ਤਰਨਤਾਰਨ/ ਸ੍ਰੀ ਗੋਇੰਦਵਾਲ ਸਾਹਿਬ (ਬਿਊਰੋ) - ਬੀਤੇ ਦਿਨੀਂ ਗੋਇੰਦਵਾਲ ਸਾਹਿਬ ਵਿਖੇ ਗੈਂਗਸਟਰਾਂ ਦੇ ਦੋ ਧੜਿਆਂ ਵਿਚਕਾਰ ਚੱਲੀਆਂ ਅੰਨ੍ਹੇਵਾਹ ਗੋਲੀਆਂ 'ਚ ਇਕ ਗਰੀਬ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ 43 ਸਾਲਾ ਗਰੀਬ ਰਿਕਸ਼ਾ ਚਾਲਕ ਦਲਬੀਰ ਸਿੰਘ ਦਿਨ ਭਰ ਮਿਹਨਤ ਕਰਨ ਉਪਰੰਤ ਆਪਣਾ ਰਿਕਸ਼ਾ ਲੈ ਕੇ ਘਰ ਵਾਪਸ ਆ ਰਿਹਾ ਸੀ ਕਿ ਅਚਾਨਕ ਉਸ ਦੀ ਪਿੱਠ 'ਤੇ ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਹਸਤਪਾਲ ਦਾਖਲ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਘਟਨਾ 'ਚ ਗੈਂਗਸਟਰਾਂ ਦੇ ਇਕ ਧੜੇ ਦੇ ਮੈਂਬਰ ਅਰਸ਼ਦੀਪ ਸਿੰਘ ਤੇ ਦੂਸਰੇ ਧੜੇ ਦੇ ਗੁਰਜੰਟ ਸਿੰਘ ਤੇ ਸਾਹਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਪਤਾ ਲੱਗਾ ਹੈ ਕਿ ਰਿਕਸ਼ਾ ਚਾਲਕ ਦਾ ਪਿਤਾ ਜਗੀਰ ਸਿੰਘ ਬੇਜ਼ਮੀਨਾ ਕਿਸਾਨ ਹੈ ਤੇ ਉਸ ਦੇ ਲੜਕੇ ਦੀਆਂ 4 ਧੀਆਂ ਤੇ 2 ਲੜਕੇ ਹਨ। ਜ਼ਮੀਨ ਨਾ ਹੋਣ ਕਰਕੇ ਉਸ ਦਾ ਲੜਕਾ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ। ਉਹ ਇਥੋਂ ਦੇ ਸਿਵਲ ਹਸਪਤਾਲ 'ਚ ਦੇਰ ਸ਼ਾਮ ਤੱਕ ਆਪਣੇ ਪੁੱਤਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੀ ਉਡੀਕ ਕਰ ਰਿਹਾ ਸੀ। ਪ੍ਰਸ਼ਾਸਨ ਨੇ ਅਮਨ ਕਾਨੂੰਨ ਦੇ ਮੱਦੇਨਜ਼ਰ ਗੈਂਗਸਟਰਾਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਸਵੇਰੇ ਕਰਵਾ ਲਏ ਸਨ ਪਰ ਦਲਬੀਰ ਸਿੰਘ ਲਾਸ਼ ਦਾ ਪੋਸਟਮਾਰਟਮ ਸ਼ਾਮ ਨੂੰ ਕੀਤਾ ਗਿਆ।
ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਹਰਦੇਵ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਦੋਹਾਂ ਧਿਰਾਂ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ, ਜਿਸ 'ਚ ਗੈਂਗਸਟਰ ਇਕਬਾਲ ਸਿੰਘ ਅਫਰੀਦੀ ਤੋਂ ਇਲਾਵਾ ਉਸ ਦੀ ਗੈਂਗ ਦੇ ਮੈਂਬਰ ਪ੍ਰਭਜੀਤ ਸਿੰਘ ਹੰਸਾਵਾਲਾ, ਰੂਬਲ, ਰੌਬਿਨਜੀਤ ਸਿੰਘ, ਗੁਰਸੇਵਕ ਸਿੰਘ ਬੰਬ ਤੇ ਪਰਗਟ ਸਿੰਘ ਸ਼ਾਮਲ ਹਨ ਜਦਕਿ ਦੂਜੇ ਧੜੇ ਦੇ ਛੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ| ਪੁਲਸ ਨੇ ਦੱਸਿਆ ਕਿ ਇਹ ਤਕਰਾਰ ਇਲਾਕੇ ਦੇ ਪਿੰਡ ਹੰਸਾਵਾਲਾ ਦੇ ਸਰਪੰਚ ਦੀ ਹੋਣ ਵਾਲੀ ਚੋਣ ਲਈ ਸ਼ੁਰੂ ਕੀਤੀਆਂ ਗਈਆਂ ਸਰਗਰਮੀਆਂ ਦਾ ਸਿੱਟਾ ਹੈ ਅਤੇ ਦੋਵੇਂ ਧੜੇ ਦੇ ਹਾਕਮ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਸਨ।
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਨਕੋਦਰ ਬੇਅਦਬੀ ਕਾਂਡ ਦਾ ਮੁੱਦਾ
NEXT STORY