ਪਹਿਲਾਂ ਡਿਕੈਤੀ, ਫਿਰ ਚੋਰੀ ਤੇ ਹੁਣ ਫਾਇਰਿੰਗ ਵਰਗੀਆਂ ਹਾਈ ਪ੍ਰੋਫਾਈਲ ਵਾਰਦਾਤਾਂ
ਲੁਧਿਆਣਾ(ਰਿਸ਼ੀ)-ਇਕ ਹਫਤੇ ਦੇ ਅੰਦਰ ਸ਼ਹਿਰ 'ਚ ਇਕ ਦੇ ਬਾਅਦ ਇਕ ਹੋਈਆਂ ਤਿੰਨ ਵੱਡੀਆਂ ਵਾਰਦਾਤਾਂ ਨਾਲ ਜਿਥੇ ਲੁਧਿਆਣਵੀ ਖੌਫਜ਼ਦਾ ਹਨ, ਉਥੇ ਦਿਨ-ਦਿਹਾੜੇ ਹੋਈਆਂ ਤਿੰਨ ਵਾਰਦਾਤਾਂ ਨੇ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਤਿੰਨਾਂ 'ਚੋਂ 2 ਵਾਰਦਾਤਾਂ ਸ਼ਹਿਰ ਦੇ ਸਭ ਤੋਂ ਜ਼ਿਆਦਾ ਭੀੜ-ਭਾੜ ਵਾਲੇ ਇਲਾਕਿਆਂ 'ਚ ਅਤੇ ਤੀਜੀ ਪਾਸ਼ ਇਲਾਕਿਆਂ ਵਿਚ ਹੋਈ ਪਰ ਤਿੰਨੇ ਮਾਮਲਿਆਂ 'ਚ ਐੱਫ.ਆਈ.ਆਰ. ਦਰਜ ਕਰਨ ਦੇ ਬਾਅਦ ਉਨ੍ਹਾਂ ਨੂੰ ਹੱਲ ਕਰਨ 'ਚ ਪੁਲਸ ਅਤੇ ਉਸਦਾ ਖੁਫੀਆ ਤੰਤਰ ਫੇਲ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ।
ਚੋਰੀਆਂ, ਸਨੈਚਿੰਗ ਦੀਆਂ ਸੈਂਕੜੇ ਵਾਰਦਾਤਾਂ
ਜੇਕਰ ਲੁਧਿਆਣਾ ਦੇ ਕਰਾਈਮ ਗ੍ਰਾਫ ਦੀ ਗੱਲ ਕਰੀਏ ਤਾਂ ਅੰਕੜੇ ਬਿਆਨ ਕਰਦੇ ਹਨ ਕਿ ਆਏ ਦਿਨ ਸ਼ਹਿਰ ਵਿਚ ਚੋਰੀ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਜੋ ਪੁਲਸ ਦੇ ਲੱਖ ਯਤਨਾਂ ਦੇ ਬਾਵਜੂਦ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹੁਣ ਚੋਰ ਦਿਨ ਦੇ ਸਮੇਂ ਵੀ ਘਰਾਂ ਨੂੰ ਨਿਸ਼ਾਨਾ ਬਣਾਉਣ ਲੱਗ ਪਏ ਹਨ। ਲੁਧਿਆਣਵੀਂ ਸੜਕ ਤੋਂ ਗੁਜ਼ਰਦੇ ਸਮੇਂ ਮੋਬਾਇਲ 'ਤੇ ਗੱਲ ਕਰਨ ਤੋਂ ਕਤਰਾਉਣ ਲੱਗੇ ਹਨ।
ਰਾਮ ਭਰੋਸੇ ਲੁਧਿਆਣਵੀਆਂ ਦੀ ਸੁਰੱਖਿਆ : ਢਿੱਲੋਂ
ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਆਏ ਦਿਨ ਲੁਧਿਆਣਾ ਵਿਚ ਹੋ ਰਹੀਆਂ ਵਾਰਦਾਤਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਵੀਆਂ ਦੀ ਸੁਰੱਖਿਆ ਰਾਮ ਭਰੋਸੇ ਹੀ ਹੈ। ਡੇਢ ਸਾਲ ਦੇ ਕਾਰਜਕਾਲ 'ਚ ਕਾਂਗਰਸ ਸਰਕਾਰ ਸ਼ਹਿਰ ਦਾ ਲਾਅ ਐਂਡ ਆਰਡਰ ਹੀ ਮੇਨਟੇਨ ਨਹੀਂ ਕਰ ਸਕੀ ਹੈ। ਹਰ ਰੋਜ਼ 3-4 ਹੋਣ ਵਾਲੀਆਂ ਸਨੈਚਿੰਗ ਦੀਆਂ ਵਾਰਦਾਤਾਂ ਨੇ ਲੋਕਾਂ ਦੇ ਦਿਲਾਂ ਵਿਚ ਖੌਫ ਪੈਦਾ ਕਰ ਦਿੱਤਾ ਹੈ।
ਕਾਂਗਰਸੀਆਂ ਨੂੰ ਖੁਸ਼ ਕਰਨ 'ਚ ਰੁੱਝੀ ਪੁਲਸ
ਹਲਕਾ ਆਤਮ ਪਾਰਕ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮੌਜੂਦਾ ਪੁਲਸ ਕ੍ਰਾਈਮ ਕੰਟਰੋਲ ਕਰਨ ਦੀ ਬਜਾਏ ਕਾਂਗਰਸੀਆਂ ਨੂੰ ਖੁਸ਼ ਕਰਨ ਵਿਚ ਵਿਅਸਥ ਹੈ। ਲੋਕਾਂ ਦੇ ਹਿੱਤ 'ਚ ਆਵਾਜ਼ ਚੁੱਕਣ 'ਤੇ ਤੁਰੰਤ ਐੱਫ.ਆਈ.ਆਰ. ਕਰਨ ਵਾਲੀ ਪੁਲਸ ਹਾਈ ਪ੍ਰੋਫਾਈਲ ਇਕ ਵੀ ਕੇਸ ਹੱਲ ਨਹੀਂ ਕਰ ਸਕੀ ਹੈ, ਜਿਸਦਾ ਜ਼ਿੰਮੇਵਾਰ ਸ਼ਹਿਰ ਦਾ ਕਪਤਾਨ ਪੁਲਸ ਕਮਿਸ਼ਨਰ ਹੈ।
ਕੇਸ ਨੰਬਰ-1
14 ਜੂਨ ਦੁਪਹਿਰ ਨੂੰ ਕੋਚਰ ਮਾਰਕੀਟ ਰੋਡ 'ਤੇ ਟਾਈਲ ਸ਼ਾਪ 'ਤੇ ਪੁਲਸ ਵਰਦੀਧਾਰੀ 'ਚ ਇਕ ਲੁਟੇਰਾ ਆਪਣੇ ਤਿੰਨ ਸਾਥੀਆਂ ਦੇ ਨਾਲ ਆਇਆ ਅਤੇ ਪੁਲਸ ਰੇਡ ਦੇ ਨਾਂ 'ਤੇ 6.40 ਲੱਖ ਰੁਪਏ ਸਮੇਤ ਹੋਰ ਸਾਮਾਨ ਲੈ ਗਿਆ। ਇਸ ਮਾਮਲੇ ਵਿਚ ਬਠਿੰਡਾ ਪੁਲਸ ਨੇ ਇਕ ਦੋਸ਼ੀ ਨੂੰ ਫੜ ਕੇ ਲੁਧਿਆਣਾ ਪੁਲਸ ਦੇ ਹਵਾਲੇ ਕੀਤਾ ਪਰ ਬਾਵਜੂਦ ਇਸਦੇ ਪੁਲਸ ਅੱਗੇ ਕੋਈ ਵੱਡੀ ਕਾਮਯਾਬੀ ਹਾਸਲ ਨਹੀਂ ਕਰ ਸਕੀ ਅਤੇ ਨਾ ਹੀ ਫੜੇ ਗਏ ਇਕ ਲੁਟੇਰੇ ਦੀ ਪੁਸ਼ਟੀ ਕੀਤੀ। ਇਹ ਮਾਮਲਾ ਥਾਣਾ ਡਵੀਜ਼ਨ ਨੰ. 5 'ਚ ਦਰਜ ਹੈ।
ਕੇਸ ਨੰਬਰ-2
18 ਜੂਨ ਨੂੰ ਕੋਠੀ ਨੰਬਰ. 112 ਸੀ. ਸ਼ਕਤੀ ਨਗਰ ਮਾਡਲ ਟਾਊਨ ਐਕਸਟੈਨਸ਼ਨ 'ਚ ਸਾਈਕਲ ਪਾਰਟਸ ਫੈਕਟਰੀ ਮਾਲਕ ਦੇ ਘਰ ਦਿਨ-ਦਿਹਾੜੇ ਕੰਧ ਟੱਪ ਦਾਖਲ ਹੋਏ ਚੋਰਾਂ ਵਲੋਂ 50 ਤੋਲੇ ਸੋਨਾ ਤੇ 8 ਲੱਖ ਕੈਸ਼ ਲੈ ਗਏ। ਇਸ ਮਾਮਲੇ 'ਚ ਮਾਲਕ ਵਿਨੋਦ ਕੁਮਾਰ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਦੇ ਖਿਲਾਫ ਥਾਣਾ ਮਾਡਲ ਟਾਊਨ 'ਚ ਕੇਸ ਦਰਜ ਕੀਤਾ ਗਿਆ ਪਰ ਪੁਲਸ ਦੇ ਹੱਥ ਹੁਣ ਤੱਕ ਕੋਈ ਵੀ ਸੁਰਾਗ ਨਹੀਂ ਲੱਗਿਆ ਹੈ। ਉਥੇ ਦੂਜੇ ਅਤੇ ਪੀੜਤ ਪਰਿਵਾਰ ਪੁਲਸ 'ਤੇ ਉਮੀਦ ਲਾਈ ਬੈਠਾ ਹੈ।
ਕੇਸ ਨੰਬਰ-3
20 ਜੂਨ ਨੂੰ ਦੁਪਹਿਰ 2.30 ਵਜੇ ਕਲਗੀਧਰ ਰੋਡ 'ਤੇ ਆਪਣੀ ਦੁਕਾਨ 'ਤੇ ਬੈਠੇ ਤਰਲੋਚਨ ਸਿੰਘ 'ਤੇ ਸਵਿਫਟ ਕਾਰ ਵਿਚ ਆਏ ਨਾਕਾਬਪੋਸ਼ਾਂ ਨੇ ਦੁਕਾਨ ਦੇ ਅੰਦਰ ਦਾਖਲ ਹੋ ਕੇ 3 ਗੋਲੀਆਂ ਦਾਗ ਦਿੱਤੀਆਂ ਅਤੇ ਆਸਾਨੀ ਨਾਲ ਭੀੜ-ਭਾੜ ਵਾਲੇ ਇਲਾਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦਾ ਰਸਤੇ ਵਿਚ ਕਿਸੇ ਵੀ ਪੀ. ਸੀ. ਆਰ, ਟਰੈਫਿਕ ਪੁਲਸ ਅਤੇ ਹੋਰ ਨਾਲ ਸਾਹਮਣਾ ਤੱਕ ਨਹੀਂ ਹੋਇਆ। ਕੈਮਰਿਆਂ ਦੀ ਫੁਟੇਜ ਵਿਚ ਕਾਰ ਦਾ ਜੋ ਨੰਬਰ ਨਜ਼ਰ ਆ ਰਿਹਾ ਸੀ, ਉਹ ਜਾਂਚ ਵਿਚ ਜਾਅਲੀ ਨਿਕਲਿਆ। ਫਿਲਹਾਲ ਇਸ ਮਾਮਲੇ ਵਿਚ ਪੁਲਸ ਨੇ ਜ਼ਖ਼ਮੀ ਦੇ ਬਿਆਨ 'ਤੇ ਥਾਣਾ ਡਵੀਜ਼ਨ ਨੰ. 2 'ਚ ਹੱਤਿਆ ਦੇ ਯਤਨ, ਆਰਮਜ਼ ਐਕਟ ਦੇ ਅਧੀਨ ਕੇਸ ਦਰਜ ਕੀਤਾ ਹੈ।
ਸਮੱਗਲਰਾਂ ਲਈ ਪਨਾਹਗਾਹ ਬਣੇ ਬਾਰਡਰ ਫੈਂਸਿੰਗ ਦੇ ਪਾਰ ਸਰਕੰਡੇ
NEXT STORY