ਮਾਲੇਰਕੋਟਲਾ(ਯਾਸੀਨ)-ਮਾਲੇਰਕੋਟਲਾ ਸ਼ਹਿਰ ਜੋ ਕਿ ਬਹੁ-ਗਿਣਤੀ ਅਨਪੜ੍ਹਤਾ ਵਾਲਾ ਜ਼ਿਲਾ ਸੰਗਰੂਰ ਦਾ ਸ਼ਹਿਰ ਹੈ, ਵਿਖੇ ਮਰਦ ਪ੍ਰਧਾਨ ਸਮਾਜ ਵੱਲੋਂ ਆਏ ਦਿਨ ਔਰਤਾਂ 'ਤੇ ਕੀਤੇ ਜਾਂਦੇ ਤਸ਼ੱਦਦ ਦੀਆਂ ਕਹਾਣੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਅਤੇ ਇਸੇ ਤਰ੍ਹਾਂ ਦੀ ਇਕ ਹੋਰ ਦਰਦਨਾਕ ਕਹਾਣੀ ਅੱਜ ਉਸ ਸਮੇਂ ਸਾਹਮਣੇ ਆਈ ਜਦੋਂ ਸਥਾਨਕ ਮੁਹੱਲਾ ਕੂਈ ਵਾਲਾ ਦੀ ਵਸਨੀਕ ਨਾਜ਼ੀਆ ਪੁੱਤਰੀ ਮੁਹੰਮਦ ਸਲੀਮ (ਹਾਮੂ) ਪਤਨੀ ਮੁਹੰਮਦ ਅਸ਼ਰਫ ਨੇ ਵੱਡੀ ਗਿਣਤੀ 'ਚ ਮੁਹੱਲਾ ਵਾਸੀਆਂ ਸਮੇਤ ਪੱਤਰਕਾਰਾਂ ਸਾਹਮਣੇ ਪੇਸ਼ ਹੋ ਕੇ ਆਪਣੀ ਰੂ-ਦਾਦ ਸੁਣਾਉਂਦਿਆਂ ਕਿਹਾ ਕਿ ਕਰੀਬ 15 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ ਪਹਿਲੇ ਦਿਨ ਤੋਂ ਹੀ ਉਸ ਦਾ ਸਹੁਰਾ ਪਰਿਵਾਰ ਉਸ ਨਾਲ ਕੁੱਟ-ਮਾਰ ਕਰਦਾ ਆ ਰਿਹਾ ਸੀ ਅਤੇ ਉਹ ਜ਼ਿਆਦਾਤਰ ਆਪਣੇ ਮਾਪਿਆਂ ਦੇ ਘਰ ਹੀ ਰੁਸ ਕੇ ਰਹਿੰਦੀ ਰਹੀ ਹੈ ਅਤੇ ਹੁਣ ਇਕ ਵਾਰ ਫਿਰ ਉਹ ਪਿਛਲੇ ਕਰੀਬ ਇਕ ਸਾਲ ਤੋਂ ਆਪਣੇ ਮਾਪਿਆਂ ਦੇ ਘਰ ਬੈਠੀ ਹੈ ਅਤੇ ਉਸ ਦਾ ਪਤੀ ਕੁਝ ਹੋਰ ਵਿਅਕਤੀਆਂ ਸਮੇਤ ਸਤੰਬਰ 2017 'ਚ ਉਸ ਦੇ ਮਾਪਿਆਂ ਦੇ ਘਰੋਂ ਜ਼ਬਰਦਸਤੀ ਉਸ ਦੇ ਪੁੱਤਰ ਆਦਿਸ਼ (5) ਨੂੰ ਚੁੱਕ ਕੇ ਲੈ ਗਿਆ ਸੀ ।ਨਾਜ਼ੀਆ ਅਨੁਸਾਰ ਉਨ੍ਹਾਂ ਥਾਣਾ ਸਿਟੀ-2 'ਚ ਉਸ ਸਮੇਂ ਦਰਖਾਸਤ ਵੀ ਦਿੱਤੀ ਸੀ ਅਤੇ ਕਿਡਨੈਪ ਦਾ ਮਾਮਲਾ ਦਰਜ ਕਰਨ ਦੀ ਬੇਨਤੀ ਕੀਤੀ ਸੀ ਪਰ ਪੁਲਸ ਨੇ ਉਨ੍ਹਾਂ ਦਾ ਕੋਈ ਸਾਥ ਨਹੀਂ ਦਿੱਤਾ ਅਤੇ ਅੱਜ ਤੱਕ ਉਸ ਦਾ ਬੱੱਚਾ ਉਸ ਨੂੰ ਨਹੀਂ ਮਿਲਿਆ । ਪੀੜਤਾ ਨੇ ਅੱਗੇ ਦੱਸਿਆ ਕਿ ਹੁਣ ਇਕ ਹਫਤਾ ਪਹਿਲਾਂ ਫਿਰ ਉਸ ਦੇ ਘਰ 'ਤੇ ਉਸ ਨੂੰ ਇਕੱਲੀ ਦੇਖ ਕੇ ਉਸ ਦੇ ਦਿਉਰ ਮੁਹੰਮਦ ਆਸਿਫ (ਨੋਨੀ), ਨੰਨਦੋਈਆ ਅਲੀ, ਉਸ ਦੇ ਪਤੀ ਦਾ ਦੋਸਤ ਸਾਜੂ ਅਤੇ ਉਨ੍ਹਾਂ ਦੇ ਸਹੁਰਾ ਪਰਿਵਾਰ ਦਾ ਨੌਕਰ ਗਲਾਟੂ ਨੇ ਹਮਲਾ ਕਰ ਦਿੱਤਾ ਅਤੇ ਉਸ ਦੀ ਅਤੇ ਉਸ ਦੀ ਧੀ ਅਲੀਸ਼ਾ (12 ਸਾਲ) ਦੀ ਕੁੱਟ-ਮਾਰ ਕੀਤੀ । ਨਾਜ਼ੀਆ ਤੇ ਉਸ ਦੀ ਧੀ ਦੇ ਦੱਸਣ ਅਨੁਸਾਰ ਹਮਲਾਵਰਾਂ ਨੇ ਨਾਜ਼ੀਆ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਅਲੀਸ਼ਾ ਨੂੰ ਇਕ ਕਮਰੇ 'ਚ ਬੰਦ ਕਰ ਦਿੱਤਾ। ਉਪਰੰਤ ਉਨ੍ਹਾਂ ਨਾਜ਼ੀਆ ਦੀ ਕੁੱਟ-ਮਾਰ ਕੀਤੀ ਅਤੇ ਉਸ ਨੂੰ ਕਿਹਾ ਕਿ ਜੋ ਉਸ ਨੇ ਅਦਾਲਤ 'ਚ ਕੇਸ ਕੀਤਾ ਹੈ ਜਾਂ ਤਾਂ ਉਸ ਨੂੰ ਉਹ ਵਾਪਸ ਲੈ ਲਵੇ ਜਾਂ ਫਿਰ ਤਲਾਕ ਦੇ ਕਾਗਜ਼ਾਂ 'ਤੇ ਦਸਤਖਤ ਕਰ ਦੇ । ਨਾਜ਼ੀਆ ਅਨੁਸਾਰ ਹਮਲਾਵਰਾਂ ਕੋਲ ਪੈਟਰੋਲ ਵੀ ਸੀ ਅਤੇ ਉਨ੍ਹਾਂ ਨੇ ਕੋਈ ਜ਼ਹਿਰੀਲੀ ਚੀਜ਼ ਜ਼ਬਰਦਸਤੀ ਉਸ ਨੂੰ ਸੁੰਘਾਈ ਅਤੇ ਪਿਆਉਣ ਦੀ ਵੀ ਕੋਸ਼ਿਸ਼ ਕੀਤੀ, ਜਿਸ ਨਾਲ ਉਹ ਬੇਹੋਸ਼ ਹੋ ਗਈ । ਪੀੜਤਾ ਦੀ ਧੀ ਅਲੀਸ਼ਾ ਅਨੁਸਾਰ ਹਮਲਾਵਰਾਂ ਨੇ ਕਿਸੇ ਨਾਲ ਫੋਨ 'ਤੇ ਗੱਲ ਵੀ ਕੀਤੀ ਕਿ ਉਸ ਨੂੰ ਬੰਨ੍ਹ ਕੇ ਬੇਹੋਸ਼ ਕਰ ਦਿੱਤਾ ਹੈ, ਹੁਣ ਦੱਸੋ ਘਰ ਨੂੰ ਪੈਟਰੋਲ ਪਾ ਕੇ ਅੱਗ ਲਾ ਦੇਈਏ। ਕੌਂਸਲਰ ਤਨਵੀਰ ਅਹਿਮਦ ਅਤੇ ਮੁਹੱਲਾ ਵਾਸੀ ਮਜੀਦ, ਯਾਸੀਨ, ਅਖਤਰ, ਮੁਹੰਮਦ ਤੂਫੈਲ, ਇਲਯਾਸ, ਹਮੀਦ, ਯਾਕੂਬ, ਯੂਨਸ ਅਤੇ ਮੁਹੰਮਦ ਖਾਲਿਦ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੋਰ ਸੁਣ ਕੇ ਜਦੋਂ ਜਾ ਕੇ ਦੇਖਿਆ ਤਾਂ ਨਾਜ਼ੀਆ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਉਹ ਬੇਹੋਸ਼ ਪਈ ਸੀ ਜਦੋਂ ਕਿ ਉਸ ਦੀ ਲੜਕੀ ਇਕ ਕਮਰੇ 'ਚ ਬੰਦ ਸੀ ਅਤੇ ਘਰ ਦਾ ਸਾਮਾਨ ਵੀ ਖਿੱਲਰਿਆ ਪਿਆ ਸੀ, ਜਿਸ ਤੋਂ ਜਾਪਦਾ ਸੀ ਕਿ ਹਮਲਾਵਰਾਂ ਨੇ ਚੋਰੀ ਕਰਨ ਦੀ ਵੀ ਕੋਸ਼ਿਸ਼ ਕੀਤੀ ਹੋਵੇਗੀ । ਬੇਸ਼ੱਕ ਹਮਲਾਵਰਾਂ ਨੂੰ ਕਿਸੇ ਨੇ ਨਹੀਂ ਦੇਖਿਆ ਪਰ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਨਾਜ਼ੀਆ ਦੇ ਘਰ ਵਾਲਿਆਂ ਨੂੰ ਫੋਨ ਕਰ ਕੇ ਉਕਤ ਵਾਰਦਾਤ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਮਦਦ ਨਾਲ ਹੀ ਪੀੜਤਾ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਉਸ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ ਸੀ ਅਤੇ ਉਸ ਨੂੰ ਅੱਜ ਹੀ ਪਟਿਆਲਾ ਤੋਂ ਛੁੱਟੀ ਮਿਲੀ ਸੀ। ਜਦੋਂ ਪੂਰੇ ਮਾਮਲੇ ਸਬੰਧੀ ਥਾਣਾ ਸਿਟੀ-2 ਦੇ ਇੰਚਾਰਜ ਮਜੀਦ ਖਾਂ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਜਾਂਚ ਅਨੁਸਾਰ ਪੂਰਾ ਮਾਮਲਾ ਝੂਠਾ ਤਿਆਰ ਕੀਤਾ ਗਿਆ ਜਾਪਦਾ ਹੈ।
ਚੋਰਾਂ ਨੇ ਮਚਾਇਆ ਹੜਕੰਪ ਇਕੋ ਰਾਤ 7 ਦੁਕਾਨਾਂ 'ਤੇ ਕੀਤਾ ਹੱਥ ਸਾਫ
NEXT STORY