ਹੁਸ਼ਿਆਰਪੁਰ (ਇਕਬਾਲ ਘੁੰਮਣ)— ਕੋਰੋਨਾ ਵਾਇਰਸ ਦੇ ਮਾਹੌਲ 'ਚ ਜ਼ਿਲ੍ਹੇ ਦੀਆਂ ਵੱਖ-ਵੱਖ ਉਦਯੋਗਿਕ ਇਕਾਈਆਂ 'ਚ ਕੰਮ ਕਰਦੇ ਰਹੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੇ ਬੜੇ ਚਾਅ ਨਾਲ ਯੂ. ਪੀ., ਬਿਹਾਰ ਅਤੇ ਹੋਰ ਸੂਬਿਆਂ ਨੂੰ ਆਪਣੇ ਘਰਾਂ ਵੱਲ ਰੁਖਸਤ ਕੀਤਾ ਸੀ ਪਰ ਉਥੇ ਉਨ੍ਹਾਂ ਦੀ ਕੋਈ ਸਾਰ ਨਾ ਲਏ ਜਾਣ ਕਾਰਨ ਡੇਢ-ਦੋ ਮਹੀਨਿਆਂ 'ਚ ਹੀ ਉਹ ਬੇਹੱਦ ਪਰੇਸ਼ਾਨ ਹੋ ਉੱਠੇ। ਇਲਾਕੇ ਦੇ ਪ੍ਰਮੁੱਖ ਉਦਯੋਗਪਤੀ ਅਤੇ ਸਵਿੱਤਰੀ ਵੁੱਡਜ਼ ਇੰਡੀਆ ਗਰੁੱਪ ਦੇ ਡਾਇਰੈਕਟਰ ਮੁਕੇਸ਼ ਗੋਇਲ ਦੀ ਪਹਿਲ 'ਤੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਮੁੜ ਆਪਣੀ ਕਰਮ ਭੂਮੀ ਵਾਪਸ ਲਿਆਉਣ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ। ਬਿਹਾਰ ਦੇ ਕਿਸ਼ਨਗੰਜ ਅਤੇ ਨੇੜਲੇ ਇਲਾਕਿਆਂ ਤੋਂ ਇਨ੍ਹਾਂ ਮਜ਼ਦੂਰਾਂ ਨੂੰ ਵਾਪਸ ਇਥੇ ਲਿਆਉਣ ਲਈ ਉਦਯੋਗਪਤੀ ਮੁਕੇਸ਼ ਗੋਇਲ ਵੱਲੋਂ ਵਿਸ਼ੇਸ਼ ਬੱਸਾਂ ਉਪਲੱਬਧ ਕਰਵਾਈਆਂ ਗਈਆਂ ਹਨ।
ਸ਼ਨੀਵਾਰ ਬਾਅਦ ਦੁਪਹਿਰ 32 ਮਜ਼ਦੂਰਾਂ ਨੂੰ ਵਾਪਸ ਲੈ ਕੇ ਜਦੋਂ ਇਹ ਬੱਸ ਸਥਾਨਕ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚੀ ਤਾਂ ਪੰਜਾਬ ਸਰਕਾਰ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਨ੍ਹਾਂ ਦਾ ਫੁੱਲ-ਮਾਲਾਵਾਂ ਪਾ ਕੇ ਸਵਾਗਤ ਕੀਤਾ। ਮਜ਼ਦੂਰਾਂ ਨੇ ਦੁਖੀ ਮਨ ਨਾਲ ਅਰੋੜਾ ਨੂੰ ਦੱਸਿਆ ਕਿ ਬਿਹਾਰ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਲਈ ਦ੍ਰਿੜ ਸੰਕਲਪ ਹੈ ਅਤੇ ਉਨ੍ਹਾਂ ਨੂੰ ਹੁਣ ਇੱਥੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਦਿਓਰ ਨਾਲ ਨਾਜਾਇਜ਼ ਸੰਬੰਧ 'ਚ ਰੋੜਾ ਬਣੇ ਸਹੁਰੇ ਨੂੰ ਨੂੰਹ ਨੇ ਦਿੱਤੀ ਦਰਦਨਾਕ ਮੌਤ
ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਮਜ਼ਦੂਰਾਂ ਦੀ ਮੰਗ 'ਤੇ ਹੀ ਘਰਾਂ ਨੂੰ ਭੇਜਣ ਦੀ ਵੀ ਵਿਵਸਥਾ ਕੀਤੀ ਗਈ ਸੀ। ਉਦਯੋਗਪਤੀ ਮੁਕੇਸ਼ ਗੋਇਲ ਅਨੁਸਾਰ ਸਵਿੱਤਰੀ ਵੁੱਡਜ਼ ਇੰਡੀਆ ਗਰੁੱਪ 'ਚ 400 ਤੋਂ ਵੱਧ ਅਜਿਹੇ ਮਜ਼ਦੂਰ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੇ ਘਰਾਂ ਤੇ ਸੂਬਿਆਂ ਨੂੰ ਗਏ ਹੋਰ ਮਜ਼ਦੂਰਾਂ ਨੂੰ ਵੀ ਇਥੇ ਵਾਪਸ ਲਿਆਉਣ ਲਈ ਬੱਸਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਸਿਵਲ ਹਸਪਤਾਲ 'ਚ ਐੱਸ. ਐੱਮ. ਓ. ਡਾ. ਜਸਵਿੰਦਰ ਸਿੰਘ ਅਤੇ ਨੋਡਲ ਅਧਿਕਾਰੀ ਡਾ. ਸੈਲੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮਜ਼ਦੂਰਾਂ ਦਾ ਮੈਡੀਕਲ ਚੈੱਕਅਪ ਕਰਨ ਤੋਂ ਬਾਅਦ ਇਨ੍ਹਾਂ ਨੂੰ ਕੁੱਝ ਦਿਨਾਂ ਲਈ ਇਕਾਂਤਵਾਸ 'ਚ ਰੱਖਿਆ ਜਾਵੇਗਾ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਐੱਸ. ਐੱਮ. ਓ. ਡਾ. ਨਮਿਤਾ ਘਈ, ਡਾ. ਸ਼ਾਮ ਸੁੰਦਰ ਸ਼ਰਮਾ, ਚੀਫ਼ ਫਾਰਮੇਸੀ ਅਫ਼ਸਰ ਜਤਿੰਦਰ ਸਿੰਘ ਗੋਲਡੀ ਅਤੇ ਮਨੀ ਸਿੱਧੂ ਆਦਿ ਵੀ ਮੌਜੂਦ ਸਨ।
ਕੁੜੀ ਨੂੰ ਪਿਆਰ ਕਰਨ ਦੀ ਮਿਲੀ ਖ਼ੌਫ਼ਨਾਕ ਸਜ਼ਾ, ਮਾਪਿਆਂ ਨੇ ਕੀਤਾ ਜਾਨਵਰਾਂ ਵਾਂਗ ਵਤੀਰਾ
NEXT STORY