ਅਬੋਹਰ(ਸੁਨੀਲ)—ਅਬੋਹਰ-ਫਾਜ਼ਿਲਕਾ ਕੌਮੀ ਰਾਜਮਾਰਗ ਨੰਬਰ 10 'ਤੇ ਸਥਿਤ ਨਵੀਂ ਅਨਾਜ ਮੰਡੀ ਦੇ ਨੇੜੇ ਰਹਿਣ ਵਾਲੇ ਇਕ ਵਿਅਕਤੀ ਨੇ ਪਿੰਡ ਢਾਬਾ ਕੋਕਰੀਆਂ ਵਾਸੀ ਇਕ ਜ਼ਿਮੀਂਦਾਰ 'ਤੇ ਉਸਦੇ 5 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਅਤੇ ਟਰਾਲੀ ਤੋਂ ਹੇਠਾਂ ਸੁੱਟਣ ਦੇ ਦੋਸ਼ ਲਾਉਂਦੇ ਹੋਏ ਪੁਲਸ ਤੋਂ ਉਸ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜ਼ਖ਼ਮੀ ਬੱਚੇ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਹਸਪਤਾਲ ਵਿਚ ਮੌਜੂਦ ਨਰ ਸੇਵਾ ਨਾਰਾਇਣ ਸੇਵਾ ਸੰਸਥਾ ਦੇ ਪ੍ਰਧਾਨ ਰਾਜੂ ਚਰਾਇਆ ਅਤੇ ਜਨ ਜੋਤੀ ਕਲਿਆਣ ਕਮੇਟੀ ਦੇ ਮੈਂਬਰ ਦਿਆਲ ਚੰਦ ਨੇ ਦੱਸਿਆ ਕਿ ਅਨਾਜ ਮੰਡੀ ਦੇ ਨੇੜੇ ਰਹਿਣ ਵਾਲੇ 5 ਸਾਲ ਦੇ ਗੁਲਜਾਰ ਪੁੱਤਰ ਮਾਲੀ ਮੁਹੰਮਦ ਦੇ ਪਰਿਵਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦਾ ਪੁੱਤਰ ਅਨਾਜ ਮੰਡੀ ਵਿਚ ਖੜ੍ਹੀ ਇਕ ਖਾਲੀ ਟਰਾਲੀ ਵਿਚ ਖੇਡ ਰਿਹਾ ਸੀ ਕਿ ਇਸ ਦੌਰਾਨ ਢਾਬਾ ਕੋਕਰੀਆਂ ਵਾਸੀ ਇਕ ਜ਼ਿਮੀਂਦਾਰ ਨੇ ਉਕਤ ਬੱਚੇ 'ਤੇ ਟਰਾਲੀ 'ਚੋਂ ਕਣਕ ਚੋਰੀ ਕਰਨ ਦਾ ਦੋਸ਼ ਲਾਉਂਦੇ ਹੋਏ ਉਸ ਦੀ ਕੁੱਟ-ਮਾਰ ਕੀਤੀ। ਜਦ ਲੋਕਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਜ਼ਿਮੀਂਦਾਰ ਨੇ ਉਸਦੇ ਪੁੱਤਰ ਨੂੰ ਟਰਾਲੀ ਤੋਂ ਹੇਠਾਂ ਸੁੱਟ ਦਿੱਤਾ। ਇੰਨਾ ਹੀ ਨਹੀਂ, ਜਦ ਬੱਚੇ ਦਾ ਪਿਤਾ ਆਪਣੇ ਜ਼ਖ਼ਮੀ ਪੁੱਤਰ ਨੂੰ ਚੁੱਕ ਕੇ ਆਪਣੀ ਝੌਂਪੜੀ 'ਚ ਲੈ ਗਿਆ ਤਾਂ ਉਕਤ ਜ਼ਿਮੀਂਦਾਰ ਨੇ ਇਕ ਆੜ੍ਹਤੀ ਤੋਂ ਫੋਨ ਕਰਵਾ ਕੇ ਬੱਚੇ ਦੇ ਪਿਤਾ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਆਂਢ-ਗੁਆਂਢ ਦੇ ਲੋਕਾਂ ਨੇ ਜ਼ਖ਼ਮੀ ਬੱਚੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਡਾਕਟਰਾਂ ਮੁਤਾਬਕ ਬੱਚੇ ਦੀਆਂ ਪੱਸਲੀਆਂ ਅਤੇ ਦੰਦ ਟੁੱਟ ਗਏ ਹਨ। ਬੱਚੇ ਦੀ ਮਾਂ ਹਸੀਨਾ ਨੇ ਕਮੇਟੀ ਮੈਂਬਰਾਂ ਅਤੇ ਜਨ ਜੋਤੀ ਕਲਿਆਣ ਕਮੇਟੀ ਤੋਂ ਉਕਤ ਜ਼ਿਮੀਂਦਾਰ ਖਿਲਾਫ ਕਾਰਵਾਈ ਕਰਨ ਅਤੇ ਉਸਦੇ ਪਤੀ ਨੂੰ ਪੁਲਸ ਹਿਰਾਸਤ ਤੋਂ ਛੁਡਵਾਉਣ ਦੀ ਅਪੀਲ ਕੀਤੀ ਹੈ।
ਕੀ ਕਹਿਣਾ ਹੈ ਥਾਣਾ ਮੁਖੀ ਦਾ
ਨਗਰ ਥਾਣਾ ਮੁਖੀ ਪਰਮਜੀਤ ਕੁਮਾਰ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਨਾਬਾਲਗ ਪੋਤੀ ਨਾਲ ਜਬਰ-ਜ਼ਨਾਹ ਕਰਨ ਵਾਲੇ ਦਾਦੇ ਨੂੰ ਭੇਜਿਆ ਜੇਲ
NEXT STORY