ਨਾਭਾ (ਭੂਪਾ): ਮਹਾਮਾਰੀ ਦਾ ਰੂਪ ਧਾਰਨ ਕੀਤੇ 'ਕੋਰੋਨਾ ਵਾਇਰਸ' ਦੀ ਰੋਕਥਾਮ ਲਈ ਕੇਂਦਰ ਅਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸੀ ਨਾਲ ਕੰਮ ਲੈ ਰਹੀ ਹੈ। 'ਕੋਰੋਨਾ ਵਾਇਰਸ' ਦੀ ਤੀਜੀ ਸਟੇਜ ਨਾਲ ਸੰਘਰਸ਼ ਕਰਦੀ ਕੇਂਦਰ ਅਤੇ ਪੰਜਾਬ ਸਰਕਾਰ ਨੇ ਅਗਾਊਂ ਪ੍ਰਬੰਧਾਂ ਵਜੋਂ ਹਰ ਤਰ੍ਹਾਂ ਦੀ ਅਹਿਤਿਆਤ ਵਰਤਣੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਸੇ ਲੜੀ ਤਹਿਤ ਵਿਦੇਸ਼ਾਂ 'ਚੋਂ ਪਰਤੇ ਪੰਜਾਬੀਆਂ ਦੀ ਜਾਰੀ ਲਿਸਟ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਹੋਲੇ-ਮਹੱਲੇ 'ਚ ਗਏ ਲੋਕਾਂ ਅਤੇ ਸਰਕਾਰੀ ਮੁਲਾਜ਼ਮਾਂ ਦਾ ਡਾਟਾ ਵੀ ਤਿਆਰ ਹੋਣਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਲੋਕਾਂ ਤੋਂ ਇਲਾਵਾ ਸਰਕਾਰੀ ਮੁਲਾਜ਼ਮ ਵੀ ਇਸ ਦੇ ਘੇਰੇ ਵਿਚ ਆਉਂਦੇ ਨਜ਼ਰ ਆ ਰਹੇ ਹਨ। ਇਸ ਦੀ ਪੁਸ਼ਟੀ ਕਰਦਿਆਂ ਨਾਭਾ ਵਿਖੇ ਕਰਫਿਊ ਦੌਰਾਨ ਇਕ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਉਹ ਵੀ ਟੈਸਟ ਕਰਵਾ ਕੇ ਆਇਆ ਹੈ। ਬੀਤੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਸ ਨੇ ਡਿਊਟੀ ਨਿਭਾਈ ਸੀ।
ਇਹ ਵੀ ਪੜ੍ਹੋ: ਬਰਨਾਲਾ: 3 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
ਨਾਭਾ 'ਚ ਨਿਗਰਾਨ ਹੇਠ ਵਿਅਕਤੀਆਂ ਦੀ ਗਿਣਤੀ ਵਧੀ
ਰਿਆਸਤੀ ਸ਼ਹਿਰ ਨਾਭਾ 'ਚ ਵਿਦੇਸ਼ੋਂ ਪਰਤੇ ਵਿਅਕਤੀਆਂ ਦੀ ਗਿਣਤੀ 157 ਤੱਕ ਪੁੱਜੀ ਹੋਈ ਸੀ। ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਸ੍ਰੀ ਅਨੰਦਪੁਰ ਸਾਹਿਬ ਗਏ ਵਿਅਕਤੀਆਂ ਦੀ ਗਿਣਤੀ ਸਬੰਧੀ ਲਿਸਟ ਵਾਇਰਲ ਹੋ ਰਹੀ ਹੈ। ਇਸ ਅਨੁਸਾਰ ਹਲਕਾ ਨਾਭਾ ਤੋਂ 95 ਵਿਅਕਤੀ ਸ਼ਾਮਲ ਦੱਸੇ ਜਾ ਰਹੇ ਹਨ। ਇਸ ਤਰ੍ਹਾਂ ਨਾਭਾ ਵਿਚ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਰੱਖੇ ਵਿਅਕਤੀਆਂ ਦੀ ਗਿਣਤੀ 250 ਤੋਂ ਪਾਰ ਹੋ ਗਈ ਹੈ।
ਸ੍ਰੀ ਅਨੰਦਪੁਰ ਸਾਹਿਬ ਗਏ ਵਿਅਕਤੀਆਂ ਦੀ ਸੋਸ਼ਲ ਮੀਡੀਆ 'ਤੇ ਵਾਇਰਲ 'ਚੋਂ ਹੋਈ ਲਿਸਟ ਅਨੁਸਾਰ ਇਲਾਕੇ ਦੇ ਪਿੰਡ ਨੌਹਰਾ 'ਚੋਂ ਸਭ ਤੋਂ ਵੱਧ 23 ਵਿਅਕਤੀ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਗਏ ਸਨ। ਪਿੰਡ ਆਲੋਵਾਲ ਦੇ 6, ਕਰਤਾਰ ਕਾਲੋਨੀ ਦੇ 4, ਦੰਦਰਾਲਾ ਢੀਂਡਸਾ ਦੇ 5, ਕੋਟ ਖੁਰਦ ਦੇ 4, ਹਸਨਪੁਰ ਦੇ 4, ਤੁੰਗਾਂ ਦੇ 5, ਗਲਵੱਟੀ ਦੇ 6, ਲੋਪੇ ਦਾ 1, ਹੱਲਾ ਦੇ 2, ਥੂਹੀ ਦੇ 2, ਸ਼ਮਸ਼ਪੁਰ ਦਾ 1, ਖੋਖ ਦੇ 10, ਕੋਟਲੀ ਦੇ 5, ਅਜਨੌਦਾ ਖੁਰਦ ਦੇ 5, ਮਟੋਰੜਾ ਦੇ 1, ਕਲਿਹਾਣਾ ਦੇ 5, ਵਜ਼ੀਦਪਰ ਦੇ 2, ਬਹਿਬਲਪੁਰ ਦੇ 1 ਅਤੇ ਕਮੇਲੀ ਦੇ 2 ਵਿਅਕਤੀ ਸ਼ਾਮਲ ਹਨ। ਇਨ੍ਹਾਂ ਵਿਅਕਤੀਆਂ ਦੇ ਘਰਾਂ ਬਾਹਰ 'ਏਕਾਂਤਵਾਸ' ਸਬੰਧੀ ਪ੍ਰਸ਼ਾਸਨਕ ਹੁਕਮ ਜਾਰੀ ਕੀਤੇ ਗਏ ਹਨ ਜਾਂ ਨਹੀਂ, ਜਦੋਂ ਇਸ ਸਬੰਧੀ ਜਦੋਂ ਐੱਸ. ਐੱਮ. ਓ. ਨਾਭਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਬ ਨਹੀ ਸਮਝਿਆ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ : ਚਾਰ ਸ਼ੱਕੀਆਂ ਦੇ ਭੇਜੇ ਸੈਂਪਲ, ਡੇਰਾ ਬਿਆਸ 'ਚ ਕੀਤਾ ਜਾਵੇਗਾ ਆਈਸੋਲੇਟ
ਕੀ ਕਹਿੰਦੇ ਹਨ ਸਰਕਾਰੀ ਅਧਿਕਾਰੀ?
ਪ੍ਰਸ਼ਾਸਨ ਵੱਲੋਂ ਸਥਾਪਤ ਕੰਟਰੋਲ ਰੂਮ ਦੀ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਨਾਭਾ ਵਿਚ ਵਿਦੇਸ਼ਾਂ 'ਚੋਂ ਪਰਤੇ ਪੰਜਾਬੀਆਂ ਦੀ ਗਿਣਤੀ 157 ਤੱਕ ਪੁੱਜ ਗਈ ਸੀ ਜਦਕਿ ਇਕ ਜਾਂ ਦੋ ਹੋਰ ਮਾਮਲੇ ਇਸ ਗਿਣਤੀ ਤੋਂ ਬਾਅਦ ਵਧੇ ਹਨ। ਸ੍ਰੀ ਅਨੰਦਪੁਰ ਸਾਹਿਬ ਗਏ ਵਿਅਕਤੀਆਂ ਦੀ ਲਿਸਟ ਵੀ ਅੱਜ ਮਹਿਕਮੇ ਕੋਲ ਪੁੱਜ ਗਈ ਹੈ, ਜਿਸ ਕਾਰਣ ਉਪਰੋਕਤ ਨਿਗਰਾਨ ਹੇਠ ਆਏ ਵਿਅਕਤੀਆਂ ਦੀ ਗਿਣਤੀ 250 ਪਾਰ ਕਰ ਗਈ ਹੈ। ਉਨ੍ਹਾਂ ਦੱਸਿਆ ਕਿ ਨਿਗਰਾਨ ਹੇਠ ਆਏ ਇਨ੍ਹਾਂ ਸਾਰੇ ਵਿਅਕਤੀਆਂ ਦੇ ਏਕਾਂਤਵਾਸ ਸਬੰਧੀ ਐੱਸ. ਐੱਮ. ਓ. ਹੀ ਜਾਣਕਾਰੀ ਦੇ ਸਕਦੇ ਹਨ।
ਕੋਰੋਨਾ ਵਾਇਰਸ : ਚਾਰ ਸ਼ੱਕੀਆਂ ਦੇ ਭੇਜੇ ਸੈਂਪਲ, ਡੇਰਾ ਬਿਆਸ 'ਚ ਕੀਤਾ ਜਾਵੇਗਾ ਆਈਸੋਲੇਟ
NEXT STORY