ਲੁਧਿਆਣਾ(ਮਹੇਸ਼)- ਬਸਤੀ ਜੋਧੇਵਾਲ ਇਲਾਕੇ 'ਚ ਇਕ ਫੈਕਟਰੀ ਮਾਲਕ ਦੀ ਧੱਕੇਸ਼ਾਹੀ ਦੀ ਸ਼ਿਕਾਰ ਹੋਈ ਇਕ ਪੀੜਤ ਔਰਤ ਤੇ ਉਸ ਦੇ ਪਤੀ ਨੇ ਪੁਲਸ ਕਮਿਸ਼ਨਰ ਕੋਲ ਇਨਸਾਫ ਦੀ ਮੰਗ ਕੀਤੀ ਹੈ। ਔਰਤ ਦਾ ਦੋਸ਼ ਹੈ ਕਿ ਉਸ ਦੇ ਸੱਟ ਲੱਗਣ 'ਤੇ ਫੈਕਟਰੀ ਮਾਲਕ ਨੇ ਉਸ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਅਤੇ ਮਾਮਲਾ ਸਾਹਮਣੇ ਨਾ ਆ ਸਕੇ, ਇਸ ਲਈ ਉਸ ਨੂੰ ਤੇ ਉਸ ਦੇ ਪਤੀ ਨੂੰ 2 ਹਫਤਿਆਂ ਤੱਕ ਫੈਕਟਰੀ ਵਿਚ ਬੰਦੀ ਬਣਾ ਕੇ ਰੱਖਿਆ ਅਤੇ ਫਿਰ ਡਰਾ-ਧਮਕਾ ਕੇ ਪਿੰਡ ਜਾਣ ਲਈ ਟਰੇਨ ਵਿਚ ਬਿਠਾ ਦਿੱਤਾ, ਜਿਸ ਤੋਂ ਬਾਅਦ ਕਿਸੇ ਤਰ੍ਹਾਂ ਉਹ ਪੁਲਸ ਕੋਲ ਪਹੁੰਚੇ। ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ 21 ਸਾਲਾ ਪੀੜਤ ਔਰਤ ਕਵਿਤਾ ਨੇ ਦੱਸਿਆ ਕਿ ਉਹ ਤੇ ਉਸ ਦਾ ਪਤੀ ਨਰੇਸ਼ ਇਕੱਠੇ ਕਾਲੀ ਸੜਕ 'ਤੇ ਟਿਊਬਲਰ ਦੀ ਇਕ ਫੈਕਟਰੀ ਵਿਚ ਕੰਮ ਕਰਦੇ ਹਨ। 16 ਅਕਤੂਬਰ ਦੀ ਸ਼ਾਮ ਨੂੰ ਕੰਮ ਕਰਦੇ ਸਮੇਂ ਰੈਂਜਿੰਗ ਮਸ਼ੀਨ ਦੀ ਲਪੇਟ ਵਿਚ ਆ ਜਾਣ ਕਾਰਨ ਉਸ ਦਾ ਸੱਜਾ ਅੰਗੂਠਾ ਕੱਟ ਕੇ ਹੱਥ ਤੋਂ ਅਲੱਗ ਹੋ ਗਿਆ। ਫੈਕਟਰੀ ਮਾਲਕ ਨੇ ਪਹਿਲਾਂ ਤਾਂ ਉਸ ਨੂੰ ਠੇਕੇਦਾਰ ਨਾਲ ਇਲਾਜ ਲਈ ਦਯਾਨੰਦ ਹਸਪਤਾਲ ਭੇਜਿਆ ਪਰ ਜਦੋਂ ਡਾਕਟਰਾਂ ਨੇ ਇਲਾਜ 'ਤੇ ਡੇਢ ਲੱਖ ਰੁਪਏ ਦਾ ਖਰਚਾ ਦੱਸਿਆ ਤਾਂ ਮਾਲਕ ਦੇ ਕਹਿਣ 'ਤੇ ਠੇਕੇਦਾਰ ਉਸ ਦਾ ਬਿਨਾਂ ਇਲਾਜ ਕਰਵਾਏ ਵਾਪਸ ਫੈਕਟਰੀ ਲੈ ਆਇਆ। ਉਸ ਦਾ ਦੋਸ਼ ਹੈ ਕਿ ਫੈਕਟਰੀ ਪਹੁੰਚਦੇ ਹੀ ਉਸ ਦਾ ਮੋਬਾਇਲ ਖੋਹ ਲਿਆ ਅਤੇ ਫੈਕਟਰੀ ਦੇ ਇਕ ਕਮਰੇ ਵਿਚ ਉਸ ਨੂੰ ਤੇ ਉਸ ਦੇ ਪਤੀ ਨੂੰ ਬੰਦੀ ਬਣਾ ਲਿਆ ਤੇ ਕਿਸੇ ਨਾਲ ਮਿਲਣ ਅਤੇ ਗੱਲਬਾਤ ਕਰਨ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ। ਉਨ੍ਹਾਂ ਨੂੰ ਡਰਾਇਆ-ਧਮਕਾਇਆ ਗਿਆ ਕਿ ਜੇਕਰ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਸ ਜਾਂ ਕਿਸੇ ਹੋਰ ਵਿਅਕਤੀ ਨੂੰ ਕੀਤੀ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕਵਿਤਾ ਨੇ ਰੇਲ ਦੀ ਟਿਕਟ ਦਿਖਾਉਂਦੇ ਹੋਏ ਕਿਹਾ ਕਿ ਇਸ ਤੋਂ ਬਾਅਦ ਮਾਲਕ ਨੇ ਉਨ੍ਹਾਂ ਨੂੰ ਪਿੰਡ ਭੇਜਣ ਲਈ ਰੇਲਵੇ ਦੀ ਟਿਕਟ ਕਟਵਾ ਕੇ ਸ਼ੁੱਕਰਵਾਰ ਨੂੰ ਜ਼ਬਰਦਸਤੀ ਟਰੇਨ ਵਿਚ ਬਿਠਾ ਦਿੱਤਾ। ਉਨ੍ਹਾਂ ਨੂੰ ਇਹ ਭਰੋਸਾ ਵੀ ਦਿੱਤਾ ਗਿਆ ਕਿ ਠੀਕ ਹੋਣ ਤੋਂ ਬਾਅਦ ਜਦੋਂ ਉਹ ਵਾਪਸ ਆਉਣਗੇ ਤਾਂ ਉਨ੍ਹਾਂ ਨੂੰ ਫਿਰ ਤੋਂ ਕੰਮ 'ਤੇ ਰੱਖ ਲਿਆ ਜਾਵੇਗਾ। ਇਸੇ ਦੌਰਾਨ ਉਸ ਦੇ ਪਤੀ ਨਰੇਸ਼ ਨੇ ਆਪਣੇ ਰਿਸ਼ਤੇਦਾਰ ਨਾਲ ਗੱਲ ਕੀਤੀ ਅਤੇ ਉਸ ਨੂੰ ਆਪਬੀਤੀ ਸੁਣਾਈ। ਇਸ ਤੋਂ ਬਾਅਦ ਉਹ ਸਾਹਨੇਵਾਲ ਰੇਲਵੇ ਸਟੇਸ਼ਨ 'ਤੇ ਉਤਰ ਗਏ ਅਤੇ ਵਾਪਸ ਲੁਧਿਆਣਾ ਪਹੁੰਚੇ। ਇਥੇ ਆ ਕੇ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਸ ਨੇ ਉਸ ਦਾ ਤੇ ਉਸ ਦੇ ਪਤੀ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ। ਨਰੇਸ਼ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਪਿਛਲੇ 6 ਮਹੀਨਿਆਂ ਤੋਂ ਮਜ਼ਦੂਰੀ ਦਾ ਕੰਮ ਕਰਦੇ ਆ ਰਹੇ ਸਨ, ਉਸ ਨੂੰ ਇਸ ਗੱਲ ਦੀ ਬਿਲਕੁਲ ਉਮੀਦ ਨਹੀਂ ਸੀ ਕਿ ਹਾਦਸਾ ਹੋਣ 'ਤੇ ਫੈਕਟਰੀ ਮਾਲਕ ਉਨ੍ਹਾਂ ਨਾਲ ਜਾਨਵਰਾਂ ਵਰਗਾ ਸਲੂਕ ਕਰੇਗਾ। ਉਸ ਦਾ ਦੋਸ਼ ਹੈ ਕਿ ਅਜੇ ਵੀ ਫੈਕਟਰੀ ਮਾਲਕ ਵੱਖ-ਵੱਖ ਮਾਧਿਅਮਾਂ ਰਾਹੀਂ ਉਨ੍ਹਾਂ ਨੂੰ ਡਰਾ-ਧਮਕਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੈਕਟਰੀ ਮਾਲਕ ਦਾ ਪੱਖ ਜਾਣਨ ਲਈ ਉਸ ਨੂੰ ਬੁਲਾਇਆ ਗਿਆ ਹੈ। ਉਥੇ ਹੀ ਦੂਸਰੇ ਪਾਸੇ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਫੈਕਟਰੀ ਮਾਲਕ ਦਾ ਪੱਖ ਨਹੀਂ ਜਾਣਿਆ ਜਾ ਸਕਿਆ।
ਮਾਮਲਾ ਸਿਟੀ ਸੈਂਟਰ ਘਪਲੇ ਦਾ : ਦੋਵਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਤੋਂ ਬਾਅਦ ਅਦਾਲਤ ਨੇ 21 ਲਈ ਫੈਸਲਾ ਰੱਖਿਆ ਪੈਂਡਿੰਗ
NEXT STORY