ਅੰਮ੍ਰਿਤਸਰ, (ਵੜੈਚ)- ਨਗਰ ਨਿਗਮ ਚੋਣਾਂ ਦੌਰਾਨ ਜਿੱਤੇ ਕੌਂਸਲਰ ਅਤੇ ਨਵੇਂ ਮੇਅਰ ਦੀਆਂ ਹਾਊਸ ਬੈਠਕਾਂ ਲਈ ਕਾਰਪੋਰੇਸ਼ਨ ਦਾ ਮੀਟਿੰਗ ਹਾਲ ਆਧੁਨਿਕ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੈ। ਮੇਅਰ ਦੇ ਸਿੰਘਾਸਨ ਅਤੇ ਵੱਡੇ ਟੇਬਲ ਸਮੇਤ ਕੌਂਸਲਰਾਂ ਅੱਗੇ ਰੱਖੇ ਜਾਣ ਵਾਲੇ ਡਿਜ਼ਾਈਨ ਵਾਲੇ ਟੇਬਲਾਂ ਨੂੰ ਪਾਲਿਸ਼ ਕਰ ਕੇ ਤਿਆਰ ਕੀਤਾ ਜਾ ਰਿਹਾ ਹੈ। ਕਾਫੀ ਫਰਨੀਚਰ ਨਵਾਂ ਤਿਆਰ ਕਰ ਕੇ ਹਾਲ ਵਿਚ ਲਾਇਆ ਗਿਆ ਹੈ।
ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਜਲੰਧਰ ਡਵੀਜ਼ਨਲ ਕਮਿਸ਼ਨਰ ਵੱਲੋਂ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ 22 ਜਨਵਰੀ ਤੱਕ ਹਾਲ ਨੂੰ ਨਵਾਂ ਰੂਪ ਦੇਣ ਲਈ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ। ਪਹਿਲੇ ਹਾਲ ਦੇ ਮੁਕਾਬਲੇ ਇਸ ਵਾਰ ਹਾਲ 'ਚ ਕਾਫੀ ਬਦਲਾਅ ਕੀਤੇ ਜਾ ਰਹੇ ਹਨ, ਜਿਸ ਲਈ ਫਰਨੀਚਰ ਤੇ ਹੋਰਨਾਂ ਕੰਮਾਂ ਲਈ ਐਕਸੀਅਨ ਸੰਦੀਪ ਸਿੰਘ ਤੇ ਸਾਊਂਡ ਸਿਸਟਮ ਦੀ ਤਿਆਰੀ ਦੀ ਦੇਖ-ਰੇਖ ਐੱਸ. ਈ. ਪ੍ਰਦੁਮਨ ਸਿੰਘ ਦੇ ਹੱਥਾਂ ਵਿਚ ਦਿੱਤੀ ਗਈ ਹੈ।
ਸਾਊਂਡ ਸਿਸਟਮ ਲਈ ਪ੍ਰਾਈਵੇਟ ਬੈਂਕ ਦਾ ਸਹਾਰਾ : ਮੀਟਿੰਗ ਹਾਲ ਵਿਚ ਲਾਏ ਜਾ ਰਹੇ ਨਵੇਂ ਸਾਊਂਡ ਸਿਸਟਮ ਲਈ ਐੱਸ. ਈ. ਪ੍ਰਦੁਮਨ ਸਿੰਘ ਦੀ ਨਿਗਰਾਨੀ ਹੇਠ ਕੰਮ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਸਾਊਂਡ ਸਿਸਟਮ ਦੇ ਸਵਾਲ ਦੇ ਜਵਾਬ ਵਿਚ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਪਰ ਜਾਣਕਾਰੀ ਅਨੁਸਾਰ ਨਿਗਮ ਦੇ ਮੀਟਿੰਗ ਹਾਲ 'ਚ ਲੱਗਣ ਵਾਲੇ ਸਾਊਂਡ ਸਿਸਟਮ ਲਈ ਕਿਸੇ ਪ੍ਰਾਈਵੇਟ ਬੈਂਕ ਦਾ ਪੱਲਾ ਫੜਿਆ ਜਾ ਰਿਹਾ ਹੈ, ਹੋ ਸਕਦਾ ਹੈ ਕਿ ਬੈਂਕ ਵੱਲੋਂ ਸਪਾਸਪ ਸਾਊਂਡ ਸਿਸਟਮ ਜ਼ਰੀਏ ਸਰਕਾਰ ਦੇ ਕੌਂਸਲਰ ਆਪਣੀਆਂ ਆਵਾਜ਼ਾਂ ਬੁਲੰਦ ਕਰਨਗੇ।
ਨਵੇਂ ਕੌਂਸਲਰਾਂ ਦੀ ਪਹਿਲੀ ਮੀਟਿੰਗ 23 ਜਨਵਰੀ ਨੂੰ ਹੋਵੇਗੀ : 23 ਜਨਵਰੀ ਤੋਂ ਪਹਿਲਾਂ ਮੀਟਿੰਗ ਹਾਲ ਵਿਚ ਨਵਾਂ ਮੇਅਰ ਕੌਣ ਹੋਵੇਗਾ, ਇਸ ਬਾਰੇ ਜਗ-ਜ਼ਾਹਿਰ ਨਹੀਂ ਹੋ ਸਕਿਆ ਪਰ ਨਵੇਂ ਕੌਂਸਲਰਾਂ ਦੀ ਪਹਿਲੀ ਮੀਟਿੰਗ ਹਾਲ ਵਿਚ ਹੋਵੇਗੀ, ਇਸ ਦੀ ਪੁਸ਼ਟੀ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਸਰਕਾਰ ਵੱਲੋਂ ਪੱਤਰ 23 ਜਨਵਰੀ ਦੀ ਮੀਟਿੰਗ ਸਬੰਧੀ ਆਇਆ ਹੈ। 23 ਦੀ ਮੀਟਿੰਗ ਨੂੰ ਸਰਕਾਰ ਵੱਲੋਂ ਨਵੇਂ ਮੇਅਰ ਦੀ ਤਾਜਪੋਸ਼ੀ ਵਿਚ ਬਦਲਿਆ ਜਾਵੇ ਇਹ ਆਉਣ ਵਾਲੇ ਸਮੇਂ ਵਿਚ ਪਤਾ ਲੱਗੇਗਾ ਕਿਉਂਕਿ ਮੇਅਰ ਦਾ ਨਾਂ ਮੀਟਿੰਗ ਵਾਲੇ ਦਿਨ ਬੰਦ ਲਿਫਾਫੇ ਵਿਚ ਵੀ ਨਿਕਲਣ ਦੇ ਆਸਾਰ ਹਨ।
ਖਹਿਰਾ ਨੇ ਰਾਣਾ ਗੁਰਜੀਤ ਦੀ ਕਪੂਰਥਲਾ ਤੋਂ ਚੋਣ ਲੜਨ ਦੀ ਵੰਗਾਰ ਕਬੂਲੀ
NEXT STORY