ਰੂਪਨਗਰ,(ਕੈਲਾਸ਼)- ਸਿਵਲ ਹਸਪਤਾਲ ਰੂਪਨਗਰ 'ਚ ਅੱਜ ਇਕ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੇ ਭਰਤੀ ਹੋਣ ਦਾ ਸਮਾਚਾਰ ਹੈ। ਸ਼ਹਿਰ 'ਚ ਇਕ ਨੌਜਵਾਨ ਜੋ ਬੁਖਾਰ ਤੋਂ ਪੀੜਤ ਸੀ, ਉਸ ਨੂੰ ਮੋਰਿੰਡਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ। ਜਿਥੋਂ ਉਸ ਨੂੰ ਸਿਵਲ ਹਸਪਤਾਲ ਰੂਪਨਗਰ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਕੁਝ ਦਿਨ ਪਹਿਲਾਂ ਯੂ. ਕੇ. ਤੋਂ ਵਾਪਸ ਭਾਰਤ ਆਇਆ ਹੈ ਅਤੇ ਰਸਤੇ 'ਚ ਉਸਦਾ ਆਬੂਧਾਬੀ 'ਚ ਕੁਝ ਸਮੇਂ ਲਈ ਠਹਿਰਾਅ ਸੀ। ਭਾਰਤ ਪਹੁੰਚਣ 'ਤੇ ਉਸ ਨੂੰ ਬੁਖਾਰ ਦੀ ਸ਼ਿਕਾਇਤ ਹੋਈ, ਜਿਸ ਨੂੰ ਹੁਣ ਸਿਵਲ ਹਸਪਤਾਲ ਰੂਪਨਗਰ 'ਚ ਭਰਤੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਉਸ ਦੇ ਖੂਨ ਦੇ ਨਮੂਨੇ ਟੈਸਟ ਲਈ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਆਉਣ 'ਤੇ ਹੀ ਮਾਮਲੇ ਦੇ ਤੱਥ ਸਾਹਮਣੇ ਆ ਸਕਣਗੇ।
ਅਧਿਕਾਰੀਆਂ ਨੇ ਜਾਣਕਾਰੀ ਦੇਣ 'ਚ ਕੀਤੀ ਆਨਾ-ਕਾਨੀ
ਜਦੋਂ ਇਸ ਸਬੰਧੀ ਨੋਡਲ ਅਧਿਕਾਰੀ ਡਾ. ਰਾਜੀਵ ਅਗਰਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਜ਼ਿਲਾ ਐਪੀਡੀਮੋਲੋਜਿਸਟ ਡਾ. ਸੁਮਿਤ ਸ਼ਰਮਾ ਨਾਲ ਗੱਲ ਕਰਨ ਲਈ ਕਿਹਾ ਪਰ ਉਨ੍ਹਾਂ ਵੀ ਕਿਸੇ ਪ੍ਰਕਾਰ ਦੀ ਜਾਣਕਾਰੀ ਦੇਣ ਲਈ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੇ ਲਈ ਜ਼ਿਲਾ ਸਿਵਲ ਸਰਜਨ ਐੱਚ.ਐੱਨ. ਸ਼ਰਮਾ ਹੀ ਜਾਣਕਾਰੀ ਦੇ ਸਕਦੇ ਹਨ।
ਕੀ ਕਹਿੰਦੇ ਨੇ ਜ਼ਿਲਾ ਸਿਵਲ ਸਰਜਨ
ਇਸ ਸਬੰਧ 'ਚ ਜਦੋਂ ਜ਼ਿਲਾ ਸਿਵਲ ਸਰਜਨ ਡਾ. ਐੱਚ. ਐੱਨ. ਸ਼ਰਮਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਮੇਲੇ 'ਚ ਵਿਅਸਤ ਸਨ। ਉਨ੍ਹਾਂ ਫੋਨ 'ਤੇ ਦੱਸਿਆ ਕਿ ਇਕ ਵਿਅਕਤੀ ਜੋ ਵਿਦੇਸ਼ ਤੋਂ ਆਇਆ ਹੈ ਅਤੇ ਮੋਰਿੰਡਾ ਦਾ ਰਹਿਣ ਵਾਲਾ ਹੈ, ਜਿਸ ਨੂੰ ਰੂਪਨਗਰ ਦੇ ਹਸਪਤਾਲ 'ਚ ਦਾਖਲ ਕਰ ਲਿਆ ਗਿਆ ਹੈ ਅਤੇ ਉਸ ਦੇ ਖੂਨ ਦਾ ਸੈਂਪਲ ਜਾਂਚ ਲਈ ਭੇਜ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਸਬੰਧੀ ਜ਼ਿਲਾ ਸਿਵਲ ਸਰਜਨ ਦਫਤਰ ਦੇ ਬਾਹਰ ਇਕ ਵੱਡਾ ਪੋਸਟਰ ਵੀ ਚਿਪਕਾਇਆ ਗਿਆ ਹੈ, ਜਿਸ 'ਚ ਵਿਦੇਸ਼ਾਂ ਤੋਂ ਵਿਸ਼ੇਸ਼ਕਰ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੇ ਸੰਪਰਕ 'ਚ ਨਾ ਆਉਣ ਲਈ ਕਿਹਾ ਗਿਆ ਹੈ।
ਆਈਸੋਲੇਸ਼ਨ ਵਾਰਡ ਨੂੰ ਲੱਗੇ ਹਨ ਤਾਲੇ
ਇਸ ਸਬੰਧ 'ਚ ਜਦੋਂ ਸਿਵਲ ਹਸਪਤਾਲ ਰੂਪਨਗਰ ਦੇ ਆਈਸੋਲੇਸ਼ਨ ਵਾਰਡ ਦਾ ਦੌਰਾ ਕੀਤਾ ਗਿਆ ਤਾਂ ਉਥੇ 2 ਅਲੱਗ-ਅਲੱਗ ਵਾਰਡ ਬਣਾਏ ਹੋਏ ਸੀ, ਜਿਨ੍ਹਾਂ 'ਚੋਂ ਇਕ ਐੱਚ-1 ਐੱਨ-1 ਲਈ ਅਤੇ ਦੂਸਰਾ ਕੋਰੋਨਾ ਵਾਇਰਸ ਲਈ ਬਣਾਇਆ ਗਿਆ ਸੀ, ਪਰ ਦੋਵੇਂ ਵਾਰਡਾਂ ਨੂੰ ਤਾਲੇ ਲੱਗੇ ਹੋਏ ਸੀ।
ਪੰਜਾਬ ਸਰਕਾਰ ਵਿਲੱਖਣ ਤਰੀਕੇ ਨਾਲ ਮਨਾਏਗੀ ਕੌਮਾਂਤਰੀ ਮਹਿਲਾ ਦਿਵਸ
NEXT STORY