ਗੜ੍ਹਸ਼ੰਕਰ (ਸ਼ੋਰੀ)— ਕੋਰੋਨਾ ਮਹਾਮਾਰੀ ਦੇ ਇਸ ਦੌਰ 'ਚ ਅੱਜ ਬਜ਼ੁਰਗਾਂ ਨੂੰ ਘਰ 'ਚ ਸਾਰੇ ਮੈਂਬਰ ਇਕੱਠੇ ਬੈਠੇ ਦੇਖ ਕੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਹਨ। ਬਜ਼ੁਰਗਾਂ ਅਨੁਸਾਰ ਉਸ ਸਮੇਂ ਪਰਿਵਾਰ ਦੇ ਮੈਂਬਰ ਇਕੋ ਥਾਂ ਬੈਠ ਕੇ ਕਾਫੀ ਸਮਾਂ ਬਤੀਤ ਕਰਦੇ ਸਨ ਅਤੇ ਸੂਚਨਾਵਾਂ ਦਾ ਅਦਾਨ ਪ੍ਰਦਾਨ ਕਰਦੇ ਸਨ। ਤਾਲਾਬੰਦੀ ਕਾਰਨ ਅੱਜ ਦੇ ਨੌਜਵਾਨ ਆਪਣੇ ਇਨ੍ਹਾਂ ਬਜ਼ੁਰਗਾਂ ਕੋਲ ਬੈਠ ਕੇ ਪੁਰਾਣੇ ਸਮੇਂ ਦੀਆਂ ਗੱਲਾਂ ਬਜ਼ੁਰਗਾਂ ਕੋਲੋਂ ਸੁਣਦੇ ਹਨ, ਅਜਿਹੀਆਂ ਗੱਲਾਂ ਜਿਹੜੀਆਂ ਕਿ ਗੂਗਲ ਤੇ ਉਨ੍ਹਾਂ ਨੂੰ ਸੁਣਨ ਨੂੰ ਨਹੀਂ ਮਿਲ ਸਕਦੀਆਂ। ਸਾਲ 1918 'ਚ ਫੈਲਿਆ ਸਪੈਨਿਸ਼ ਫਲੂ ਇਕ ਮਹਾਮਾਰੀ ਸੀ, ਜਿਸ ਨੂੰ ਇਨ੍ਹਾਂ ਬਜ਼ੁਰਗਾਂ ਦੇ ਮਾਪੇ ਲਾਗ ਦੀ ਬੀਮਾਰੀ ਨਾਲ ਜਾਣਦੇ ਸਨ।
ਅੱਜ ਜੋ ਇਕਾਂਤਵਾਸ ਦਾ ਦੌਰ ਚੱਲ ਰਿਹਾ ਹੈ, ਸੌ ਸਾਲ ਪਹਿਲਾਂ ਵੀ ਅਜਿਹੇ ਹੀ ਇਕਾਂਤਵਾਸ ਇਨ੍ਹਾਂ ਬਜ਼ੁਰਗਾਂ ਦੇ ਮਾਪਿਆਂ ਨੇ ਕੱਟੇ ਸਨ। ਉਸ ਇਕਾਂਤਵਾਸ ਅਤੇ ਮੌਜੂਦਾ ਇਕਾਂਤਵਾਸ 'ਚ ਫਰਕ ਸਿਰਫ ਏਨਾ ਹੈ ਕਿ ਉਸ ਸਮੇਂ ਲੋਕੀਂ ਘਰਾਂ ਤੋਂ ਬਾਹਰ ਨਿਕਲ ਕੇ ਖੇਤਾਂ 'ਚ ਕੁੱਲੀਆਂ ਪਾ ਕੇ ਇਕ ਤੋਂ ਦੋ ਮਹੀਨੇ ਤੱਕ ਰਹੇ ਸਨ ਅਤੇ ਹੁਣ ਆਪਣੇ ਘਰਾਂ ਦੇ ਅੰਦਰ ਹੀ ਇਕਾਂਤਵਾਸ ਨੂੰ ਦੂਸਰਿਆਂ ਨਾਲੋਂ ਅਲੱਗ ਰਹਿ ਕੇ ਕੱਟ ਰਹੇ ਹਨ। ਇਲਾਕੇ ਦੇ ਅਨੇਕਾਂ ਬਜ਼ੁਰਗਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਅਤੇ ਪਤਾ ਕੀਤਾ ਕਿ ਉਨ੍ਹਾਂ ਨੇ ਆਪਣੇ ਬਜ਼ੁਰਗਾਂ ਕੋਲੋਂ ਉਸ ਸਮੇਂ ਆਪਣੇ ਬਚਪਨ 'ਚ ਉਸ ਬੀਮਾਰੀ ਸਬੰਧੀ ਕੀ-ਕੀ ਸੁਣਿਆ ਸੀ ਅਤੇ ਅੱਜ ਦੇ ਹਾਲਾਤਾਂ ਨਾਲ ਉਹ ਕਿਸ ਤਰ੍ਹਾਂ ਤੁਲਨਾ ਕਰ ਰਹੇ ਹਨ।
ਅੰਗਰੇਜ਼ ਦਾ ਰਾਜ ਸੀ ਲੋਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਸੀ
ਬੀਤ ਇਲਾਕੇ ਦੇ ਪਿੰਡ ਝੋਣੋਵਾਲ ਦੇ ਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਜਨਮ ਤਾਰੀਖ 1 ਜਨਵਰੀ 1930 ਹੈ। ਜੀਤ ਸਿੰਘ ਅਨੁਸਾਰ ਉਸ ਦੇ ਪਿਤਾ ਉਸ ਨੂੰ ਦੱਸਿਆ ਕਰਦੇ ਸਨ ਕਿ 1920 ਦੇ ਲਾਗੇ ਇਕ ਮਹਾਮਾਰੀ ਫੈਲੀ ਸੀ, ਜਿਸ ਕਾਰਨ ਲੋਕ ਇਕ ਦੂਜੇ ਤੋਂ ਪੂਰੀ ਤਰ੍ਹਾਂ ਕੱਟ ਚੁੱਕੇ ਸਨ। ਪਿੰਡ ਵਿਚ ਤਿੰਨ ਲੋਕਾਂ ਦੀ ਮੌਤ ਵੀ ਹੋ ਗਈ ਸੀ। ਜੀਤ ਸਿੰਘ ਨੇ ਦੱਸਿਆ ਕਿ ਬਜ਼ੁਰਗ ਦੱਸਦੇ ਹਨ ਕਿ ਅੰਗਰੇਜ਼ ਦਾ ਉਸ ਸਮੇਂ ਰਾਜ ਸੀ, ਲੋਕਾਂ ਦੀ ਕੋਈ ਸਾਰ ਨਹੀਂ ਲੈਂਦਾ ਸੀ। ਅੰਗਰੇਜ਼ ਸਰਕਾਰ ਨੇ ਲੋਕਾਂ ਨੂੰ ਕੋਈ ਰਾਹਤ ਤਾਂ ਕੀ ਦੇਣੀ ਸੀ ਉਲਟਾ ਬੀਮਾਰੀ ਤੋਂ ਕਿਸ ਤਰ੍ਹਾਂ ਬਚਿਆ ਜਾਵੇ, ਇਸ ਸਬੰਧੀ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਸੀ। ਉਸ ਸਮੇਂ ਲੋਕ ਆਪਣੇ ਘਰਾਂ ਦੇ ਕੰਮਾਂ ਵਿਚ ਆਪਣੇ ਆਪ ਨੂੰ ਵਿਅਸਤ ਰੱਖ ਕੇ ਸਮਾਂ ਕੱਟਦੇ ਸਨ। ਜੀਤ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਸਰੀਰਕ ਕੰਮ ਕਰਨ ਦੀ ਉਨ੍ਹਾਂ ਦੀ ਆਦਤ ਕਾਰਨ ਅੱਜ 97 ਸਾਲ ਦੀ ਉਮਰ ਵਿਚ ਵੀ ਇਕ ਏਕੜ ਕਣਕ ਹਾਲ ਹੀ ਦੇ ਦਿਨਾਂ ਵਿਚ ਹੱਥੀਂ ਵੱਢ ਚੁੱਕੇ ਹਨ ਅਤੇ ਹਰ ਰੋਜ਼ ਸਾਈਕਲ ਚਲਾਉਂਦੇ ਹਨ ਤੇ ਦੰਡ ਬੈਠਕਾਂ ਵੀ ਲਾਉਂਦੇ ਹਨ।
ਬੀਮਾਰੀ ਆਪਣੇ ਆਪ ਖਤਮ ਹੋਈ ਸੀ, ਸਰਕਾਰ ਨੇ ਕੋਈ ਵੀ ਰਾਹਤ ਕਾਰਜ ਨਹੀਂ ਕੀਤਾ ਸੀਹਿਮਾਚਲ ਦੀ ਸਰਹੱਦ ਨਾਲ ਲੱਗਦੇ ਪਿੰਡ ਮਹਿੰਦਵਾਣੀ ਗੁੱਜਰਾਂ ਦੇ 88 ਸਾਲਾ ਦਇਆ ਸਿੰਘ ਕਸਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਬਾਪ-ਦਾਦਾ ਦੱਸਿਆ ਕਰਦੇ ਸਨ ਕਿ 1918 'ਚ ਫੈਲੀ ਇਕ ਮਹਾਮਾਰੀ, ਜਿਸ ਨੂੰ ਲੋਕ ਲਾਗ ਦੀ ਬੀਮਾਰੀ ਨਾਲ ਵੀ ਜਾਣਦੇ ਸਨ, ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਮਹਾਮਾਰੀ ਦੇ ਤਾਂਡਵ ਕਾਰਨ ਹਰੇਕ ਪਿੰਡ ਵਿਚ ਤ੍ਰਾਹੀ-ਤ੍ਰਾਹੀ ਮਚੀ ਹੋਈ ਸੀ, ਲੋਕ ਆਪਣੇ ਘਰ ਛੱਡ ਕੇ ਖੇਤਾਂ ਵਿਚ ਰਹਿਣ ਲਈ ਮਜਬੂਰ ਹੋ ਗਏ ਸਨ। ਖੇਤਾਂ ਵਿਚ ਲੋਕ ਇਕ ਦੂਜੇ ਨਾਲ ਬਿਲਕੁਲ ਨਹੀਂ ਮਿਲਦੇ ਸਨ, ਉਨ੍ਹਾਂ ਦੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਸਾਰਾ ਦਿਨ ਆਦਮੀ ਖੇਤਾਂ ਵਿਚ ਕੰਮ ਕਰਦੇ ਸਨ ਤੇ ਔਰਤਾਂ ਘਰ ਦਾ ਚੁੱਲ੍ਹਾ-ਚੌਂਕਾ ਦੇ ਨਾਲ-ਨਾਲ ਦੁੱਧ ਤੋਂ ਘਿਓ ਬਨਾਉਣਾ, ਹੱਥਾਂ ਨਾਲ ਚੱਕੀਆਂ ਚਲਾ ਕੇ ਕਣਕ ਅਤੇ ਬਾਜਰੇ ਦੀ ਪਿਸਾਈ ਕਰਦੀਆਂ ਸਨ। ਪਰਿਵਾਰ ਮਿਲ ਜੁਲ ਕੇ ਰਹਿੰਦੇ ਸਨ ਤੇ ਸ਼ਾਮ ਨੂੰ ਸਾਰੇ ਇਕੱਠੇ ਬੈਠ ਕੇ ਜਦ ਗੱਲਾਂ ਬਾਤਾਂ ਕਰਦੇ ਸਨ ਤਾਂ ਥਕਾਵਟ ਉੱਤਰ ਜਾਂਦੀ ਸੀ। ਅੰਗਰੇਜ਼ ਹਕੂਮਤ ਸੀ, ਕਿਸੇ ਵੀ ਵਿਅਕਤੀ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ ਅਤੇ ਜੋ ਬਚੇ ਉਹ ਰੱਬ ਦੇ ਆਸਰੇ ਨਾਲ ਬਚੇ, ਬੀਮਾਰੀ ਖ਼ੁਦ-ਬ-ਖੁਦ ਸਮਾਪਤ ਹੋਈ, ਸਰਕਾਰ ਨੇ ਕੋਈ ਵੀ ਰਾਹਤ ਕਾਰਜ ਨਹੀਂ ਉਲੀਕੇ ਸਨ। ਦਇਆ ਸਿੰਘ ਕਸਾਣਾ ਨੇ ਦੱਸਿਆ ਕਿ ਹੁਣ ਕੋਰੋਨਾ ਕਾਰਨ ਸਾਰਾ ਪਰਿਵਾਰ ਮਿਲ ਜੁਲ ਕੇ ਬੈਠਾ ਹੈ, ਇਕ ਦੂਜੇ ਨਾਲ ਗੱਲਾਂ ਕਰਦਾ ਹੈ। ਇਹ ਦੌਰ ਦੇਖ ਕੇ ਉਨ੍ਹਾਂ ਨੂੰ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਰਹੀਆਂ ਹਨ।
ਜੇਕਰ ਖਾਣ ਪੀਣ ਦੀ ਕਮੀ ਆਉਂਦੀ ਸੀ ਤਾਂ ਉਨ੍ਹਾਂ ਨੂੰ ਗੁਰਦੁਆਰਿਆਂ ਤੋਂ ਲੰਗਰ ਮਿਲ ਜਾਂਦਾ ਸੀ
ਪਾਕਿਸਤਾਨ ਦੇ ਜਮਸ਼ੇਦ ਦੇ ਚੱਕ ਨੰਬਰ 19 ਵਿਚ ਸਾਲ 1930 'ਚ ਜਨਮੀ ਮਾਤਾ ਗਿਆਨ ਕੌਰ, ਜੋ ਕਿ ਅੱਜਕਲ ਗੜ੍ਹਸ਼ੰਕਰ ਦੇ ਪਿੰਡ ਮੋਇਲਾ ਵਾਹਿਦਪੁਰ ਵਿਚ ਰਹਿੰਦੀ ਹੈ, ਨੇ ਦੱਸਿਆ ਕਿ ਉਨ੍ਹਾਂ ਨੂੰ ਯਾਦ ਹੈ ਕਿ ਉਨ੍ਹਾਂ ਦੇ ਬਜ਼ੁਰਗ ਦੱਸਦੇ ਸਨ ਕਿ ਉਸ ਦੇ ਜਨਮ ਤੋਂ ਦਸ ਬਾਰਾਂ ਸਾਲ ਪਹਿਲਾਂ ਇਕ ਅਜਿਹੀ ਬੀਮਾਰੀ ਫੈਲੀ ਸੀ, ਜਿਸ ਨਾਲ ਗ੍ਰਸਤ ਹੋਣ ਵਾਲਾ ਵਿਅਕਤੀ ਘੜੀ-ਪਲ ਵਿਚ ਖਤਮ ਹੋ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਲੋਕਾਂ ਦਾ ਕੰਮ ਧੰਦਾ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ, ਜਿਨ੍ਹਾਂ ਲੋਕਾਂ ਨੂੰ ਖਾਣ ਪੀਣ ਦੀ ਕਮੀ-ਪੇਸ਼ੀ ਹੁੰਦੀ ਸੀ, ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਤੋਂ ਲੰਗਰ ਮਿਲ ਜਾਂਦਾ ਸੀ। ਔਰਤਾਂ ਨੂੰ ਘਰ ਤੋਂ ਬਾਹਰ ਨਿਕਲਣ ਨਹੀਂ ਦਿੱਤਾ ਜਾਂਦਾ ਸੀ।
ਆਪਣੇ ਬਚਪਨ ਦੀ ਤੁਲਨਾ ਅੱਜ ਦੇ ਦੌਰ ਨਾਲ ਕਰਦਿਆਂ ਮਾਤਾ ਗਿਆਨ ਕੌਰ ਨੇ ਦੱਸਿਆ ਕਿ ਉਸ ਜ਼ਮਾਨੇ ਵਿਚ ਨੌਜਵਾਨ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ ਸਨ ਪਰ ਕੰਮ ਬਹੁਤ ਕਰਦੇ ਹੁੰਦੇ ਸਨ। ਅੱਜ ਦੇ ਨੌਜਵਾਨ ਬੇਸ਼ੱਕ ਬਹੁਤ ਜ਼ਿਆਦਾ ਪੜ੍ਹ ਗਏ ਹਨ ਪਰ ਉਨ੍ਹਾਂ ਦੇ ਮੁਕਾਬਲੇ ਅੱਜ ਦਾ ਨੌਜਵਾਨ ਕੰਮ ਨਹੀਂ ਕਰਦਾ ਹੈ। ਮਾਤਾ ਗਿਆਨ ਕੌਰ ਦਾ ਅੱਜ ਦੇ ਨੌਜਵਾਨਾਂ ਨੂੰ ਸੰਦੇਸ਼ ਹੈ ਕਿ ਆਪਣੀ ਜ਼ਿੰਦਗੀ ਨੂੰ ਸੁਧਾਰੋ, ਚੰਗੇ ਕੰਮ ਕਰੋ ਅਤੇ ਨਸ਼ਿਆਂ ਤੋਂ ਪੂਰੀ ਤਰ੍ਹਾਂ ਦੂਰ ਰਹੋ।
ਇਕ ਦੂਜੇ ਤੋਂ ਦੂਰ ਰਹਿ ਰਹਿ ਕੇ ਸਮਾਂ ਕੱਟਿਆ ਗਿਆ ਸੀ
ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਦੀ ਮਾਤਾ ਬਚਨ ਕੌਰ ਉਮਰ ਕਰੀਬ 102 ਸਾਲ ਨੇ ਦੱਸਿਆ ਕਿ ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਸੀ ਕਿ 1920 ਵਿਚ ਜਦ ਮਹਾਮਾਰੀ ਫੈਲੀ ਸੀ ਤਾਂ ਉਸ ਸਮੇਂ ਵਿਚ ਪ੍ਰਮਾਤਮਾ ਨੇ ਹੀ ਉਨ੍ਹਾਂ ਨੂੰ ਬਚਾਇਆ ਸੀ। ਮਾਤਾ ਬਚਨ ਕੌਰ ਅਨੁਸਾਰ ਉਸ ਦੇ ਮਾਤਾ-ਪਿਤਾ, ਦਾਦਾ-ਦਾਦੀ ਬੀਮਾਰੀ ਸਬੰਧੀ ਕਾਫੀ ਕੁਝ ਦੱਸਦੇ ਸਨ। ਉਨ੍ਹਾਂ ਦੱਸਿਆ ਕਿ ਲੋਕ ਕਿਸ ਤਰ੍ਹਾਂ ਇਕ ਦੂਜੇ ਤੋਂ ਦੂਰ-ਦੂਰ ਰਹਿ ਕੇ ਆਪਣਾ ਸਮਾਂ ਕੱਟਦੇ ਸਨ। ਕਪੂਰਥਲਾ ਵਿਚ ਜਨਮੀ ਮਾਤਾ ਬਚਨ ਕੌਰ ਨੇ ਆਪਣੀ ਕਿਸ਼ੋਰ ਅਵਸਥਾ ਦੀਆਂ ਗੱਲਾਂ ਕਰਦੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਮੌਕੇ ਬਰਾਤ ਯੱਕੇ (ਟਾਂਗੇ) ਉੱਤੇ ਆਈ ਸੀ। ਬਰਾਤ ਤਿੰਨ ਦਿਨ ਪਿੰਡ ਵਿਚ ਰੁਕੀ, ਡੋਲੀ ਚੁੱਕ ਕੇ 60 ਕਿਲੋਮੀਟਰ ਤੱਕ ਪੈਦਲ ਸਫਰ ਤਹਿ ਕਰਦੇ ਕਪੂਰਥਲਾ ਤੋਂ ਪਿੰਡ ਬਾੜੀਆਂ ਕਲਾਂ (ਮਾਹਿਲਪੁਰ) ਪਹੁੰਚੀ ਸੀ। ਆਪਣੇ ਜ਼ਮਾਨੇ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਨੱਕ ਵਿਚ ਪਾਇਆ ਸੋਨੇ ਦਾ ਕੋਕਾ (ਤੀਲੀ) ਸੱਤ ਰੁਪਏ ਦਾ ਆਇਆ ਸੀ, ਚਾਂਦੀ ਦੀ ਝਾਂਜਰਾਂ ਦਾ ਜੋੜਾ ਵੀਹ ਰੁਪਏ ਦਾ ਆਇਆ ਸੀ, ਦਾਜ ਵਿਚ ਚਰਖਾ ਉਸ ਸਮੇਂ ਆਮ ਦਿੱਤਾ ਜਾਂਦਾ ਸੀ।
ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਅਦਾਲਤ ਵੱਲੋਂ ਵੱਡੀ ਰਾਹਤ
NEXT STORY