ਅੰਮ੍ਰਿਤਸਰ— ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਹੁਣ ਤੱਕ ਪੰਜਾਬ 'ਚੋਂ 38 ਸਾਹਮਣੇ ਆ ਚੁੱਕੇ ਹਨ। ਇਕ ਪਾਸੇ ਜਿੱਥੇ ਇਸ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ, ਉਥੇ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਆਪਣੇ-ਆਪਣੇ ਪੱਧਰ 'ਤੇ ਪਹਿਲ ਕਦਮ ਚੁੱਕੇ ਜਾ ਰਹੇ ਹਨ। ਵਿਸ਼ਵ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ਵ ਭਰ ਦੀਆਂ ਸਮੂਹ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦੀ ਖਾਸ ਅਪੀਲ ਕੀਤੀ ਹੈ। ਅਪੀਲ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਾਰੇ ਵਿਸ਼ਨ 'ਚ ਮਨੁੱਖੀ ਜਾਤੀ ਕੋਰੋਨਾ ਵਾਇਰਸ ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਹ ਵਾਇਰਸ ਕੁਦਰਤੀ ਫੈਲਦਾ ਹੈ ਜਾਂ ਗੈਰ ਕੁਦਰਤੀ ਇਸ ਨੇ ਕਈ ਦੇਸ਼ਾਂ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਮੌਤ ਦੇ ਮੂੰਹ 'ਚ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਆਪਣੇ ਫਲਸਫੇ ਨੂੰ ਮੰਨਦੇ ਹੋਏ ਸਰਬਤ ਦੇ ਭਲੇ ਦੀ ਕਾਮਨਾ ਕਰਦਾ ਹੈ। ਇਸ ਲਈ ਸਾਰੀ ਮਾਨਵਤਾ ਦਾ ਇਸ ਖਤਰੇ 'ਚ ਮਦਦ ਕਰਨਾ ਸਿੱਖ ਕੌਮ ਦਾ ਜ਼ਰੂਰੀ ਫਰਜ਼ ਹੈ।
ਇਹ ਵੀ ਪੜ੍ਹੋ : ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ
ਉਨ੍ਹਾਂ ਕਿਹਾ ਕਿ 'ਗੁਰੂ ਦੀ ਗੋਲਕ ਗਰੀਬ ਦਾ ਮੁੱਖ' ਅਨੁਸਾਰ ਵਿਸ਼ਵ ਭਰ ਦੀਆਂ ਸਮੂਹ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਪਣੇ-ਆਪਣੇ ਇਲਾਕਿਆਂ 'ਚ ਲੋੜਵੰਦਾਂ ਦੀ ਹਰ ਪਾਸਿਓਂ ਮਦਦ ਕਰਨ ਲਈ ਅੱਗੇ ਆਉਣ। ਖਾਸ ਕਰਕੇ ਵਿਦੇਸ਼ਾਂ 'ਚ ਪੜ੍ਹਨ ਗਏ ਵਿਦਿਆਰਥੀਆਂ ਦੀ ਮਦਦ ਲਈ ਗੁਰੂ ਘਰਾਂ ਦੇ ਖਜਾਨੇ ਦਾ ਇਸਤੇਮਾਲ ਖੁੱਲ੍ਹ ਕੇ ਕੀਤਾ ਜਾਵੇ। ਉਨ੍ਹਾਂ ਕਿਹਾ ਘਰ ਦੀ ਸਰਾਵਾਂ ਨੂੰ ਲੋੜ ਪੈਣ 'ਤੇ ਵਾਇਰਸ ਪੀੜਤਾਂ ਲਈ ਤਿਆਰ ਰੱਖੀਆਂ ਜਾਣ। ਉਨ੍ਹਾਂ ਕਿਹਾ ਕਿ ਆਪਣੇ-ਆਪਣੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਸਿਹਤ ਵਿਭਾਗਾਂ ਦੇ ਆਦੇਸ਼ਾਂ ਦਾ ਪਾਲਣ ਕੀਤਾ ਜਾਵੇ ਅਤੇ ਗੁਰੂ ਘਰਾਂ 'ਚ ਰੋਜ਼ਾਨਾ ਦੀ ਮਰਿਆਦਾ ਨੂੰ ਨਿਭਾਉਂਦੇ ਹੋਏ ਫਿਲਹਾਲ ਵੱਡੇ ਪ੍ਰੋਗਰਾਮਾਂ ਨੂੰ ਦੋ ਹਫਤਿਆਂ ਤੱਕ ਮੁਅੱਤਲ ਕਰ ਦਿੱਤਾ ਜਾਵੇ। ਹਰ ਇਕ ਸਿੱਖ ਪਰਿਵਾਰ ਆਪਣੇ ਘਰ 'ਚ ਗੁਰਬਾਣੀ ਦਾ ਪਾਠ ਕਰੇ ਅਤੇ ਅਕਾਲ ਪੁਰਖ ਦੇ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕਰੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਰ ਹਾਲਾਤ 'ਚ ਅਕਾਲ ਪੁਰਖ 'ਤੇ ਭਰੋਸਾ ਰੱਖੋ।
ਇਹ ਵੀ ਪੜ੍ਹੋ : ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ
ਭਾਰਤ 'ਚ ਹੁਣ ਤੱਕ ਹੋ ਚੁੱਕੀਆਂ ਨੇ 20 ਮੌਤਾਂ
ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸ਼ੁੱਕਰਵਾਰ ਨੂੰ 20 ਹੋ ਗਈ ਹੈ ਅਤੇ ਇਸ ਤੋਂ ਇਨਫੈਕਟਿਡ ਮਾਮਲੇ 863 ਤੱਕ ਪੁੱਜ ਗਏ ਹਨ। ਅੰਕੜਿਆਂ ਅਨੁਸਾਰ ਦੇਸ਼ 'ਚ ਕੋਵਿਡ-19 ਦੇ ਅਜਿਹੇ ਮਾਮਲਿਆਂ ਦੀ ਗਿਣਤੀ 640 ਹੈ, ਜਿਨ੍ਹਾਂ 'ਚੋਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 67 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਕ ਵਿਦੇਸ਼ ਚਲਾ ਗਿਆ ਹੈ। ਮੰਤਰਾਲਾ ਨੇ ਦੱਸਿਆ ਕਿ ਇਨਫੈਕਟਿਡ ਲੋਕਾਂ ਵਿਚ 47 ਵਿਦੇਸ਼ੀ ਨਾਗਰਿਕ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 38 ਤੱਕ ਪਹੁੰਚ ਗਈ ਹੈ ਜਦਕਿ ਇਕ ਮਰੀਜ਼ ਇਸ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਲਾਕਡਾਊਨ ਤੱਕ ਸਾਰੇ 'ਟੋਲ ਪਲਾਜ਼ੇ' ਬੰਦ ਰੱਖਣ ਦਾ ਫੈਸਲਾ
ਪੰਜਾਬ 'ਚ ਹਾਲੇ ਤੱਕ ਜਿਨ੍ਹਾਂ ਕੁਲ 38 ਮਾਮਲਿਆਂ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਸੂਚਨਾ ਹੈ, ਉਨ੍ਹਾਂ 'ਚ ਸਭ ਤੋਂ ਜ਼ਿਆਦਾ 19 ਮਾਮਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਨਾਲ ਸਬੰਧਤ ਹਨ, ਇਨ੍ਹਾਂ 'ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। 6-6 ਮਾਮਲੇ ਮੋਹਾਲੀ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸੰਬੰਧਤ ਹਨ ਜਦੋਂਕਿ ਜਲੰਧਰ ਜ਼ਿਲੇ ਤੋਂ 5 ਅਤੇ ਅੰਮ੍ਰਿਤਸਰ, ਲੁਧਿਆਣਾ ਜ਼ਿਲੇ ਨਾਲ ਸਬੰਧਤ 1-1 ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਹੈਲਥ ਬੁਲੇਟਿਨ ਅਨੁਸਾਰ ਹਾਲੇ ਤੱਕ 789 ਸ਼ੱਕੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 38 ਦੇ ਨਤੀਜੇ ਪਾਜ਼ੀਟਿਵ, 480 ਦੇ ਨੈਗੇਟਿਵ ਆਏ ਹਨ ਜਦੋਂਕਿ 271 ਦੇ ਨਤੀਜੇ ਹਾਲੇ ਆਉਣੇ ਬਾਕੀ ਹਨ। ਸਰਕਾਰੀ ਅੰਕੜਿਆਂ ਅਨੁਸਾਰ ਜਿਨ੍ਹਾਂ 271 ਸੈਂਪਲਾਂ ਦੇ ਨਤੀਜੇ ਹਾਲੇ ਆਉਣੇ ਬਾਕੀ ਹਨ, ਉਸ ਨਾਲ ਪਾਜ਼ੀਟਿਵ ਐਲਾਨ ਕੀਤੇ ਜਾਣ ਵਾਲੇ ਅੰਕੜਿਆਂ 'ਚ ਵਾਧੇ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਬੁਲੇਟਿਨ ਅਨੁਸਾਰ ਇਕ ਮਰੀਜ਼ ਠੀਕ ਹੋ ਚੁੱਕਿਆ ਹੈ ਪਰ ਕਿੰਨੇ ਸ਼ੱਕੀਆਂ ਨੂੰ ਹਸਪਤਾਲਾਂ 'ਚ ਭਰਤੀ ਕੀਤਾ ਗਿਆ ਹੈ ਅਤੇ ਕਿੰਨਿਆਂ ਨੂੰ ਘਰਾਂ 'ਚ ਵੱਖ-ਵੱਖ ਰੱਖ ਕੇ ਸਿਹਤ ਵਿਭਾਗ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ, ਇਸ ਦੀ ਜਾਣਕਾਰੀ ਬੁਲੇਟਿਨ 'ਚ ਸਾਂਝੀ ਕਰਨ ਤੋਂ ਸਰਕਾਰ ਨੇ ਪ੍ਰਹੇਜ ਕੀਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਣ ਲਈ ਕਾਂਗਰਸ ਦੇ ਮੰਤਰੀ ਨੇ ਦਿੱਤੀ ਇਹ ਸਲਾਹ, ਜ਼ਰੂਰ ਕਰੋ ਗੌਰ
ਇਹ ਵੀ ਪੜ੍ਹੋ : ਕਰਫਿਊ ਦੌਰਾਨ ਜਲੰਧਰ ਵਾਸੀਆਂ ਲਈ ਅਹਿਮ ਖਬਰ, ਮਿਲੀ ਵਿਸ਼ੇਸ਼ ਛੋਟ
ਰਿਸ਼ੀ ਕਪੂਰ ਦੀ ਸਰਕਾਰ ਨੂੰ ਮੰਗ, ਖੁੱਲਣ ਦਿਓ ਠੇਕੇ, ਘਟੇਗਾ ਲੌਕਡਾਊਨ ਦਾ ਤਣਾਅ
NEXT STORY