ਬਠਿੰਡਾ(ਵਰਮਾ)-ਸ਼ਹਿਰ ਦੇ ਮੁੱਖ ਸਦਭਾਵਨਾ ਚੌਕ ਨਜ਼ਦੀਕ ਚੋਰਾਂ ਨੇ ਦੋ ਵੱਡੇ-ਵੱਡੇ ਕੱਪੜਿਆਂ ਦੇ ਸ਼ੋਅ ਰੂਮਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਥੋਂ ਨਕਦੀ ਤੇ ਕੀਮਤੀ ਸਾਮਾਨ 'ਤੇ ਹੱਥ ਸਾਫ ਕੀਤਾ ਜਦਕਿ ਸਿਰਫ 25 ਗਜ਼ ਦੂਰੀ 'ਤੇ ਪੁਲਸ ਦੀ ਨਾਕਾਬੰਦੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਭਿਣਕ ਤੱਕ ਨਹੀਂ ਲੱਗੀ। ਜਾਣਕਾਰੀ ਅਨੁਸਾਰ ਧੋਬੀ ਬਾਜ਼ਾਰ 'ਚ ਮੰਗਲਵਾਰ ਅੱਧੀ ਰਾਤ ਨੂੰ ਸ਼ਹਿਰ ਦੀ ਸਭ ਤੋਂ ਮਸ਼ਹੂਰ ਕੱਪੜੇ ਦੀ ਦੁਕਾਨ ਸਾੜ੍ਹੀ ਪੈਲੇਸ ਤੇ ਗੋਠੀ ਵਰਲਡ ਵਾਈਡ 'ਤੇ ਚੋਰ ਛੱਤ ਦੇ ਰਸਤੇ ਅੰਦਰ ਦਾਖਲ ਹੋਏ ਅਤੇ ਦਰਵਾਜ਼ਾ ਤੋੜ ਕੇ ਆਰਾਮ ਨਾਲ ਉਨ੍ਹਾਂ ਨੇ ਦੁਕਾਨ ਦੀ ਤਲਾਸ਼ੀ ਲੈ ਕੇ ਉਥੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਸਾੜ੍ਹੀ ਪੈਲੇਸ ਸ਼ੋਅ ਰੂਮ ਦੇ ਮਾਲਕ ਕੁਨਾਲ ਗਰਗ ਨੇ ਦੱਸਿਆ ਕਿ ਸਵੇਰੇ 8 ਵਜੇ ਜਿਵੇਂ ਹੀ ਉਨ੍ਹਾਂ ਦਾ ਸਟਾਫ ਸਫਾਈ ਲਈ ਪਹੁੰਚਿਆ ਤਾਂ ਦੇਖਿਆ ਕਿ ਅੰਦਰ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਗੱਲੇ ਨੂੰ ਤੋੜ ਕੇ ਉਸ 'ਚੋਂ ਨਕਦੀ ਕੱਢ ਲਈ ਗਈ ਸੀ। ਇਨ੍ਹਾਂ ਸ਼ੋਅ ਰੂਮਾਂ ਦੇ ਨੁਕਸਾਨ ਸਬੰਧੀ ਅਜੇ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ ਕਿਉਂਕਿ ਲੱਖਾਂ ਦਾ ਸਾਮਾਨ ਖਿੱਲਰਿਆ ਹੋਇਆ ਸੀ। ਗੋਠੀ ਦੇ ਮਾਲਕ ਪਵਨ ਜੈਨ ਨੇ ਦੱਸਿਆ ਕਿ ਚੋਰੀ ਬਾਰੇ ਪਤਾ ਲੱਗਣ 'ਤੇ ਉਹ ਮੌਕੇ 'ਤੇ ਪਹੁੰਚੇ, ਜਦੋਂ ਉਨ੍ਹਾਂ ਆਪਣੀ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਏ। ਉਥੇ ਵੀ ਚੋਰਾਂ ਨੇ ਸੇਫ ਤੋੜ ਕੇ ਨਕਦੀ ਕੱਢ ਲਈ ਤੇ ਦੁਕਾਨ ਦੀ ਭੰਨ-ਤੋੜ ਵੀ ਕੀਤੀ। ਉਨ੍ਹਾਂ ਦੀ ਤੀਜੀ ਮੰਜ਼ਿਲ ਦਾ ਦਰਵਾਜ਼ਾ ਟੁੱਟਾ ਹੋਇਆ ਮਿਲਿਆ। ਇਸ ਚੋਰੀ ਦੀ ਘਟਨਾ ਨਾਲ ਪੂਰਾ ਬਾਜ਼ਾਰ ਦਹਿਸ਼ਤ ਵਿਚ ਹੈ ਅਤੇ ਇਸ ਦੀ ਸੂਚਨਾ ਜਿਵੇਂ ਹੀ ਪੁਲਸ ਨੂੰ ਦਿੱਤੀ ਤਾਂ ਡੀ. ਐੱਸ. ਪੀ. ਸਿਟੀ, ਥਾਣਾ ਮੁਖੀ, ਸੀ. ਆਈ. ਏ. ਮੁਖੀ ਰਾਜਿੰਦਰ ਕੁਮਾਰ ਸਮੇਤ ਪੁਲਸ ਨੇ ਘਟਨਾ ਦੀ ਜਾਣਕਾਰੀ ਲਈ। ਮੌਕੇ 'ਤੇ ਡਾਗ ਸਕੁਐਡ ਤੇ ਫਿੰਗਰ ਪ੍ਰਿੰਟ ਟੀਮਾਂ ਪਹੁੰਚੀਆਂ, ਜਿਨ੍ਹਾਂ ਨੇ ਬਾਰੀਕੀ ਨਾਲ ਫਿੰਗਰ ਪ੍ਰਿੰਟ ਚੁੱਕੇ ਜਦਕਿ ਡਾਗ ਸਕੁਐਡ ਕੁਝ ਹੀ ਦੂਰੀ 'ਤੇ ਜਾ ਕੇ ਰੁਕ ਗਏ ਕਿਉਂਕਿ ਚੋਰ ਛੱਤ ਦੇ ਰਸਤਿਓਂ ਉਤਰੇ ਸੀ। ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਕੁਝ ਦਿਨ ਪਹਿਲਾਂ ਹੀ ਹੋਈ ਹੈ ਚੋਰੀ, ਗੁੱਸੇ 'ਚ ਹੈ ਵਪਾਰ ਮੰਡਲ
ਸ਼ਹਿਰ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਲੈ ਕੇ ਵਪਾਰ ਮੰਡਲ 'ਚ ਰੋਸ ਪਾਇਆ ਜਾ ਰਿਹਾ ਹੈ। ਅੱਜ ਦੀ ਘਟਨਾ ਨੇ ਤਾਂ ਸਾਬਿਤ ਕਰ ਦਿੱਤਾ ਹੈ ਕਿ ਚੋਰਾਂ 'ਤੇ ਪੁਲਸ ਦਾ ਕੰਟਰੋਲ ਖਤਮ ਹੋ ਚੁੱਕਾ ਹੈ। ਵਪਾਰ ਮੰਡਲ ਪ੍ਰਧਾਨ ਕਪੂਰ ਨੇ ਦੱਸਿਆ ਕਿ ਸ਼ਹਿਰ ਦੇ ਸਭ ਤੋਂ ਭੀੜ ਵਾਲੇ ਤੇ ਸੰਵੇਦਨਸ਼ੀਲ ਖੇਤਰ ਵਿਚ ਚੋਰੀ ਹੋਣਾ ਪੁਲਸ ਲਈ ਇਕ ਵੱਡੀ ਚੁਣੌਤੀ ਹੈ। ਰਾਤ 12 ਵਜੇ ਤੱਕ ਤਾਂ ਇਸ ਬਾਜ਼ਾਰ ਵਿਚ ਚਹਿਲ-ਪਹਿਲ ਰਹਿੰਦੀ ਹੈ ਜਦਕਿ ਸਵੇਰੇ 4 ਵਜੇ ਤੋਂ ਬਾਅਦ ਲੋਕ ਇਸ ਬਾਜ਼ਾਰ 'ਚੋਂ ਲੰਘਦੇ ਹਨ, ਬਾਵਜੂਦ ਇਸ ਦੇ ਸਦਭਾਵਨਾ ਚੌਕ 'ਤੇ 24 ਘੰਟੇ ਪੁਲਸ ਦਾ ਪਹਿਰਾ ਰਹਿੰਦਾ ਹੈ ਫਿਰ ਵੀ ਕੁਝ ਗਜ਼ ਦੀ ਦੂਰੀ 'ਤੇ ਚੋਰਾਂ ਨੇ ਜੋ ਕਰਿਸ਼ਮਾ ਕੀਤਾ, ਉਸ ਤੋਂ ਸਾਰੇ ਹੈਰਾਨ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਮਾਲ ਰੋਡ 'ਤੇ ਡੀ. ਪੀ. ਸੰਜ਼ ਦੇ ਵੀ ਚੋਰੀ ਹੋਈ ਸੀ, ਉਹ ਵੀ ਇਸੇ ਪੈਟਰਨ 'ਤੇ ਸੀ, ਚੋਰਾਂ ਨੇ ਉਥੇ ਵੀ ਛੱਤ ਰਾਹੀਂ ਦੁਕਾਨ ਅੰਦਰ ਦਾਖਲ ਹੋ ਕੇ ਚੋਰੀ ਕੀਤੀ। 15 ਦਿਨ ਪਹਿਲਾਂ ਕੱਪੜਾ ਮਾਰਕੀਟ 'ਚ 3 ਦੁਕਾਨਾਂ ਨੂੰ ਚੋਰਾਂ ਨੇ ਇਕਮੁਸ਼ਤ ਨਿਸ਼ਾਨਾ ਬਣਾਇਆ ਅਤੇ ਉਥੋਂ ਲੱਖਾਂ ਦਾ ਸਾਮਾਨ ਲੈ ਗਏ, ਪੁਲਸ ਅਜੇ ਤੱਕ ਚੋਰਾਂ ਨੂੰ ਫੜ ਨਹੀਂ ਸਕੀ। ਪੰਜਾਬ ਨੌਜਵਾਨ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗਰਗ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਸ਼ੋਅਰੂਮਾਂ ਜਾਂ ਦੁਕਾਨਾਂ 'ਤੇ ਚੋਰੀਆਂ ਹੁੰਦੀਆਂ ਰਹੀਆਂ ਤਾਂ ਪੁਲਸ ਦੀ ਤਾਂ ਜ਼ਰੂਰਤ ਹੀਂ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸਦਭਾਵਨਾ ਚੌਕ ਵਿਚ ਹੋਈ ਚੋਰੀ ਦੀ ਘਟਨਾ ਨੇ ਸਾਬਿਤ ਕਰ ਦਿੱਤਾ ਕਿ ਸ਼ਹਿਰ ਦੀ ਕੋਈ ਦੁਕਾਨ ਸੁਰੱਖਿਅਤ ਨਹੀਂ ਰਹੀ। ਆਮ ਤੌਰ 'ਤੇ ਧੋਬੀ ਬਾਜ਼ਾਰ 'ਚ ਦੁਕਾਨ ਬੰਦ ਕਰ ਕੇ ਰਾਤ ਨੂੰ 11 ਵਜੇ ਜਾਂਦੇ ਹਾਂ, ਉਸ ਤੋਂ ਬਾਅਦ ਇਕ-ਦੋ ਘੰਟੇ ਰੌਣਕ ਰਹਿੰਦੀ ਹੈ, ਚੋਰ ਕਿਵੇਂ ਆਏ ਪੁਲਸ ਇਸ ਦਾ ਪਤਾ ਲਾਉਣ ਵਿਚ ਨਾਕਾਮ ਰਹੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ੋਅ ਰੂਮਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਬੰਦ ਹੋਣ ਕਾਰਨ ਚੋਰ ਕੈਮਰਿਆਂ 'ਚ ਕੈਦ ਹੋਣ ਤੋਂ ਬਚ ਗਏ।
ਥਾਣਾ ਮੌੜ ਦੇ ਏ. ਐੱਸ. ਆਈ. 'ਤੇ ਧਮਕਾਉਣ ਦੇ ਦੋਸ਼
NEXT STORY