ਨਿਗਮ ਚੋਣਾਂ ਦੀ ਤਿਆਰੀ ਪ੍ਰੀਖਿਆਵਾਂ 'ਤੇ ਭਾਰੀ
ਲੁਧਿਆਣਾ(ਵਿੱਕੀ)-10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਜਿੱਥੇ ਪਹਿਲਾਂ ਹੀ ਸਾਲਾਨਾ ਪ੍ਰੀਖਿਆਵਾਂ ਦੀ ਟੈਨਸ਼ਨ ਨੇ ਘੇਰ ਰੱਖਿਆ ਹੈ, ਉਥੇ ਹੁਣ ਉਨ੍ਹਾਂ ਦੇ ਅਧਿਆਪਕਾਂ 'ਤੇ ਵੀ ਲੁਧਿਆਣਾ ਦੀਆਂ ਨਿਗਮ ਚੋਣਾਂ ਦੀਆਂ ਡਿਊਟੀਆਂ ਦੀ ਜ਼ਿੰਮੇਵਾਰੀ ਆ ਗਈ ਹੈ। ਨਿਗਮ ਚੋਣਾਂ ਜਿੱਥੇ 24 ਫਰਵਰੀ ਨੂੰ ਹੋਣੀਆਂ ਹਨ, ਉਥੇ ਪੀ. ਐੱਸ. ਈ. ਬੀ. ਦੀਆਂ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ 28 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਅਧਿਆਪਕਾਂ ਦੀਆਂ ਡਿਊਟੀਆਂ ਲੱਗਣ ਕਾਰਨ ਪ੍ਰੀਖਿਆਵਾਂ ਦੇ ਪੀਕ ਦਿਨਾਂ ਵਿਚ ਬੱਚਿਆਂ ਨੂੰ ਪੜ੍ਹਾਉਣਾ ਉਨ੍ਹਾਂ ਲਈ ਮੁਸ਼ਕਲ ਹੋਣ ਲੱਗਾ ਹੈ। ਜਾਣਕਾਰੀ ਮੁਤਾਬਕ ਨਿਗਮ ਚੋਣਾਂ ਦੀ ਰਿਹਰਸਲ 10 ਅਤੇ 18 ਫਰਵਰੀ ਨੂੰ ਰੱਖੀ ਗਈ ਹੈ, ਜਿਸ ਤੋਂ ਬਾਅਦ 23 ਫਰਵਰੀ ਨੂੰ ਉਨ੍ਹਾਂ ਨੂੰ ਚੋਣ ਸਮੱਗਰੀ ਲਈ ਬੁਲਾਇਆ ਗਿਆ ਹੈ। ਅਜਿਹੇ 'ਚ ਪਹਿਲੀਆਂ 2 ਰਿਹਰਸਲਾਂ 'ਤੇ ਤਾਂ ਛੁੱਟੀ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਪਰ ਚੋਣਾਂ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ।
ਡਿਊਟੀਆਂ ਨੇ ਵਿਦਿਆਰਥੀਆਂ ਨੂੰ ਵੀ ਦਿੱਤੀ ਟੈਨਸ਼ਨ
ਹੁਣ ਗੱਲ ਜੇਕਰ ਚੋਣ ਡਿਊਟੀ 'ਤੇ ਲਾਏ ਗਏ ਅਧਿਆਪਕਾਂ ਦੀ ਕਰੀਏ ਤਾਂ ਡਿਊਟੀਆਂ ਲਾਉਂਦੇ ਸਮੇਂ ਮਹੱਤਵਪੂਰਨ ਵਿਸ਼ਿਆਂ ਦੇ ਅਧਿਆਪਕਾਂ ਨੂੰ ਵੀ ਛੋਟ ਨਹੀਂ ਦਿੱਤੀ ਗਈ। ਵਿਦਿਆਰਥੀਆਂ ਦੀ ਮੰਨੀਏ ਤਾਂ ਇਨ੍ਹੀਂ ਦਿਨੀਂ ਅਧਿਆਪਕਾਂ ਵਲੋਂ ਛੁੱਟੀਆਂ 'ਚ ਉਨ੍ਹਾਂ ਦੀਆਂ ਵਿਸ਼ੇਸ਼ ਕਲਾਸਾਂ ਲਾ ਕੇ ਉਨ੍ਹਾਂ ਦੀਆਂ ਸ਼ੰਕਾਵਾਂ ਦੂਰ ਕੀਤੀਆਂ ਜਾਂਦੀਆਂ ਹਨ ਪਰ ਛੁੱਟੀ ਵਾਲੇ ਦਿਨਾਂ 'ਚ ਮਹੱਤਵਪੂਰਨ ਵਿਸ਼ਿਆਂ ਦੇ ਅਧਿਆਪਕਾਂ ਨੂੰ ਵੀ ਡਿਊਟੀ 'ਤੇ ਬੁਲਾਉਣ ਨਾਲ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ।
ਮਹੱਤਵਪੂਰਨ ਵਿਸ਼ਿਆਂ ਵਾਲੇ ਸਾਰੇ ਟੀਚਰ ਬੁਲਾਏ
ਇੱਥੇ ਦੱਸ ਦੇਈਏ ਕਿ ਲੁਧਿਆਣਾ 'ਚ ਮਿਡਲ, ਹਾਈ ਅਤੇ ਸੈਕੰਡਰੀ ਪੱਧਰ ਦੇ 535 ਸਕੂਲਾਂ ਦੇ ਕਰੀਬ 6000 ਅਧਿਆਪਕਾਂ 'ਚੋਂ ਲਗਭਗ 4500 ਨੂੰ ਚੋਣ ਡਿਊਟੀ ਲਈ ਬੁਲਾਇਆ ਗਿਆ ਹੈ। ਕਈ ਸਕੂਲਾਂ ਦਾ ਹਾਲ ਤਾਂ ਇਹ ਹੈ ਕਿ ਉਥੋਂ ਦੇ 80 ਫੀਸਦੀ ਅਧਿਆਪਕਾਂ ਨੂੰ ਡਿਊਟੀ 'ਤੇ ਲਾ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈ ਸਕੂਲਾਂ ਦੇ ਸਾਇੰਸ, ਫਿਜ਼ੀਕਸ, ਕੈਮਿਸਟਰੀ, ਬਾਇਓਲੋਜੀ, ਇੰਗਲਿਸ਼, ਗਣਿਤ ਵਰਗੇ ਮਹੱਤਵਪੂਰਨ ਵਿਸ਼ਿਆਂ ਦੇ ਸਾਰੇ ਅਧਿਆਪਕਾਂ ਦੀ ਡਿਊਟੀ ਚੋਣਾਂ ਦੀਆਂ ਤਿਆਰੀਆਂ 'ਚ ਲਾ ਦਿੱਤੀ ਗਈ।
ਸਕੂਲ 'ਚ 25 ਅਧਿਆਪਕ, 21 ਦੀ ਲਾ ਦਿੱਤੀ ਚੋਣ ਡਿਊਟੀ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ੇਰਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 25 ਅਧਿਆਪਕਾਂ 'ਚੋਂ 21 ਦੀ ਡਿਊਟੀ ਚੋਣਾਂ 'ਚ ਲਾ ਦਿੱਤੀ ਗਈ। ਸਕੂਲ ਵਿਚ 12ਵੀਂ ਕਲਾਸ ਤੱਕ ਕਰੀਬ 428 ਵਿਦਿਆਰਥੀਆਂ ਪੜ੍ਹਾਈ ਕਰ ਰਹੇ ਹਨ। ਮਤਲਬ ਚੋਣਾਂ ਤੋਂ ਇਕ ਦਿਨ ਪਹਿਲਾਂ ਜਦੋਂ ਅਧਿਆਪਕਾਂ ਨੂੰ ਚੋਣ ਸਮੱਗਰੀ ਮਿਲਣੀ ਹੈ ਤਾਂ ਉਸ ਦਿਨ ਸਿਰਫ 4 ਅਧਿਆਪਕ ਹੀ ਸਾਰੇ 428 ਵਿਦਿਆਰਥੀਆਂ ਨੂੰ ਪੜ੍ਹਾਉਣਗੇ। ਅਜਿਹਾ ਹੀ ਹਾਲ ਹੋਰਨਾਂ ਸਕੂਲਾਂ ਦਾ ਵੀ ਹੈ, ਜਿੱਥੋਂ ਦੇ 80 ਫੀਸਦੀ ਸਟਾਫ ਨੂੰ ਚੋਣ ਡਿਊਟੀ ਦੇ ਲਈ ਬੁਲਾ ਲਿਆ ਗਿਆ। ਚੋਣਾਂ 'ਚ ਆਪਣੀ ਡਿਊਟੀ ਲੱਗੀ ਦੇਖ ਕੇ ਅਧਿਆਪਕ ਵੀ ਹੈਰਾਨ ਹਨ ਕਿ ਪ੍ਰੀਖਿਆਵਾਂ 'ਚ ਚੋਣ ਡਿਊਟੀ ਕਰੀਏ ਜਾਂ ਬੱਚਿਆਂ ਦੀ ਪੜ੍ਹਾਈ 'ਤੇ ਧਿਆਨ ਲਾਈਏ।
ਕਿਸ ਸਕੂਲ ਦੇ ਕਿੰਨੇ ਅਧਿਆਪਕਾਂ ਦੀ ਲੱਗੀ ਡਿਊਟੀ
ਕੁਝ ਸਕੂਲਾਂ ਦੇ ਅਧਿਆਪਕਾਂ ਦੀ ਲਾਈ ਗਈ ਚੋਣ ਡਿਊਟੀ 'ਤੇ ਨਜ਼ਰ ਮਾਰੀਏ ਤਾਂ ਪੀ. ਏ. ਯੂ. ਸਰਕਾਰੀ ਮਾਡਲ ਸਕੂਲ ਦੇ 41 ਅਧਿਆਪਕਾਂ ਨੂੰ ਡਿਊਟੀ ਲਈ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਖੰਨਾ ਦੇ ਸਰਕਾਰੀ ਸੀ. ਸੈਕੰ. ਸਕੂਲ ਦੇ 21, ਸਮਰਾਲਾ ਦੇ ਸਰਕਾਰੀ ਸੀ. ਸੈ. ਸਕੂਲ ਦੇ 23, ਸਰਕਾਰੀ ਸਕੂਲ ਸ਼ੇਰਪੁਰ ਕਲਾਂ ਦੇ 21, ਸਰਕਾਰੀ ਸਕੂਲ ਜਗਰਾਓਂ ਲੜਕੇ ਦੇ 28, ਸਰਕਾਰੀ ਸਕੂਲ ਜਗਰਾਓਂ ਲੜਕੀਆਂ ਦੇ 21, ਸਰਕਾਰੀ ਸਕੂਲ ਜਵਾਹਰ ਨਗਰ ਦੇ 19, ਸ਼ਹੀਦ ਸੁਖਦੇਵ ਥਾਪਰ ਸਰਕਾਰੀ ਸੀ. ਸੈ. ਸਕੂਲ ਭਾਰਤ ਨਗਰ ਚੌਕ ਦੇ 28, ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਦੇ 24 ਅਧਿਆਪਕਾਂ ਦੀਆਂ ਡਿਊਟੀਆਂ ਚੋਣਾਂ ਵਿਚ ਲਾਈਆਂ ਗਈਆਂ ਹਨ। ਇਸ ਤੋਂ ਇਲਾਵਾ 585 ਪੇਜਾਂ ਦੀਆਂ ਡਿਊਟੀਆਂ ਦੀ ਲਿਸਟ 'ਚ ਕਈ ਅਧਿਆਪਕਾਂ ਦੇ ਨਾਂ ਸ਼ਾਮਲ ਹਨ।
ਹੋਮਗਾਰਡ ਜਵਾਨ 'ਤੇ ਰਿਸ਼ਵਤ ਲੈਣ ਦੇ ਦੋਸ਼, ਲਾਈਨ ਹਾਜ਼ਰ
NEXT STORY