ਕਿਸ਼ਨਗੜ੍ਹ(ਬੈਂਸ)-ਅੱਡਾ ਕਿਸ਼ਨਗੜ੍ਹ ਦੀ ਮਾਰਕੀਟ ਵਿਚ ਬੀਤੀ ਲੰਘੀ ਰਾਤ ਚੋਰਾਂ ਨੇ ਇਕ ਰੈਡੀਮੇਡ ਕੱਪੜੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨਦਾਰ ਲਖਬੀਰ ਸਿੰਘ ਵਾਸੀ ਚਾਹੜਕੇ ਲੁਹਾਰਾ ਨਜ਼ਦੀਕ ਭੋਗਪੁਰ ਨੇ ਦੱਸਿਆ ਕਿ ਕਿਸ਼ਨਗੜ੍ਹ ਦੀ ਮੇਨ ਮਾਰਕੀਨ ਵਿਚ ਉਸ ਦੀ ਅਜੇ ਪਾਲ ਸਿੰਘ ਨਾਲ ਸਾਂਝੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਬੁੱਧਵਾਰ ਨੂੰ ਸਵੇਰੇ ਉਸ ਦੇ ਗੁਆਂਢੀ ਦੁਕਾਨਦਾਰ ਨੇ ਉਸ ਨੂੰ ਫੋਨ 'ਤੇ ਦੱਸਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਾ ਪਿਆ ਹੈ। ਮੌਕੇ 'ਤੇ ਆ ਕੇ ਉਸ ਨੇ ਦੇਖਿਆ ਕਿ ਵਿਦੇਸ਼ੀ ਮਾਰਕੇ ਦੀਆਂ ਪੈਂਟਾਂ, ਸ਼ਰਟਾਂ, ਟੀ-ਸ਼ਰਟਾਂ, ਵਿਦੇਸ਼ੀ ਘੜੀਆਂ, ਮਹਿੰਗੇ ਭਾਅ ਦੇ ਬੂਟ, ਦੁਕਾਨ 'ਚ ਲੱਗੀ ਐੱਲ. ਈ. ਡੀ., ਗੱਲੇ ਵਿਚ ਪਈ 15 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ।
ਪੀੜਤ ਦੁਕਾਨਦਾਰ ਨੇ ਘਟਨਾ ਦੀ ਸੂਚਨਾ ਪੁਲਸ ਚੌਕੀ ਕਿਸ਼ਨਗੜ੍ਹ ਵਿਖੇ ਦਿੱਤੀ। ਚੌਕੀ ਇੰਚਾਰਜ ਏ. ਐੱਸ. ਆਈ. ਸੁਖਜੀਤ ਸਿੰਘ ਬੈਂਸ ਤੇ ਹੈੱਡ ਕਾਂਸਟੇਬਲ ਨਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ। ਉਪਰੰਤ ਡੀ. ਐੱਸ. ਪੀ. ਆਦਮਪੁਰ ਗੁਰਵਿੰਦਰ ਸਿੰਘ ਸੰਧੂ, ਥਾਣਾ ਭੋਗਪੁਰ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਸੁਰਜੀਤ ਸਿੰਘ, ਸੀ. ਆਈ. ਏ. ਸਟਾਫ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਆਦਿ ਨੇ ਮੌਕੇ 'ਤੇ ਪਹੁੰਚ ਕੇ ਨਜ਼ਦੀਕੀ ਦੁਕਾਨਾਂ ਅਤੇ ਹਾਈਵੇ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਬਾਰੀਕੀ ਨਾਲ ਦੇਖੀ।
ਸੀ. ਸੀ. ਟੀ. ਵੀ. ਕੈਮਰੇ 'ਤੇ ਕੱਪੜਾ ਪਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਫੁਟੇਜ ਤੋਂ ਪਤਾ ਚੱਲਦਾ ਹੈ ਕਿ ਚੋਰੀ ਬੁੱਧਵਾਰ ਤੜਕੇ ਕਰੀਬ 3.35 ਵਜੇ ਹੋਈ ਹੈ। ਸ਼ਾਤਿਰ ਚੋਰਾਂ ਨੇ ਦੁਕਾਨ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਉਪਰ ਕੱਪੜਾ ਪਾ ਦਿੱਤਾ ਸੀ, ਜਿਸ ਤੋਂ ਬਾਅਦ ਦੇ ਸਮੇਂ ਦੀ ਕੈਮਰੇ 'ਚ ਕੋਈ ਫੁਟੇਜ ਨਹੀਂ ਹੈ।
ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਪੁਲਸ
ਥਾਣਾ ਭੋਗਪੁਰ ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ 'ਤੇ ਥਾਣਾ ਭੋਗਪੁਰ ਵਿਚ 380, 457 ਦਾ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਤੇ ਪੁਲਸ ਉਕਤ ਚੋਰੀ ਸਬੰਧੀ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਜਨਤਾ ਦੇ ਸਾਹਮਣੇ ਉਕਤ ਚੋਰੀ ਸਬੰਧੀ ਸਾਰਥਕ ਨਤੀਜੇ ਪੇਸ਼ ਕਰਨਗੇ।
ਦੱਖਣੀ ਭਾਰਤ ਦੀਆਂ 129 ਸੀਟਾਂ 'ਤੇ ਸੰਕਟ 'ਚ ਭਾਜਪਾ!
NEXT STORY