ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਵਿਚ 4 ਜ਼ਿਮਨੀ ਚੋਣਾਂ ਦਾ ਰੌਲਾ ਸਿਆਸੀ ਹਲਕਿਆਂ ਵਿਚ ਕੰਨ ਪਾੜਵੀਂ ਆਵਾਜ਼ ਨਾਲ ਆਪਣਾ ਰੰਗ ਦਿਖਾਉਣ ਲੱਗ ਪਿਆ ਹੈ ਪਰ ਲੁਧਿਆਣਾ ਜ਼ਿਲੇ ਦੀ ਜਨਰਲ ਸੀਟ ਹਲਕਾ ਦਾਖਾ, ਜਿਸ ਨੂੰ ਸਿਆਸੀ ਖੇਤਰ ਵਿਚ ਹਾਟ ਸੀਟ ਵਜੋਂ ਦੇਖ ਰਹੇ ਹਨ, ਇਸ ਸੀਟ 'ਤੇ ਲੋਕ ਚਰਚਾ ਕਰ ਰਹੇ ਹਨ ਕਿ ਦਾਖੇ ਵਿਚ 'ਹੁਣ ਕਿਹੜਾ ਨਿੱਤਰੂ ਮਾਈ ਦਾ ਲਾਲ' ਕਿਉਂਕਿ ਹਲਕਾ ਦਾਖਾ ਵਿਚ ਮਹਾਭਾਰਤ ਦੀ ਜੰਗ ਵਰਗਾ ਮਾਹੌਲ ਹੈ।
ਮੰਤਰੀਆਂ-ਸੰਤਰੀਆਂ ਦੀਆਂ ਗੱਡੀਆਂ ਦੀਆਂ ਡਾਰਾਂ ਪੰਜਾਬ ਭਰ ਤੋਂ ਦੋਵਾਂ ਪਾਰਟੀਆਂ ਨੇ ਨੇਤਾਵਾਂ ਦੇ ਕਾਫਲੇ ਇਹ ਸੰਕੇਤ ਦੇਣ ਲੱਗ ਪਏ ਹਨ ਕਿ ਹੁਣ ਹਲਕਾ ਦਾਖਾ ਵਿਚ ਕੁਝ ਹੋਣ ਜਾ ਰਿਹਾ ਹੈ ਕਿਉਂਕਿ ਦੋਵਾਂ ਧਿਰਾਂ ਨੇ ਜਿੱਤ ਨੂੰ ਆਪਣੀ ਮੁੱਛ ਦਾ ਸਵਾਲ ਜੋ ਬਣਾ ਲਿਆ ਹੈ। ਇਸ ਸੀਟ 'ਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਖਾਸਮ-ਖਾਸ ਕੈ. ਸੰਦੀਪ ਸੰਧੂ ਕਾਂਗਰਸ ਵੱਲੋਂ ਚੋਣ ਲੜ ਰਹੇ ਹਨ, ਜਿਸ ਕਰਕੇ ਸਰਕਾਰ ਦਾ ਜਲਵਾ ਹਲਕੇ ਵਿਚ ਵੋਟਰਾਂ ਨੂੰ ਦੇਖਣ ਲਈ ਮਿਲ ਰਿਹਾ ਹੈ ਤੇ ਸੰਧੂ ਵੀ ਆਖ ਰਹੇ ਹਨ ਕਿ ਭਾਵੇਂ ਢਾਈ ਸਾਲਾਂ ਲਈ ਇਸ ਸੀਟ ਤੋਂ ਜਿੱਤ ਹੋਵੇਗੀ ਪਰ ਹਲਕਾ ਦਾਖਾ ਮੁੱਖ ਮੰਤਰੀ ਦੇ ਦਫਤਰ ਨਾਲ ਸਿੱਧਾ ਜੁੜ ਜਾਵੇਗਾ।
ਇਸ ਹਲਕੇ ਤੋਂ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜ ਰਹੇ ਸੁਖਬੀਰ ਬਾਦਲ ਦੀ ਸੱਜੀ ਬਾਂਹ ਮੰਨੇ ਜਾ ਰਹੇ ਅਤੇ ਗ੍ਰਾਂਟਾਂ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਮਨਪ੍ਰੀਤ ਸਿੰਘ ਇਆਲੀ ਦਾ ਕਹਿਣਾ ਹੈ ਕਿ ਉਸ ਨੇ ਜੋ ਹਲਕੇ ਵਿਚ ਕਾਰਜ ਕੀਤੇ ਪਾਰਕਾਂ, ਸੜਕਾਂ ਦੇ ਜਾਲ, ਪਿੰਡਾਂ ਦੀ ਤਸਵੀਰ, ਛੱਪੜਾਂ ਦਾ ਨਵੀਨੀਕਰਨ ਕੀਤਾ, ਉਸ ਦੀ ਮਿਸਾਲ ਪੰਜਾਬ 'ਚ ਕਿਤੇ ਨਹੀਂ ਮਿਲਦੀ। ਇਸ ਹਲਕੇ ਵਿਚ ਲੋਕ ਸਭਾ ਚੋਣ ਵਿਚ ਕਾਂਗਰਸ ਨੂੰ ਦੂਜੇ ਨੰਬਰ 'ਤੇ, ਅਕਾਲੀਆਂ ਨੂੰ ਤੀਜੇ ਨੰਬਰ 'ਤੇ ਲੈ ਕੇ ਜਾਣ ਵਾਲੀ ਇਕ ਹੋਰ ਪਾਰਟੀ 'ਲਿਪ' ਨੇ ਵੀ ਸੁਖਦੇਵ ਸਿੰਘ ਚੱਕ 'ਤੇ ਗੁਣੀਆ ਪਾਇਆ ਹੈ। ਹਲਕੇ ਵਿਚ 'ਆਪ' ਵਾਲੇ ਵੀ ਮੈਦਾਨ ਵਿਚ ਉੱਤਰੇ ਹਨ ਪਰ ਇਹ ਸੀਟ ਹੁਣ ਕੈ. ਅਮਰਿੰਦਰ, ਸੁਖਬੀਰ ਬਾਦਲ ਦੇ ਨਾਲ-ਨਾਲ ਸੰਧੂ ਤੇ ਇਆਲੀ ਦੀ ਮੁੱਛ ਦਾ ਸਵਾਲ ਬਣ ਗਈ ਹੈ, ਜਿਸ ਦਾ ਫੈਸਲਾ ਵੋਟਰਾਂ ਨੇ ਕਰਨਾ ਹੈ। ਦੇਖਦੇ ਹਾਂ ਕਿ ਵੋਟਰ ਕੀ ਰੰਗ ਦਿਖਾਉਂਦੇ ਹਨ।
ਉਪ ਚੋਣਾਂ 'ਤੇ ਪੈ ਰਿਹੈ ਹਰਿਆਣਾ 'ਚ ਅਕਾਲੀ-ਭਾਜਪਾ ਦੇ ਰਿਸ਼ਤਿਆਂ 'ਚ ਆਈ ਦਰਾਰ ਦਾ ਅਸਰ
NEXT STORY