ਧਨੌਲਾ(ਰਵਿੰਦਰ)-ਕਸਬੇ ਅੰਦਰ ਚੋਰਾਂ ਵੱਲੋਂ ਮਚਾਏ ਹੜਕੰਪ ਕਾਰਨ ਮੰਡੀ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬੀਤੀ ਰਾਤ ਚੋਰਾਂ ਵੱਲੋਂ ਸਥਾਨਕ ਬੱਸ ਸਟੈਂਡ 'ਤੇ ਸਥਿਤ ਛੇ ਦੁਕਾਨਾਂ ਦੀ ਭੰਨ-ਤੋੜ ਕਰ ਕੇ ਨਕਦੀ, ਕਰਿਆਨਾ, ਫੋਟੋਗ੍ਰਾਫੀ ਦੀ ਦੁਕਾਨ ਦਾ ਸਾਮਾਨ ਅਤੇ ਇਕ ਵਰਕਸ਼ਾਪ 'ਚ ਸਕੂਟਰ ਵਾਸ਼ਰ ਪੰਪ ਚੋਰੀ ਕਰ ਲਿਆ ਗਿਆ ਹੈ। ਸਿਟੀ ਕਾਂਗਰਸ ਦੇ ਪ੍ਰਧਾਨ ਅਜੈ ਗਰਗ ਦੀ ਕਰਿਆਨੇ ਦੀ ਦੁਕਾਨ ਦੇ ਜਿੰਦਰੇ ਭੰਨ ਕੇ ਉਸ 'ਚ ਕਰਿਆਨੇ ਦਾ ਸਮਾਨ ਚੋਰੀ ਕਰਨ ਸਬੰਧੀ ਉਸ ਨੇ ਦੱਸਿਆ ਕਿ ਦੁਕਾਨ 'ਚੋਂ ਘਿਉ, ਤੇਲ, ਸਾਬਣ, ਸਰਫ, ਗੱਲੇ 'ਚੋਂ ਨਕਦੀ ਸਮੇਤ ਉਸ ਦਾ 15-18 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਫੋਟੋ ਗ੍ਰਾਫਰ ਕੇਸਰ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਦੀ ਛੱਤ ਪਾੜ ਕੇ ਦੁਕਾਨ 'ਚੋਂ ਗੱਲੇ 'ਚੋਂ 16-17 ਹਜ਼ਾਰ ਦੀ ਨਕਦੀ, ਪੈਨ ਡਰਾਈਵਾਂ, ਸੀ. ਡੀਜ਼ ਸਮੇਤ 20 ਤੋਂ 25 ਹਜ਼ਾਰ ਦਾ ਨੁਕਸਾਨ ਚੋਰਾਂ ਵੱਲੋਂ ਕੀਤਾ ਗਿਆ। ਇਸੇ ਤਰ੍ਹਾਂ ਲਛਮਣ ਸਿੰਘ ਦੀ ਜੂਸ ਦੀ ਦੁਕਾਨ 'ਚ ਜੂਸ ਅਤੇ ਠੰਡੇ ਅਤੇ ਦੁਕਾਨ 'ਚ ਲੱਗੇ ਕੈਮਰੇ ਅਤੇ ਡੀ. ਵੀ. ਆਰ. ਚੋਰੀ ਕੀਤਾ ਗਿਆ ਹੈ। ਉਸ ਦਾ ਵੀ 12 ਤੋਂ 15 ਹਜ਼ਾਰ ਦਾ ਨੁਕਸਾਨ ਹੋਇਆ ਹੈ। ਐੱਸ. ਕੇ. ਐਨਕਾਂ ਦੀ ਦੁਕਾਨ 'ਤੇ ਲੱਗੇ ਕੈਮਰਿਆਂ ਦੀ ਵੀ ਭੰਨ-ਤੋੜ ਕੀਤੀ ਗਈ ਹੈ। ਨਰੇਸ਼ ਮੈਡੀਕਲ ਦੀ ਦੁਕਾਨ ਦਾ ਛੱਤ ਵਾਲਾ ਗੇਟ ਤੋੜ ਕੇ ਗੱਲੇ 'ਚੋਂ ਭਾਨ ਵਗੈਰਾ ਚੋਰੀ ਕੀਤੀ ਗਈ। ਜੀਓ ਦੇ ਸ਼ੋਅਰੂਮ ਦੇ ਜਿੰਦਰੇ ਵੀ ਤੋੜ ਦਿੱਤੇ ਹਨ ਪਰ ਕੋਈ ਸਾਮਾਨ ਚੋਰੀ ਨਹੀਂ ਹੋਇਆ। ਇਸੇ ਤਰ੍ਹਾਂ ਬਰਨਾਲਾ ਰੋਡ ਦਾਣਾ ਮੰਡੀ 'ਚ ਸਥਿਤ ਸਕੂਟਰ ਰਿਪੇਅਰ ਦੀ ਦੁਕਾਨ 'ਚੋਂ ਸਕੂਟਰ ਵਾਸ਼ਰ ਪੰਪ ਸਮੇਤ ਮੋਟਰ ਚੋਰੀ ਹੋ ਗਈ ਹੈ। ਇਨ੍ਹਾਂ ਹੋਈਆਂ ਚੋਰੀਆਂ ਕਾਰਨ ਦੁਕਾਨਦਾਰਾਂ 'ਚ ਕਾਫੀ ਦਹਿਸ਼ਤ ਅਤੇ ਸਹਿਮ ਪਾਇਆ ਜਾ ਰਿਹਾ ਹੈ। ਥਾਣਾ ਮੁਖੀ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਚੋਰੀ ਦੀਆਂ ਹੋਈਆਂ ਘਟਨਾਵਾਂ ਵਾਲੀਆਂ ਥਾਵਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਹੈ ਅਤੇ ਦੁਕਾਨ ਅੱਗੇ ਲੱਗੇ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਗਈ ਹੈ, ਜਿਸ ਤੋਂ ਕਾਫੀ ਸੁਰਾਗ ਮਿਲੇ ਹਨ, ਜਲਦੀ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।
ਸ਼੍ਰੋਮਣੀ ਕਮੇਟੀ 'ਚੋਂ ਕੱਢੇ ਗਏ ਮੁਲਾਜ਼ਮ ਹਾਈ ਕੋਰਟ ਜਾਣ ਦੀ ਤਿਆਰੀ 'ਚ
NEXT STORY