ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਪਿੰਡ ਚੀਮਾ ਤੇ ਜੋਧਪੁਰ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਰਜਬਾਹੇ 'ਤੇ ਪਾਣੀ ਦੀ ਨਿਕਾਸੀ ਚਲਾਉਣ ਅਤੇ ਬੰਦ ਕਰਨ ਨੂੰ ਲੈ ਕੇ ਦੋਵਂੇ ਪਿੰਡਾਂ ਦੇ ਲੋਕਾਂ 'ਚ 2 ਵਾਰ 2-2 ਘੰਟੇ ਇੱਟਾਂ-ਰੋੜੇ ਚੱਲੇ । ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ 'ਚ ਪੁਲਸ ਫੋਰਸ ਮੌਕੇ 'ਤੇ ਪਹੁੰਚੀ ਪਰ ਲੋਕਾਂ ਦੇ ਇਕੱਠ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ। ਸਥਿਤੀ ਨੂੰ ਤਣਾਅਪੂਰਨ ਹੁੰਦਿਆਂ ਦੇਖ ਕੇ ਏ.ਡੀ.ਸੀ. ਪ੍ਰਵੀਨ ਕੁਮਾਰ ਦੀ ਅਗਵਾਈ 'ਚ ਐੈੱਸ. ਡੀ. ਐੱਮ. ਬਿਕਰਮਜੀਤ ਸਿੰਘ ਸ਼ੇਰਗਿੱਲ, ਤਹਿਸੀਲਦਾਰ ਬਰਨਾਲਾ ਬਲਕਰਨ ਸਿੰਘ, ਨਾਇਬ ਤਹਿਸੀਲਦਾਰ ਬਰਨਾਲਾ ਕੇ.ਸੀ. ਦੱਤਾ, ਡੀ. ਐੱਸ. ਪੀ. (ਡੀ) ਕੁਲਦੀਪ ਸਿੰਘ ਵਿਰਕ, ਡੀ. ਐੱਸ. ਪੀ. ਮਹਿਲ ਕਲਾਂ ਜਸਵੀਰ ਸਿੰਘ, ਡੀ. ਐੱਸ. ਪੀ. ਬਰਨਾਲਾ ਰਾਜੇਸ਼ ਛਿੱਬਰ, ਐੈੱਸ. ਐੱਚ. ਓ. ਟੱਲੇਵਾਲ ਨਾਇਬ ਸਿੰਘ, ਐੈੱਸ. ਐੱਚ. ਓ. ਧਨੌਲਾ ਕੁਲਦੀਪ ਸਿੰਘ ਭਾਰੀ ਪੁਲਸ ਫੋਰਸ ਸਣੇ ਘਟਨਾ ਸਥਾਨ 'ਤੇ ਪਹੁੰਚੇ । ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਨੇ ਕਰੀਬ 3 ਘੰਟੇ ਜੱਦੋ-ਜਹਿਦ ਕਰ ਕੇ ਦੋਵੇਂ ਪਿੰਡਾਂ ਦੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਰਜਬਾਹਾ ਖੋਲ੍ਹ ਕੇ ਪਾਣੀ ਨੂੰ ਚਾਲੂ ਕਰਵਾਇਆ । ਅਧਿਕਾਰੀਆਂ ਨੇ ਰਜਬਾਹੇ ਦੀ ਸਫਾਈ ਲਈ ਇਕ ਜੇ. ਸੀ. ਬੀ. ਲਾ ਕੇ ਸਫਾਈ ਸ਼ੁਰੂ ਕਰਵਾਈ ਅਤੇ ਇਕ ਹੋਰ ਜੇ. ਸੀ. ਬੀ. ਲਾ ਕੇ ਸਫਾਈ ਦੇ ਕੰਮ 'ਚ ਤੇਜ਼ੀ ਲਿਆਉਣ ਦਾ ਭਰੋਸਾ ਦਿੱਤਾ ।
ਕੀ ਹੈ ਮਾਮਲਾ : ਪਿਛਲੇ ਦਿਨੀਂ ਜ਼ਿਲੇ 'ਚ ਪਏ ਮੀਂਹ ਕਾਰਨ ਪਿੰਡ ਚੀਮਾ ਤੇ ਜੋਧਪੁਰ ਦੇ ਕਿਸਾਨਾਂ ਦੀ ਕਰੀਬ 10 ਹਜ਼ਾਰ ਏਕੜ ਫਸਲ ਨੁਕਸਾਨੀ ਗਈ ਉਥੇ ਕਰੀਬ 2 ਦਰਜਨ ਮਕਾਨ ਪਾਣੀ ਨਾਲ ਢਹਿ ਢੇਰੀ ਹੋਣ ਕੰਢੇ ਪੁੱਜ ਗਏ। 4 ਦਰਜਨ ਘਰਾਂ 'ਚ ਪਾਣੀ ਭਰਨ ਨਾਲ ਲੋਕ ਭੁੱਖੇ ਪਿਆਸੇ ਪ੍ਰਸ਼ਾਸਨ ਦੇ ਮੂੰਹ ਵੱਲ ਦੇਖ ਰਹੇ ਸਨ । ਅਜਿਹੇ ਹਾਲਾਤ 'ਚ ਸ਼ਨੀਵਾਰ ਸਵੇਰੇ ਪਿੰਡ ਚੀਮਾ ਦੇ ਵਸਨੀਕਾਂ ਨੇ ਪਾਣੀ ਦੇ ਹੱਲ ਲਈ ਮੋਗਾ-ਬਰਨਾਲਾ ਨੈਸ਼ਨਲ ਹਾਈਵੇ ਠੱਪ ਕਰ ਕੇ ਧਰਨਾ ਲਾ ਦਿੱਤਾ । ਦੂਜੇ ਪਾਸੇ ਪਿੰਡ ਜੋਧਪੁਰ ਦੇ ਲੋਕ ਇਕੱਠੇ ਹੋ ਕੇ ਪਿੰਡ ਚੀਮਾ ਮੁੱਖ ਮਾਰਗ ਤੋਂ ਲੰਘਦੇ ਰਜਬਾਹੇ ਦਾ ਪਾਣੀ ਮਿੱਟੀ, ਪਾਈਪਾਂ, ਇੱਟਾਂ ਤੇ ਹੋਰ ਸਾਮਾਨ ਨਾਲ ਬੰਦ ਕਰਨ ਲੱਗ ਪਏ। ਕਰੀਬ ਇਕ ਘੰਟੇ ਬਾਅਦ ਪਿੰਡ ਦਾ ਰਜਬਾਹਾ ਓਵਰਫਲੋਅ ਹੋ ਗਿਆ ਅਤੇ ਪਿੰਡ 'ਚ ਪਾਣੀ ਭਰਨ ਲੱਗ ਪਿਆ । ਦੂਸਰੇ ਪਾਸੇ ਕਿਸੇ ਅਣਸੁਖਾਵੀਂ ਘਟਨਾ ਵਾਪਰਣ ਦੇ ਖਦਸ਼ੇ ਨੂੰ ਦੇਖਦਿਆਂ ਕਿਸਾਨ ਯੂਨੀਅਨ ਆਗੂਆਂ ਨੇ ਧਰਨਾ ਚੁੱਕ ਕੇ ਚੀਮਾ ਮੁੱਖ ਮਾਰਗ 'ਤੇ ਲਾ ਲਿਆ ।
ਵਿਦੇਸ਼ ਭੇਜਣ ਦੇ ਨਾਂ 'ਤੇ ਕੀਤੀ ਠੱਗੀ
NEXT STORY