ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਮਹਾਰਾਜਾ ਅਗਰਸੇਨ ਇਨਕਲੇਵ ਦੇ ਐੱਲ ਆਈ ਜੀ ਫਲੈਟਾਂ ਵਿਚ ਵੱਡੇ ਘਪਲੇ ਦੇ ਖਬਰ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਕਿ ਹੁਣ ਐੈੱਮ. ਆਈ. ਜੀ. ਫਲੈਟਾਂ ਦੇ ਨਿਰਮਾਣ ਵਿਚੋਂ ਵੀ ਭ੍ਰਿਸ਼ਟਾਚਾਰ ਦੀ ਸਿਉਂਕ ਝਲਕਦੀ ਨਜ਼ਰ ਆਉਣ ਲੱਗੀ ਹੈ ਅਤੇ ਇਨ੍ਹਾਂ ਫਲੈਟਾਂ 'ਚ ਹੋਏ ਘਾਲੇ-ਮਾਲੇ ਬਾਰੇ ਲੋਕਾਂ ਨੇ ਉਂਗਲੀਆਂ ਉਠਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਘਪਲੇ ਨੂੰ ਉਜਾਗਰ ਕਰਨ ਦੇ ਲਈ ਇਕ ਬਜ਼ੁਰਗ ਜੋੜਾ ਅੱਗੇ ਆਇਆ ਹੈ। ਇੰਨਾ ਹੀ ਨਹੀਂ ਇਸ ਸਬੰਧ ਵਿਚ ਦੋ ਕਾਂਗਰਸੀ ਕੌਂਸਲਰ ਵੀ ਅੱਗੇ ਆਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਐੱਲ ਆਈ ਜੀ ਫਲੈਟਾਂ ਵਿਚ ਘਪਲੇਬਾਜ਼ੀ ਕਰਨ ਦੇ ਦੋਸ਼ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਗਰ ਸੁਧਾਰ ਟਰੱਸਟ ਦੇ 2 ਈ ਓ, 2 ਇੰਜੀਨੀਅਰਾਂ ਅਤੇ ਇਕ ਕਰਮਚਾਰੀ ਨੂੰ ਸਸਪੈਂਡ ਕੀਤਾ ਸੀ। ਲੋਕਾਂ ਵਿਚ ਐੱਮ ਜੀ ਆਈ ਫਲੈਟਾਂ 'ਚ ਵੀ ਘਪਲੇਬਾਜ਼ੀ ਕਰਨ ਵਾਲਿਆਂ ਨੂੰ ਵੀ ਸਸਪੈਂਡ ਕਰਨ ਦੀ ਮੰਗ ਕੀਤੀ ਹੈ।
8 ਲੱਖ ਖਰਚ ਕੇ ਕਰਵਾਇਆ ਫਲੈਟ ਠੀਕ : ਲਛਮੀ ਗਰਗ
ਮਹਾਰਾਜਾ ਅਗਰਸੇਨ ਇਨਕਲੇਵ ਦੇ ਐੱਮ. ਆਈ. ਜੀ. ਫਲੈਟ ਵਿਚ ਰਹਿਣ ਵਾਲੀ ਲਛਮੀ ਗਰਗ ਨੇ ਕਿਹਾ ਕਿ ਮੈਂ ਸਾਲ 2010 ਵਿਚ ਸਾਢੇ 22 ਲੱਖ ਰੁਪਏ ਖਰਚ ਕੇ ਇਥੇ ਫਲੈਟ ਖਰੀਦਿਆ ਸੀ। ਅਸੀਂ ਬਰੇਲੀ ਸ਼ਹਿਰ ਵਿਚ ਰਹਿ ਰਹੇ ਸੀ। ਮੇਰੇ ਪਤੀ ਦੀ ਇੱਛਾ ਸੀ ਆਪਣੀ ਜਨਮ ਭੂਮੀ ਵਿਖੇ ਜਾ ਕੇ ਰਹਿਣ ਦੀ, ਇਸ ਲਈ ਅਸੀਂ ਸਰਕਾਰ ਵਲੋਂ ਕੱਟੀ ਗਈ ਕਾਲੋਨੀ ਵਿਚ ਫਲੈਟ ਖਰੀਦ ਲਿਆ। ਫਲੈਟ ਖਰੀਦਣ ਮਗਰੋਂ ਸਾਨੂੰ ਪਤਾ ਲੱਗਿਆ ਕਿ ਇਸ ਵਿਚ ਬਹੁਤ ਹੀ ਘਟੀਆ ਕਿਸਮ ਦੇ ਮਟੀਰੀਅਲ ਦੀ ਵਰਤੋਂ ਕੀਤੀ ਗਈ। ਫਲੈਟ ਖਰੀਦੇ ਨੂੰ 10 ਵਰ੍ਹੇ ਹੋ ਗਏ। ਇੰਨੇ ਸਾਲਾਂ 'ਚ ਮੇਰੀ ਰਕਮ ਦੁੱਗਣੀ ਹੋ ਜਾਂਦੀ ਪਰ ਅਸੀਂ ਕਿਰਾਏ ਦੇ ਮਕਾਨ ਵਿਚ ਰਹੇ। ਮੈਂ ਇਥੇ 8 ਲੱਖ ਰੁਪਏ ਖਰਚ ਕਰ ਕੇ ਦਰਵਾਜ਼ੇ, ਫਰਸ਼, ਰੰਗ ਅਤੇ ਰਸੋਈ ਦਾ ਕੰਮ ਕਰਵਾਇਆ। ਫਿਰ ਕਿਤੇ ਜਾ ਕੇ ਮੈਂ ਇਸ ਫਲੈਟ ਵਿਚ ਰਹਿਣ ਆਈ।
ਲੱਕੜ ਦੇ ਦਰਵਾਜ਼ੇ ਨੂੰ ਲੱਗੀ ਸਿਉਂਕ ਅਤੇ ਫਰਸ਼ ਵੀ ਟੁੱਟੇ
ਲੱਕੜ ਦੇ ਦਰਵਾਜ਼ਿਆਂ 'ਤੇ ਲੱਗੀ ਸਿਉਂਕ ਦੇ ਨਿਸ਼ਾਨ ਦਿਖਾਉਂਦੀ ਹੋਈ ਲਛਮੀ ਗਰਗ ਨੇ ਕਿਹਾ ਕਿ ਘਟੀਆ ਲੱਕੜ ਦੀ ਵਰਤੋਂ ਕਾਰਨ ਇਨ੍ਹਾਂ ਦਰਵਾਜ਼ਿਆਂ ਵਿਚ ਸਿਉਂਕ ਲੱਗ ਗਈ ਹੈ। ਇਸ ਲਈ ਇਥੇ ਇਨ੍ਹਾਂ ਫਲੈਟਾਂ ਵਿਚ ਕੋਈ ਰਹਿਣ ਨਹੀਂ ਆਇਆ। ਫਰਸ਼ ਟੁੱਟੇ ਪਏ ਹਨ, ਕੰਧਾਂ 'ਤੇ ਕੀਤਾ ਰੰਗ ਵੀ ਉਤਰ ਰਿਹਾ ਹੈ। ਬਾਥਰੂਮ ਅਤੇ ਰਸੋਈ ਟੁੱਟ ਚੁੱਕੇ ਹਨ। ਜਦੋਂ ਮੈਂ ਇਸ ਸਬੰਧੀ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਮੇਰੀ ਕੋਈ ਨਾ ਸੁਣੀ।
ਕੀ ਕਹਿੰਦੇ ਨੇ ਈ. ਓ.
ਨਗਰ ਸੁਧਾਰ ਟਰੱਸਟ ਦੇ ਈ. ਓ. ਰਵਿੰਦਰ ਕੁਮਾਰ ਨੇ ਇਸ ਮਾਮਲੇ ਸੰੰਬੰਧੀ ਕਿਹਾ ਕਿ ਫਲੈਟ ਹੋਲਡਰਾਂ ਨੇ ਟਰੱਸਟ ਤੋਂ ਫਲੈਟਾਂ ਦੇ ਕਬਜ਼ੇ ਲਏ ਹੋਏ ਹਨ ਪਰ ਕਦੇ ਵੀ ਕਿਸੇ ਨੇ ਘਟੀਆ ਮਟੀਰੀਅਲ ਬਾਰੇ ਸ਼ਿਕਾਇਤ ਨਹੀਂ ਕੀਤੀ।
ਲਿਖਤੀ ਸ਼ਿਕਾਇਤ ਕਰਾਂਗੇ : ਕਾਂਗਰਸੀ ਕੌਂਸਲਰ
ਕਾਂਗਰਸੀ ਕੌਂਸਲਰ ਮਹੇਸ਼ ਕੁਮਾਰ ਲੋਟਾ ਅਤੇ ਕੁਲਦੀਪ ਧਰਮਾ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਇਨਕਲੇਵ ਵਿਚ ਐੱਮ ਜੀ ਆਈ ਫਲੈਟਾਂ ਦੇ ਨਿਰਮਾਣ ਵਿਚ ਵੱਡੀ ਘਪਲੇਬਾਜ਼ੀ ਹੋਈ ਹੈ। ਇਥੇ 24 ਫਲੈਟਾਂ ਦਾ ਨਿਰਮਾਣ ਕੀਤਾ ਗਿਆ ਸੀ, ਜਿਨ੍ਹਾਂ ਨੂੰ ਨਗਰ ਸੁਧਾਰ ਟਰੱਸਟ ਨੇ ਕਰੋੜਾਂ ਰੁਪਏ ਵਿਚ ਵੇਚਿਆ ਸੀ। ਫਲੈਟਾਂ ਦਾ ਨਿਰਮਾਣ ਕਰਨ ਲਈ ਠੇਕੇਦਾਰ ਨੂੰ ਠੇਕੇ ਦਿੱਤੇ ਗਏ ਸਨ। ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੇ ਇਸ ਨਿਰਮਾਣ ਵਿਚ ਵੱਡੇ ਪੱਧਰ 'ਤੇ ਘਪਲੇਬਾਜ਼ੀ ਕੀਤੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਡੇ ਵੱਲੋਂ ਇਸ ਸਬੰਧੀ ਲਿਖਤੀ ਤੌਰ 'ਤੇ ਸ਼ਿਕਾਇਤ ਕੀਤੀ ਜਾਵੇਗੀ ਕਿ ਦੋਸ਼ੀ ਅਧਿਕਾਰੀਆਂ ਅਤੇ ਠੇਕੇਦਾਰਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਕਪੂਰਥਲਾ 'ਚ ਬਰਾਮਦ ਹੋਇਆ ਪਾਕਿਸਤਾਨੀ ਨੋਟ ਤੇ ਗੁਬਾਰਾ
NEXT STORY