ਲੁਧਿਆਣਾ (ਹਿਤੇਸ਼) : ਅਕਾਲੀ-ਭਾਜਪਾ ਦੇ ਨੇਤਾ ਭਾਵੇਂ ਹੀ ਹਰਿਆਣਾ 'ਚ ਗਠਜੋੜ ਟੁੱਟਣ ਦਾ ਪੰਜਾਬ 'ਚ ਰਿਸ਼ਤਿਆਂ 'ਤੇ ਕੋਈ ਅਸਰ ਨਾ ਹੋਣ ਦਾ ਦਾਅਵਾ ਕਰ ਰਹੇ ਹਨ ਪਰ ਚਾਰ ਸੀਟਾਂ 'ਤੇ ਹੋ ਰਹੀਆਂ ਉਪ ਚੋਣਾਂ ਦੌਰਾਨ ਗਠਜੋੜ 'ਚ ਆਈ ਦਰਾਰ ਦਾ ਅਸਰ ਸਾਫ ਦੇਖਣ ਨੂੰ ਮਿਲ ਰਿਹਾ ਹੈ। ਇਥੇ ਦੱਸਣਾ ਸਹੀ ਹੋਵੇਗਾ ਕਿ 10 ਸਾਲ ਤੱਕ ਇਕੱਠੇ ਸਰਕਾਰ 'ਚ ਰਹਿਣ ਦੌਰਾਨ ਕੁਝ ਦੇਰ ਬਾਅਦ ਅਕਾਲੀ-ਭਾਜਪਾ ਦੇ ਵਿਚਕਾਰ ਖਿੱਚੋਤਾਣ ਦੇਖਣ ਨੂੰ ਮਿਲਦੀ ਰਹੀ ਹੈ ਪਰ ਹਰ ਵਾਰ ਗਠਜੋੜ ਟੁੱਟਣ ਦੀ ਨੌਬਤ ਆਉਣ 'ਤੇ ਹਾਈ ਕਮਾਨ ਦੇ ਦਖਲ ਕਾਰਣ ਵਿਵਾਦ ਹੱਲ ਹੋ ਜਾਂਦਾ ਸੀ।
ਹੁਣ ਇਹ ਦੋਵੇਂ ਪਾਰਟੀਆਂ ਪੰਜਾਬ ਦੀ ਸੱਤਾ ਤੋਂ ਬਾਹਰ ਹਨ ਤਾਂ ਉਨ੍ਹਾਂ ਵਿਚਕਾਰ ਹਰਿਆਣਾ 'ਚ ਹੋਣ ਜਾ ਰਹੀ ਚੋਣ ਨੂੰ ਲੈ ਕੇ ਲੜਾਈ ਪੈਦਾ ਹੋ ਗਈ ਹੈ। ਇਸ ਦੀ ਸ਼ੁਰੂਆਤ ਅਕਾਲੀ ਦਲ ਨੂੰ ਡਿਮਾਂਡ ਮੁਤਾਬਕ ਟਿਕਟਾਂ 'ਚ ਹਿੱਸੇਦਾਰੀ ਨਾ ਮਿਲਣ ਨਾਲ ਹੋਈ। ਭਾਜਪਾ ਵੱਲੋਂ ਉਸ ਦੇ ਇਕ ਮਾਤਰ ਵਿਧਾਇਕ ਨੂੰ ਸ਼ਾਮਲ ਕਰਨ ਦੇ ਫੈਸਲੇ ਨੇ ਅੱਗ ਵਿਚ ਘਿਓ ਦਾ ਕੰਮ ਕੀਤਾ। ਇਸ ਦੇ ਜਵਾਬ 'ਚ ਸੁਖਬੀਰ ਬਾਦਲ ਨੇ ਭਾਜਪਾ 'ਤੇ ਧੋਖਾ ਦੇਣ ਦਾ ਦੋਸ਼ ਲਾਇਆ ਹੈ। ਇਥੋਂ ਤੱਕ ਕਿ ਅਕਾਲੀ ਦਲ ਨੇ ਇਨੈਲੋ ਨਾਲ ਗਠਜੋੜ ਕਰ ਕੇ ਭਾਜਪਾ ਦੇ ਹਲਕਾ ਇੰਚਾਰਜ ਨੂੰ ਟਿਕਟ ਦੇ ਦਿੱਤੀ ਹੈ। ਇਸ ਤੋਂ ਬਾਅਦ ਉਹ ਭਾਜਪਾ 'ਚ ਸਰਗਰਮ ਹੋ ਗਏ, ਜੋ ਲੰਮੇ ਸਮੇਂ ਤੋਂ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਨ ਦੀ ਮੰਗ ਕਰ ਰਹੇ ਹਨ।
ਹਾਲਾਂਕਿ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਹਰਿਆਣਾ ਦੇ ਘਟਨਾਕ੍ਰਮ ਦਾ ਪੰਜਾਬ 'ਚ ਅਕਾਲੀ ਦਲ ਦੇ ਨਾਲ ਰਿਸ਼ਤਿਆਂ 'ਤੇ ਕੋਈ ਅਸਰ ਨਾ ਹੋਣ ਦਾ ਦਾਅਵਾ ਕੀਤਾ ਹੈ ਪਰ ਰਿਸ਼ਤਿਆਂ 'ਚ ਆਈ ਖਟਾਸ ਦਾ ਅਸਰ ਪੰਜਾਬ ਦੀਆਂ 4 ਸੀਟਾਂ 'ਤੇ ਹੋ ਰਹੀ ਉਪ ਚੋਣ ਦੇ ਦੌਰਾਨ ਦੇਖਣ ਨੂੰ ਮਿਲ ਰਿਹਾ ਹੈ, ਜਿਸ ਅਧੀਨ ਪਹਿਲੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਅਕਾਲੀ-ਭਾਜਪਾ ਵਲੋਂ ਆਪਸ 'ਚ ਕੋਈ ਚਰਚਾ ਨਹੀਂ ਕੀਤੀ ਗਈ। ਹੁਣ ਦੋਵੇਂ ਪਾਰਟੀਆਂ ਦਾ ਕੋਈ ਵੱਡਾ ਨੇਤਾ ਇਕ-ਦੂਜੇ ਦੇ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਦੇ ਹੋਏ ਨਜ਼ਰ ਨਹੀਂ ਰਿਹਾ ਹੈ। ਇਸ ਤੋਂ ਵੀ ਵਧ ਕੇ ਉਮੀਦਵਾਰਾਂ ਦੇ ਹੋਰਡਿੰਗਾਂ ਵਿਚ ਇਕ-ਦੂਜੀ ਪਾਰਟੀਆਂ ਦੇ ਨੇਤਾਵਾਂ ਦੀ ਫੋਟੋ ਵੀ ਘੱਟ ਹੀ ਲਾਈ ਜਾ ਰਹੀ ਹੈ।
ਕਰਤਾਰਪੁਰ ਲਾਂਘੇ ਲਈ ਕਸਟਮ ਸਟਾਫ ਦੀ ਘਾਟ, ਕੇਂਦਰ ਤੋਂ ਕੀਤੀ ਮੰਗ
NEXT STORY