ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜੋਕਿ ਪ੍ਰਸ਼ਾਸਨ ਲਈ ਇਕ ਚਿੰਤਾ ਦਾ ਵਿਸ਼ਾ ਹੈ। ਵੀਰਵਾਰ ਦਿਨ ਚੜ੍ਹਦੇ ਹੀ ਜਲੰਧਰ 'ਚ ਕੋਰੋਨਾ ਦੇ 4 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਨ੍ਹਾਂ 'ਚ ਇਕ ਗਰਭਵਤੀ ਔਰਤ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਜਲੰਧਰ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 270 ਤੱਕ ਪਹੁੰਚ ਚੁੱਕਾ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਨ੍ਹਾਂ ਮਰੀਜ਼ਾਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਉਨ੍ਹਾਂ 'ਚ 2 ਔਰਤਾਂ ਅਤੇ 2 ਪੁਰਸ਼ ਸ਼ਾਮਲ ਹਨ। ਫਿਲਹਾਲ ਇਨ੍ਹਾਂ ਦੀ ਅਜੇ ਟਰੈਵਲ ਹਿਸਟਰੀ ਪਤਾ ਨਹੀਂ ਲੱਗ ਸਕੀ ਹੈ।
ਇਹ ਮਿਲੇ ਅੱਜ ਜਲੰਧਰ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ
65 ਸਾਲਾ ਔਰਤ ਵਾਸੀ ਰੋਜ਼ ਗਾਰਡਨ
28 ਸਾਲਾ ਗਰਭਵਤੀ ਔਰਤ ਵਾਸੀ ਲੰਮਾ ਪਿੰਡ
29 ਸਾਲਾ ਮੁੰਡਾ ਵਾਸੀ ਪ੍ਰੀਤ ਨਗਰ ਲਾਡੋਵਾਲੀ ਰੋਡ
55 ਸਾਲਾ ਵਿਅਕਤੀ ਵਾਸੀ ਟੈਗੋਰ ਨਗਰ
ਕੱਲ੍ਹ ਹੋਈ ਸੀ ਜਲੰਧਰ 'ਚ ਕੋਰੋਨਾ ਕਾਰਨ 9ਵੀਂ ਮੌਤ
ਹੁਣ ਤੱਕ ਕਈ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੇ ਕੋਰੋਨਾ ਵਾਇਰਸ ਤੋਂ ਪੀੜਤ ਜਲੰਧਰ ਦੇ ਇਕ ਹੋਰ ਰੋਗੀ ਦੀ ਬੀਤੇ ਦਿਨ ਲੁਧਿਆਣਾ ਦੇ ਡੀ. ਐੱਮ. ਸੀ. 'ਚ ਮੌਤ ਹੋ ਗਈ ਸੀ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਸੀ ਕਿ ਡੀ. ਐੱਮ. ਸੀ . ਲੁਧਿਆਣਾ 'ਚ ਇਲਾਜ ਅਧੀਨ ਜਲੰਧਰ ਦੇ ਟੈਗੋਰ ਨਗਰ ਨਿਵਾਸੀ ਮਹਿੰਦਰਪਾਲ ਦੀ ਮੌਤ ਹੋ ਗਈ। ਉਕਤ ਰੋਗੀ ਨੂੰ 2 ਦਿਨ ਪਹਿਲਾਂ ਹੀ ਸਥਾਨਕ ਐੱਸ. ਜੀ. ਐੱਲ. ਚੈਰੀਟੇਬਲ ਹਸਪਤਾਲ ਤੋਂ ਲੁਧਿਆਣਾ ਦੇ ਡੀ. ਐੱਮ. ਸੀ. 'ਚ ਰੈਫਰ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਕਤ ਰੋਗੀ ਸ਼ੂਗਰ ਦਾ ਪੀੜਤ ਸੀ ਅਤੇ ਮੰਗਲਵਾਰ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।
ਗਰਭਵਤੀ ਔਰਤ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੇ ਲਏ ਸੈਂਪਲ
ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਆਈ ਸਥਾਨਕ ਭਾਰਗਵ ਕੈਂਪ ਦੀ 21 ਸਾਲਾ ਗਰਭਵਤੀ ਔਰਤ ਮੌਸਮ ਕੁਮਾਰੀ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਨ ਸਬੰਧੀ ਰੂਰਲ ਮੈਡੀਕਲ ਅਫਸਰ ਡਾ. ਰੋਹਿਤ ਸ਼ਰਮਾ, ਡਾ. ਰਾਜੇਸ਼ ਸ਼ਰਮਾ ਅਤੇ ਡਾ. ਗੁਰਪ੍ਰੀਤ ਦੀ ਟੀਮ ਨੇ ਬੁੱਧਵਾਰ ਨੂੰ ਭਾਰਗਵ ਕੈਂਪ ਵਿਚ ਜਾ ਕੇ ਸਕ੍ਰੀਨਿੰਗ ਕੀਤੀ ਅਤੇ ਉਕਤ ਔਰਤ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਟੀਮ ਨੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ 11 ਲੋਕਾਂ ਨੂੰ ਸਿਵਲ ਹਸਪਤਾਲ ਵਿਚ ਸੈਂਪਲ ਦੇਣ ਲਈ ਭੇਜਿਆ ਅਤੇ ਇਸ ਗੱਲ ਦੀ ਜਾਣਕਾਰੀ ਵੀ ਹਾਸਲ ਕੀਤੀ ਕਿ ਆਖਿਰ ਉਕਤ ਔਰਤ ਕੋਰੋਨਾ ਦੀ ਲਪੇਟ 'ਚ ਕਿਵੇਂ ਆਈ। ਇਸ ਉਪਰੰਤ ਟੀਮ ਨੇ ਟੈਗੋਰ ਨਗਰ ਵਿਚ ਜਾ ਕੇ ਮ੍ਰਿਤਕ ਮਹਿੰਦਰਪਾਲ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਣਕਾਰੀ ਲਈ।
ਜਲੰਧਰ 'ਚ ਕੋਰੋਨਾ ਦੀ ਸਥਿਤੀ
ਦੱਸ ਦੇਈਏ ਕਿ ਜਲੰਧਰ 'ਚ ਹੁਣ ਤੱਕ 8778 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਜਾਂਚ ਲਈ ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 7800 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਜਲੰਧਰ 'ਚ ਹੁਣ ਕੁੱਲ ਪਾਜ਼ੇਟਿਵ ਕੇਸ 270 ਤੱਕ ਪਹੁੰਚ ਚੁੱਕੇ ਹਨ, ਜਿਨ੍ਹਾਂ 'ਚੋਂ 9 ਮਰੀਜ਼ ਕੋਰੋਨਾ ਖਿਲਾਫ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ ਅਤੇ 215 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਇਲਾਜ ਅਧੀਨ 42 ਮਰੀਜ਼ ਹਨ।
ਬਾਦਲ ਅਤੇ ਕੈਪਟਨ ਖ਼ਿਲਾਫ਼ ਮੰਨਾ ਨੇ ਉਗਲਿਆ ਜ਼ਹਿਰ, ਪਾਈਆਂ ਲਾਹਨਤਾਂ (ਵੀਡੀਓ)
NEXT STORY