ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਇਕ ਔਰਤ ਨੇ ਥਾਣੇਦਾਰ 'ਤੇ ਛੇੜਛਾੜ ਕਰਨ ਅਤੇ ਆਪਣੇ ਨਾਲ ਰਾਤ ਗੁਜ਼ਾਰਨ ਲਈ ਮਜਬੂਰ ਕਰਨ ਦੇ ਕਥਿਤ ਤੌਰ 'ਤੇ ਦੋਸ਼ ਲਾਏ ਹਨ। ਇਸ ਸਬੰਧੀ ਪੀੜਤਾ ਵੱਲੋਂ ਲਿਖਤੀ ਤੌਰ 'ਤੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਰਜ ਕਰਵਾਉਣ 'ਤੇ ਉਕਤ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ ਗਿਆ। ਐੱਸ. ਐੱਸ. ਪੀ. ਦਫ਼ਤਰ ਵਿਖੇ ਪੀੜਤਾ ਨੇ ਦੱਸਿਆ ਕਿ ਮੇਰਾ ਵਿਆਹ 7 ਸਾਲ ਪਹਿਲਾਂ ਹੋਇਆ ਸੀ। ਮੇਰਾ ਪਤੀ ਨਾਲ ਪਿਛਲੇ ਇਕ ਸਾਲ ਤੋਂ ਝਗੜਾ ਚੱਲ ਰਿਹਾ ਹੈ, ਜਿਸ ਸਬੰਧੀ ਮੈਂ ਇਕ ਸ਼ਿਕਾਇਤ ਪੁਲਸ ਨੂੰ ਕੀਤੀ ਹੋਈ ਸੀ। ਇਸ ਮਾਮਲੇ ਨੂੰ ਜੋ ਥਾਣੇਦਾਰ ਦੇਖ ਰਿਹਾ ਸੀ, ਉਹ ਪਿਛਲੇ 6 ਮਹੀਨਿਆਂ ਤੋਂ ਮੇਰੇ ਨਾਲ ਛੇੜਛਾੜ ਕਰ ਰਿਹਾ ਹੈ ਅਤੇ ਆਪਣੇ ਨਾਲ ਰਾਤ ਗੁਜ਼ਾਰਨ ਦੀ ਸ਼ਰਤ 'ਤੇ ਹੀ ਕੰਮ ਕਰ ਕੇ ਦੇਣ ਲਈ ਕਹਿ ਰਿਹਾ ਹੈ। ਬੀਤੀ ਰਾਤ ਉਹ ਮੈਨੂੰ ਹਸਪਤਾਲ ਨੇੜੇ ਮਿਲਿਆ ਅਤੇ ਫਿਰ ਆਪਣੇ ਨਾਲ ਰਾਤ ਗੁਜ਼ਾਰਨ ਦੀ ਗੱਲ ਦੁਹਰਾਈ। ਇਸੇ ਗੱਲ ਤੋਂ ਦੁਖੀ ਹੋ ਕੇ ਮੈਨੂੰ ਅੱਜ ਐੱਸ. ਐੱਸ. ਪੀ. ਬਰਨਾਲਾ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਣੀ ਪਈ।
ਥਾਣੇਦਾਰ ਨੇ ਦੋਸ਼ਾਂ ਨੂੰ ਨਕਾਰਿਆ
ਜਦੋਂ ਇਸ ਸਬੰਧ ਵਿਚ ਉਕਤ ਥਾਣੇਦਾਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਮੇਰੇ 'ਤੇ ਜੋ ਔਰਤ ਵੱਲੋਂ ਦੋਸ਼ ਲਾਏ ਜਾ ਰਹੇ ਹਨ, ਉਹ ਝੂਠੇ ਹਨ। ਇਸ ਗੱਲ ਵਿਚ ਕੋਈ ਵੀ ਸੱਚਾਈ ਨਹੀਂ। ਮੈਂ ਜ਼ਿੰਮੇਵਾਰੀ ਵਾਲੀ ਸੀਟ 'ਤੇ ਬੈਠਾ ਹਾਂ, ਇਸ ਤਰ੍ਹਾਂ ਕਿਵੇਂ ਕਹਿ ਸਕਦਾ ਹਾਂ।
ਅਜਿਹੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਬਲਜੋਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਹਰਕਤ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੈਂ ਔਰਤ ਦੀ ਸ਼ਿਕਾਇਤ ਮਿਲਣ ਮਗਰੋਂ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ ਹੈ। ਹੁਣ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਜੇਕਰ ਥਾਣੇਦਾਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਕੇਸ ਵੀ ਦਰਜ ਕੀਤਾ ਜਾਵੇਗਾ।
ਕਿਸਾਨਾਂ ਨੇ ਸਰਕਾਰ ਖਿਲਾਫ ਕੱਢੀ ਭੜਾਸ
NEXT STORY