ਜਲੰਧਰ (ਰਵਿੰਦਰ ਸ਼ਰਮਾ)—ਨਿਗਮ ਚੋਣਾਂ ਐਲਾਨ ਹੋ ਚੁੱਕੀਆਂ ਹਨ ਅਤੇ ਅਗਲੇ ਹਫਤੇ ਦੋ ਦਿਨਾਂ 'ਚ ਕਾਂਗਰਸ ਪਾਰਟੀ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ ਪਰ ਕਾਂਗਰਸ ਅੰਦਰ ਹੀ ਕਾਂਗਰਸ ਨੂੰ ਹਰਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਇਸ ਵਾਰ ਇਹ ਸਾਜ਼ਿਸ਼ ਹੇਠਲੇ ਪੱਧਰ 'ਤੇ ਨਹੀਂ, ਬਲਕਿ ਉਪਰਲੇ ਪੱਧਰ 'ਤੇ ਖੇਡੀ ਜਾ ਰਹੀ ਹੈ। ਕਾਂਗਰਸ ਦਾ ਕੋਈ ਵੀ ਵਿਧਾਇਕ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਇਲਾਕਿਆਂ ਤੋਂ ਕੋਈ ਦਬੰਗ ਆਗੂ ਬਾਜ਼ੀ ਮਾਰੇ। ਦਬੰਗ ਆਗੂਆਂ ਨੂੰ ਹਰਾਉਣ ਲਈ ਅੰਦਰਖਾਤੇ ਹਰ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਵਿਧਾਇਕਾਂ ਵਿਚ ਡਰ ਦਾ ਕਾਰਨ ਸਾਫ ਹੈ ਕਿ ਪਰਗਟ ਸਿੰਘ ਨੂੰ ਛੱਡ ਕੇ ਹੋਰ ਤਿੰਨੇ ਵਿਧਾਇਕ ਪਹਿਲੀ ਵਾਰ ਜਿੱਤ ਕੇ ਆਏ ਹਨ। ਇਨ੍ਹਾਂ ਵਿਧਾਇਕਾਂ ਨੂੰ ਡਰ ਹੈ ਕਿ ਜੇਕਰ ਕੋਈ ਦਬੰਗ ਆਗੂ ਜਿੱਤ ਕੇ ਸਾਹਮਣੇ ਆਉਂਦਾ ਹੈ ਤਾਂ ਉਹ ਅਗਲੀ ਵਾਰ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੇ ਸਾਹਮਣੇ ਦਾਅਵੇਦਾਰ ਦੇ ਤੌਰ 'ਤੇ ਖੜ੍ਹਾ ਨਾ ਹੋ ਜਾਵੇ। ਬਸ ਇਹੀ ਡਰ ਵਿਧਾਇਕਾਂ ਨੂੰ ਅੰਦਰ ਹੀ ਅੰਦਰ ਸਤਾ ਰਿਹਾ ਹੈ । ਪਹਿਲਾਂ ਵਾਰਡਬੰਦੀ, ਫਿਰ ਵੋਟਰ ਸੂਚੀ ਅਤੇ ਦਬੰਗ ਆਗੂਆਂ ਦੀ ਅਣਦੇਖੀ ਸਾਫ ਦੱਸ ਰਹੀ ਹੈ ਕਿ ਵਿਧਾਇਕ ਖੁਦ ਹੀ ਨਹੀਂ ਚਾਹੁੰਦੇ ਕਿ ਸਾਫ-ਸੁਥਰੇ ਅਕਸ ਦਾ ਕੋਈ ਵੱਡਾ ਆਗੂ ਜਿੱਤ ਕੇ ਸਾਹਮਣੇ ਆਵੇ। ਇਸ ਰਣਨੀਤੀ ਤਹਿਤ ਸਾਰੇ ਵਿਧਾਇਕ ਮਿਲ ਕੇ ਆਪਣੀ ਖਿਚੜੀ ਪਕਾ ਰਹੇ ਹਨ। ਕਈ ਦਬੰਗ ਆਗੂਆਂ ਦੇ ਵਾਰਡ ਬਦਲੇ ਜਾ ਰਹੇ ਹਨ ਤਾਂ ਕਈਆਂ ਨੂੰ ਖੁੱਡੇ ਲਗਾਇਆ ਜਾ ਰਿਹਾ ਹੈ। ਇਨ੍ਹਾਂ ਵਿਚੋਂ ਕਈ ਵਿਧਾਇਕ ਵਫਾਦਾਰ ਵੀ ਹਨ, ਜੋ ਹਰ ਸਮੇਂ ਵਿਧਾਇਕਾਂ ਦੇ ਪਿੱਛੇ ਘੁੰਮਦੇ ਸਨ ਪਰ ਸਮਾਂ ਆਉਣ 'ਤੇ ਹੁਣ ਵਿਧਾਇਕ ਇਨ੍ਹਾਂ ਦਾ ਫੋਨ ਨਹੀਂ ਚੁੱਕ ਰਹੇ ਹਨ। ਬਗਾਵਤ ਦੇ ਡਰੋਂ ਕਾਂਗਰਸ ਹਾਈਕਮਾਨ ਨੇ ਪਹਿਲਾਂ ਵੀ ਫੈਸਲਾ ਲਿਆ ਹੈ ਕਿ ਉਮੀਦਵਾਰਾਂ ਦਾ ਐਲਾਨ ਦੇਰੀ ਨਾਲ ਕੀਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਟਿਕਟ ਵੰਡ ਦੇ ਸਮੇਂ ਕਿਸਦੀ ਕਿਸਮਤ ਦਾ ਤਾਲਾ ਖੁੱਲ੍ਹਦਾ ਹੈ ਅਤੇ ਕਿਸਦੀ ਰਾਜਨੀਤਕ ਬੇੜੀ ਡੁੱਬਦੀ ਹੈ।
ਵਿਧਾਇਕਾਂ ਨੇ ਆਪਣੇ ਪੱਧਰ 'ਤੇ ਬਣਾਈਆਂ ਉਮੀਦਵਾਰਾਂ ਦੀਆਂ ਲਿਸਟਾਂ
ਕਹਿਣ ਨੂੰ ਤਾਂ ਪਾਰਟੀ ਹਾਈਕਮਾਨ ਨੇ ਪਾਰਟੀ ਉਮੀਦਵਾਰਾਂ ਦੀ ਚੋਣ ਲਈ ਨਗਰ ਨਿਗਮ ਚੋਣ ਕਮੇਟੀ ਦਾ ਐਲਾਨ ਕੀਤਾ ਸੀ ਪਰ ਨਿਗਮ ਚੋਣ ਕਮੇਟੀ ਦੀ ਬਜਾਏ ਟਿਕਟ ਵੰਡ ਵਿਚ ਪੂਰੀ ਤਰ੍ਹਾਂ ਨਾਲ ਇਲਾਕਾ ਵਿਧਾਇਕਾਂ ਦੀ ਹੀ ਚੱਲੇਗੀ। ਨਿਗਮ ਚੋਣਾਂ ਕਮੇਟੀਆਂ ਨੂੰ ਦਰਕਿਨਾਰ ਕਰਦੇ ਹੋਏ ਸਾਰੇ ਵਿਧਾਇਕਾਂ ਨੇ ਆਪਣੇ ਖਾਸਮਖਾਸ ਆਗੂਆਂ ਨੂੰ ਤਰਜੀਹ ਦਿੰਦੇ ਹੋਏ ਆਪਣੀਆਂ-ਆਪਣੀਆਂ ਲਿਸਟਾਂ ਲਗਭਗ ਫਾਈਨਲ ਕਰ ਦਿੱਤੀਆਂ ਹਨ।
ਨਿਗਮ ਚੋਣ ਕਮੇਟੀ ਦੀ ਚੇਅਰਪਰਸਨ ਨਾਲ ਵਿਧਾਇਕਾਂ ਨੇ ਬੰਦ ਕਮਰੇ 'ਚ ਕੀਤੀ ਬੈਠਕ
ਨਗਰ ਨਿਗਮ ਚੋਣ ਕਮੇਟੀ ਦੀ ਚੇਅਰਪਰਸਨ ਕੈਬਨਿਟ ਮੰਤਰੀ ਅਰੁਣਾ ਚੌਧਰੀ ਸ਼ਨੀਵਾਰ ਨੂੰ ਜਲੰਧਰ ਵਿਚ ਸੀ। ਜ਼ਿਲਾ ਕਾਂਗਰਸ ਭਵਨ ਵਿਚ ਆਉਣ ਤੋਂ ਬਾਅਦ ਉਹ ਸ਼ਹਿਰ ਦੇ ਇਕ ਪ੍ਰਸਿੱਧ ਹੋਟਲ ਵਿਚ ਰੁਕੀ ਸੀ। ਇਸ ਹੋਟਲ ਵਿਚ ਸਾਰੇ ਵਿਧਾਇਕਾਂ ਨੇ ਬੰਦ ਕਮਰੇ ਵਿਚ ਅਰੁਣਾ ਚੌਧਰੀ ਨਾਲ ਮੁਲਾਕਾਤ ਕੀਤੀ ਅਤੇ ਅੱਗੇ ਦੀ ਰਣਨੀਤੀ ਤੈਅ ਕੀਤੀ। ਇਸ ਮੀਟਿੰਗ ਨਾਲ ਜ਼ਿਲਾ ਕਾਂਗਰਸ ਪ੍ਰਧਾਨ ਸਮੇਤ ਹੋਰ ਆਗੂਆਂ ਨੂੰ ਦੂਰ ਰੱਖਿਆ ਗਿਆ।
ਬਠਿੰਡਾ ਰੋਡ 'ਤੇ 2 ਮੈਡੀਕਲ ਸਟੋਰਾਂ 'ਚ ਚੋਰੀ
NEXT STORY