ਲੁਧਿਆਣਾ (ਰਾਜ): ਮਹਾਨਗਰ ਦੇ ਨੀਲੋ ਨਹਿਰ ਪੁਲ਼ ਨੇੜੇ ਇਕ ਪ੍ਰੇਮੀ ਜੋੜੇ 'ਤੇ ਜਾਨਲੇਵਾ ਹਮਲਾ ਹੋ ਗਿਆ। ਹਮਲਾਵਰਾਂ ਤੋਂ ਆਪਣੀ ਜਾਨ ਤੇ ਇੱਜ਼ਤ ਬਚਾਉਣ ਲਈ ਕੁੜੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਤੇ ਉਸ ਦੇ ਪਿੱਛੇ ਉਸ ਦੇ ਦੋਸਤ ਨੇ ਵੀ ਛਾਲ ਮਾਰ ਦਿੱਤੀ, ਪਰ ਮੁਲਜ਼ਮਾਂ ਦਾ ਗੁੱਸਾ ਫ਼ਿਰ ਵੀ ਸ਼ਾਂਤ ਨਹੀਂ ਹੋਇਆ ਤੇ ਉਨ੍ਹਾਂ ਨੇ ਦੋਹਾਂ ਨੂੰ ਨਹਿਰ ਵਿਚੋਂ ਬਾਹਰ ਕੱਢ ਕੇ ਮੁੰਡੇ ਨੂੰ ਲੋਹੇ ਦੀਆਂ ਰਾਡਾਂ ਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਤੇ ਫ਼ਿਰ ਆਟੋ ਵਿਚ ਬਿਠਾ ਕੇ ਲੈ ਗਏ। ਜਦੋਂ ਪੁੱਤ ਨੂੰ ਬਚਾਉਣ ਲਈ ਉਸ ਦੀ ਮਾਂ ਮੌਕੇ 'ਤੇ ਪਹੁੰਚੀ ਤਾਂ ਹਮਲਾਵਰਾਂ ਨੇ ਨਾ ਸਿਰਫ਼ ਉਸ ਨਾਲ ਬਦਸਲੂਕੀ ਕੀਤੀ, ਸਗੋਂ ਉਸ ਨੂੰ ਧੱਕਾ-ਮੁੱਕੀ ਕਰਦਿਆਂ ਸੜਕ 'ਤੇ ਘੜੀਸਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਦੀ ਇਕ ਕੁੜੀ ਨਾਲ ਗਹਿਰੀ ਦੋਸਤੀ ਹੈ। ਬੀਤੀ 17 ਜੂਨ ਨੂੰ ਉਹ ਉਸ ਕੁੜੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜਾ ਰਿਹਾ ਸੀ। ਇਸ ਦੌਰਾਨ ਨੀਲੋਂ ਨਹਿਰ ਪੁਲ਼ ਨੇੜੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਮੋਟਰਸਾਈਕਲ ਨਾਲ ਉਨ੍ਹਾਂ ਦਾ ਰਾਹ ਰੋਕ ਲਿਆ ਤੇ ਗਾਲੀ-ਗਲੌਚ ਕਰਦਿਆਂ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਹ ਸਭ ਵੇਖ ਕੇ ਕੁੜੀ ਡਰ ਗਈ ਤੇ ਉਸ ਨੇ ਆਪਣੀ ਜਾਨ ਤੇ ਇੱਜ਼ਤ ਬਚਾਉਣ ਲਈ ਤੁਰੰਤ ਨੀਲੋ ਨਹਿਰ ਵਿਚ ਛਾਲ ਮਾਰ ਦਿੱਤੀ। ਕੁੜੀ ਨੂੰ ਡੁਬਦਾ ਵੇਖ ਉਸ ਦੇ ਦੋਸਤ ਨੇ ਵੀ ਉਸ ਨੂੰ ਬਚਾਉਣ ਲਈ ਨਹਿਰ ਵਿਚ ਛਾਲ ਮਾਰ ਦਿੱਤੀ। ਹਮਲਾਵਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਕਿਸੇ ਤਰ੍ਹਾਂ ਦੋਹਾਂ ਨੂੰ ਨਨਹਿਰ ਵਿਚੋਂ ਬਾਹਰ ਕੱਢਿਆ ਤੇ ਦੁਬਾਰਾ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਵਾਰ ਮੁਲਜ਼ਮਾਂ ਨੇ ਲੋਹੇ ਦੀ ਰਾਡ ਤੇ ਡੰਡਿਆਂ ਨਾਲ ਉਨ੍ਹਾਂ 'ਤੇ ਹਮਲਾ ਕੀਤਾ। ਲੋਹੇ ਦੀ ਰਾਡ ਲੱਗਣ ਨਾਲ ਮੁੰਡੇ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਕਾਫ਼ੀ ਸੱਟਾਂ ਲੱਗੀਆਂ ਤੇ ਉਹ ਖ਼ੂਨੋ-ਖ਼ੂਨ ਹੋ ਗਿਆ।
ਜਦੋਂ ਕੁੱਟਮਾਰ ਕਾਰਨ ਮੁੰਡਾ ਬੇਹੋਸ਼ ਹੋ ਗਿਆ ਤਾਂ ਮੁਲਜ਼ਮ ਉਸ ਨੂੰ ਜ਼ਬਰਦਸਤੀ ਇਕ ਆਟੋ ਵਿਚ ਬਿਠਾ ਕੇ ਸਿਟੀ ਸੈਂਟਰ ਦੇ ਸਾਹਮਣੇ ਲੈ ਆਏ। ਇਸ ਸਭ ਬਾਰੇ ਜਦੋਂ ਮੁੰਡੇ ਦੀ ਮਾਂ ਨੂੰ ਪਤਾ ਲੱਗਿਆ ਤਾਂ ਉਹ ਪੁੱ ਨੂੰ ਬਚਾਉਣ ਲਈ ਮੌਕੇ 'ਤੇ ਪਹੁੰਚ ਗਈ। ਜਦੋਂ ਬਜ਼ੁਰਗ ਮਾਂ ਨੇ ਆਪਣੇ ਪੁੱਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ ਤੇ ਸੜਕ ਤੇ ਘੜੀਸ ਕੇ ਸਭ ਦੇ ਸਾਹਮਣੇ ਜ਼ਲੀਲ ਕੀਤਾ। ਜਾਂਦੇ-ਜਾਂਦੇ ਮੁਲਜ਼ਮ ਪੀੜਤ ਮੁੰਡੇ ਦੀ ਜੇਬ ਵਿਚੋਂ ਕੀਮਤੀ ਮੋਬਾਈਲ ਵੀ ਖੋਹ ਕੇ ਲੈ ਗਏ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੇ ਪੀੜਤ ਨੌਜਵਾਨ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੱਤ ਦੀ ਗਰਮੀ ਵਿਚਾਲੇ ਬਿਜਲੀ ਖਪਤਕਾਰਾਂ ਲਈ ਨਵੀਂ ਮੁਸੀਬਤ, ਕਈ ਮੀਟਰਾਂ ਦੀਆਂ ਕੱਟੀਆਂ ਤਾਰਾਂ
NEXT STORY