ਸਮਰਾਲਾ, (ਗਰਗ)— ਸਥਾਨਕ ਪ੍ਰਸ਼ਾਸਨ ਨੇ ਐਤਵਾਰ ਨੇੜਲੇ ਪਿੰਡ ਨਾਗਰਾ ਵਿਖੇ ਫਤਿਹਗੜ੍ਹ ਸਾਹਿਬ ਤੋਂ ਆ ਕੇ ਠਹਿਰੇ ਇਕ ਵਿਅਕਤੀ ਦੀ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ 'ਤੇ ਰੈਪਿਡ ਰਿਸਪਾਂਸ ਟੀਮ ਭੇਜਦੇ ਹੋਏ ਇਸ ਵਿਅਕਤੀ ਨੂੰ ਕੋਰੋਨਾ ਦੇ ਟੈਸਟ ਲਈ ਸਿਵਲ ਹਸਪਤਾਲ ਲੁਧਿਆਣਾ ਭੇਜਿਆ ਗਿਆ ਹੈ। ਇਸ ਤੋਂ ਜਿਸ ਪਰਿਵਾਰ 'ਚ ਆ ਕੇ ਇਹ ਵਿਅਕਤੀ ਰੁਕਿਆ ਸੀ, ਉਸ ਪਰਿਵਾਰ ਨੂੰ ਅਗਲੇ 14 ਦਿਨਾਂ ਲਈ ਏਕਾਂਤਵਾਸ 'ਚ ਰਹਿਣ ਲਈ ਕਿਹਾ ਹੈ।
ਇਸ ਸਬੰਧੀ ਸਮਰਾਲਾ ਦੇ ਐੱਸ. ਡੀ. ਐੱਮ. ਗੀਤਿਕਾ ਸਿੰਘ ਨੇ ਦੱਸਿਆ ਕਿ ਐਤਵਾਰ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਸੀ, ਕਿ ਫਤਿਹਗੜ੍ਹ ਸਾਹਿਬ ਦੇ ਪਿੰਡ ਸਹਾਣੀਪੁਰ ਦਾ ਇਕ ਵਿਅਕਤੀ ਕਰਫਿਊ ਦੌਰਾਨ ਵੀ ਮੂਵਮੈਂਟ ਕਰਦਾ ਹੋਇਆ ਨੇੜਲੇ ਪਿੰਡ ਨਾਗਰਾ ਵਿਖੇ ਇਕ ਘਰ 'ਚ ਆ ਕੇ ਠਹਿਰਿਆ ਹੋਇਆ ਹੈ। ਐੱਸ. ਡੀ. ਐੱਮ. ਨੇ ਦੱਸਿਆ ਕਿ ਪਿੰਡ ਸਹਾਣੀਪੁਰ ਜਿਥੋਂ ਇਹ ਵਿਅਕਤੀ ਇਥੇ ਆਇਆ ਸੀ, ਉਸ ਪਿੰਡ 'ਚ ਪਹਿਲਾਂ ਹੀ 2 ਕੇਸ ਕੋਰੋਨਾ ਪਾਜ਼ੇਟਿਵ ਦੇ ਪਾਏ ਗਏ ਹਨ। ਇਸ 'ਤੇ ਤੁਰੰਤ ਪ੍ਰਸ਼ਾਸਨ ਨੇ ਮੌਕੇ 'ਤੇ ਰੈਪਿਡ ਰਿਸਪਾਂਸ ਟੀਮ ਭੇਜੀ ਅਤੇ ਇਸ ਵਿਅਕਤੀ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਅਗਲੀ ਜਾਂਚ ਲਈ ਭੇਜ ਦਿੱਤਾ ਗਿਆ।
ਐੱਸ. ਡੀ. ਐੱਮ. ਗੀਤਿਕਾ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਵਿਅਕਤੀ ਖਿਲਾਫ਼ ਬਿਨਾਂ ਕਰਫਿਊ ਪਾਸ ਮੂਵਮੈਂਟ ਕਰਨ ਦੇ ਦੋਸ਼ 'ਚ ਕਾਰਵਾਈ ਵੀ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਕਰਫਿਊ ਪਾਸ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੂਵਮੈਂਟ ਨਾ ਕੀਤੀ ਜਾਵੇ, ਜੇਕਰ ਇਸ ਤਰ੍ਹਾਂ ਕਰਦਾ ਕੋਈ ਵਿਅਕਤੀ ਧਿਆਨ 'ਚ ਆ ਜਾਂਦਾ ਹੈ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਮਨੈਲੀ ਦੇ 10 ਹੋਰ ਲੋਕਾਂ ਦੀ ਜਾਂਚ ਰਿਪੋਰਟ ਆਈ ਨੈਗੇਟਿਵ
NEXT STORY