਪਥੈਲੋਜਿਸਟ ਡਾ. ਮੋਹਿਤ ਤੇ ਡਾ. ਸ਼ਲਿੰਦਰ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਬ-ਡਵੀਜ਼ਨ ਹਸਪਤਾਲ ਭੁਲੱਥ ਵਿਖੇ 8 ਹੋਰ ਲੋਕਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ।
ਇਸ ਸੰਬੰਧੀ ਗੱਲਬਾਤ ਕਰਦਿਆਂ ਸਬ-ਡਵੀਜ਼ਨ ਹਸਪਤਾਲ ਭੁਲੱਥ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸ ਰਾਜ ਭਾਰਤੀ ਨੇ ਦੱਸਿਆ ਕਿ ਵਿਦੇਸ਼ ਤੋਂ ਭੁਲੱਥ ਇਲਾਕੇ ਵਿਚ ਆਉਣ ਵਾਲੇ 10 ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਵਿਚ ਕਰੋਨਾ ਵਾਇਰਸ ਦੇ ਮੁਢਲੇ ਲੱਛਣ ਨਹੀਂ ਪਾਏ ਗਏ ਪਰ ਫਿਰ ਵੀ ਇਨ੍ਹਾਂ ਲੋਕਾਂ 'ਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ 28 ਦਿਨ ਨਜ਼ਰ ਰਹੇਗੀ। ਉਨ੍ਹਾਂ ਦੱਸਿਆ ਕਿ ਜੇਕਰ ਇਨ੍ਹਾਂ ਵਿਚੋਂ ਕਿਸੇ ਨੂੰ ਖਾਂਸੀ, ਜ਼ੁਕਾਮ ਆਦਿ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਸ ਦਾ ਅਗਾਂਹ ਚੈਕਅੱਪ ਕੀਤਾ ਜਾਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਜਿਹੜੇ ਯਾਤਰੀ ਵਿਦੇਸ਼ ਤੋਂ ਆ ਰਹੇ ਹਨ, ਉਨ੍ਹਾਂ ਦੀ ਲਿਸਟ ਪੰਜਾਬ ਸਰਕਾਰ ਤੋਂ ਬਾਅਦ ਜ਼ਿਲਾ ਪੱਧਰ 'ਤੇ ਹੁੰਦੀ ਹੋਈ ਬਲਾਕ ਦੇ ਹਸਪਤਾਲਾਂ ਵਿਚ ਪਹੁੰਚਦੀ ਹੈ, ਜਿਨ੍ਹਾਂ ਦੀ ਭਾਲ ਕਰਕੇ ਉਨ੍ਹਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਭੁਲੱਥ ਦੇ 5, ਪਿੰਡ ਖੱਸਣ ਦੇ 2, ਭਟਨੂਰਾ ਕਲਾਂ ਦਾ 1, ਬਗਵਾਨਪੁਰ ਦਾ 1 ਅਤੇ ਪਿੰਡ ਬੋਪਾਰਾਏ ਦੇ 1 ਵਿਅਕਤੀ ਜੋ ਵਿਦੇਸ਼ ਤੋਂ ਆਇਆ ਹੈ, ਦੀ ਸਕਰੀਨਿੰਗ ਕੀਤੀ ਗਈ ਹੈ, ਜਿਨ੍ਹਾਂ ਵਿਚ ਹਾਲੇ ਤੱਕ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਹਨ।
ਇੱਥੇ ਤੁਹਾਨੂੰ ਦੱਸ ਦੇਈਏ ਕਿ ਸਾਵਧਾਨੀ ਵਰਤਦੇ ਹੋਏ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
1. ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਵੋ। ਹੋ ਸਕੇ ਤਾਂ ਹੱਥਾਂ ਨੂੰ ਸਾਫ ਕਰਨ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।
2. ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਪਰਹੇਜ਼ ਕਰੋ।
3. ਖੰਘਦੇ ਹੋਏ ਜਾਂ ਛਿੱਕਦੇ ਹੋਏ ਡਿਸਪੋਜ਼ੇਬਲ ਟਿਸ਼ੂ ਦਾ ਇਸਤੇਮਾਲ ਕਰੋ।
4. ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਸੁੱਟ ਦਿਓ ਅਤੇ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ।
5. ਟਿਸ਼ੂ ਨਹੀਂ ਹੈ ਤਾਂ ਛਿਕਦੇ ਜਾਂ ਖੰਘਦੇ ਹੋਏ ਬਾਂਹ ਦਾ ਇਸਤੇਮਾਲ ਕਰੋ। ਪਰ ਖੁੱਲ੍ਹੀ ਹਵਾ 'ਚ ਖੰਘਣ ਜਾਂ ਛਿੱਕਣ ਤੋਂ ਪਰਹੇਜ਼ ਕਰੋ।
6. ਬਿਨਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਲਗਾਓ।
7. ਬੀਮਾਰ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
8. ਜਾਨਵਰਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
9. ਪਾਲਤੂ ਜਾਨਵਰਾਂ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।
ਹਨ। ਮੀਟ, ਅੰਡੇ ਆਦਿ ਖਾਣ ਤੋਂ ਪਹਹੇਜ਼ ਕਰੋ। ਹੋ ਸਕੇ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਓ।
ਜੇਕਰ ਤੁਹਾਨੂੰ ਖੰਘ, ਬੁਖਾਰ ਅਤੇ ਛਿੱਕਾਂ ਆਦਿ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮੋਗਾ ਦੇ ਸਿਵਲ ਹਸਪਤਾਲ 'ਚੋਂ ਫਰਾਰ
18 ਲੱਖ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY