ਜਲੰਧਰ, (ਅਮਿਤ)— ਪੰਜਾਬ ਸੂਬਾ ਜ਼ਿਲਾ ਦਫਤਰ ਯੂਨੀਅਨ ਦੀ ਸੂਬਾ ਪੱਧਰੀ ਕਮੇਟੀ ਵਲੋਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਡੀ. ਸੀ. ਦਫਤਰ ਕਰਮਚਾਰੀਆਂ ਨੇ ਬੁੱਧਵਾਰ ਨੂੰ ਇਕ ਗੇਟ ਰੈਲੀ ਕਰ ਕੇ ਵਿੱਤ ਮੰਤਰੀ ਪੰਜਾਬ ਵਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਸਾੜੀਆਂ। ਜ਼ਿਲਾ ਪ੍ਰਧਾਨ ਤੇਜਿੰਦਰ ਸਿੰਘ ਨੇ ਰੋਸ ਪ੍ਰਦਰਸ਼ਨ ਦੌਰਾਨ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਦਾ ਬਜਟ ਮੁਲਾਜ਼ਮਾਂ ਲਈ ਹੁਣ ਤੱਕ ਦਾ ਸਭ ਤੋਂ ਨਾ ਉਮੀਦ ਵਾਲਾ ਬਜਟ ਕਿਹਾ ਜਾ ਸਕਦਾ ਹੈ। ਸੂਬਾ ਸਰਕਾਰ ਨੇ ਅਗਲੇ ਵਿੱਤੀ ਸਾਲ ਲਈ ਪੇਸ਼ ਕੀਤੇ ਬਜਟ ਵਿਚ ਮੁਲਾਜ਼ਮਾਂ ਦਾ ਪਿਛਲੇ 22 ਮਹੀਨਿਆਂ ਦੇ ਮਹਿੰਗਾਈ ਭੱਤੇ ਦਾ ਬਕਾਇਆ, 6ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਨਵੀਂ ਭਰਤੀ ਕਰਨ ਸਣੇ ਕਈ ਹੋਰ ਪ੍ਰਸਤਾਵਾਂ ਨੂੰ ਲਾਗੂ ਕਰਨ ਲਈ ਕਿਸੇ ਰਾਸ਼ੀ ਦਾ ਪ੍ਰਸਤਾਵ ਨਹੀਂ ਰੱਖਿਆ ਤੇ ਨਾ ਹੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਕੋਈ ਭਰੋਸਾ ਦਿੱਤਾ ਗਿਆ ਹੈ। ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨੀਆਂ ਤਾਂ ਦੂਰ ਪਹਿਲਾਂ ਹੀ ਟੈਕਸ ਦੇਣ ਵਾਲੇ ਹਰ ਮੁਲਾਜ਼ਮ ਕੋਲੋਂ 200 ਰੁਪਏ ਪ੍ਰਤੀ ਮਹੀਨਾ ਪ੍ਰੋਫੈਸ਼ਨਲ ਟੈਕਸ (ਜਜੀਆ) ਲਾ ਦਿੱਤਾ ਹੈ। ਇਸ ਤਰ੍ਹਾਂ ਦਾ ਟੈਕਸ ਤਾਂ ਮੁਗਲ ਰਾਜ ਵਿਚ ਲਾਇਆ ਜਾਂਦਾ ਸੀ। ਵਿੱਤ ਮੰਤਰੀ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਟੈਕਸ ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਵਿਚ ਲੱਗ ਚੁੱਕਾ ਹੈ ਪਰ ਇਹ ਦੱਸਣ ਤੋਂ ਗੁਰੇਜ਼ ਕੀਤਾ ਹੈ ਕਿ ਇਨ੍ਹਾਂ ਸੂਬਿਆਂ ਵਿਚ ਮਹਿੰਗਾਈ ਭੱਤਾ ਮਿਲ ਚੁੱਕਾ ਹੈ ਅਤੇ ਪੇ-ਕਮਿਸ਼ਨ ਆਦਿ ਵੀ ਲਾਗੂ ਹੋ ਚੁੱਕਾ ਹੈ। ਇਸ ਲਈ ਵਿੱਤ ਮੰਤਰੀ ਵਲੋਂ ਜਾਰੀ ਬਜਟ ਦਾ ਡੀ. ਸੀ. ਕਰਮਚਾਰੀ ਪੁਰਜ਼ੋਰ ਵਿਰੋਧ ਕਰਦੇ ਹਨ ਅਤੇ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕਰਦੇ ਹਨ।
ਆਟੋ ਚਾਲਕ ਐੱਨ. ਆਰ. ਆਈ. ਔਰਤ ਦੇ ਬੈਗ ਲੈ ਕੇ ਹੋਇਆ ਫਰਾਰ
NEXT STORY