ਜਲੰਧਰ/ਚੰਡੀਗੜ੍ਹ— ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਆਖਰੀ ਦਿਨ ਸੀ, ਜੋ ਕਿ ਹੰਗਾਮੇ ਨਾਲ ਭਰਪੂਰ ਰਿਹਾ। ਇਸ ਦੌਰਾਨ ਸਦਨ 'ਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਤੇ ਹੋਈ ਬਹਿਸ ਦੌਰਾਨ 32 ਸਾਲ ਪਹਿਲਾਂ ਸਾਲ 1986 ਨੂੰ ਨਕੋਦਰ 'ਚ ਹੋਏ ਬੇਅਦਬੀ ਕਾਂਡ ਦਾ ਮੁੱਦਾ ਵੀ ਗੂੰਜਿਆ। ਇਸ ਮਾਮਲੇ ਨੂੰ 'ਆਪ' ਦੇ ਵਿਧਾਇਕ ਐੱਚ. ਐੱਸ. ਫੂਲਕਾ ਅਤੇ ਕੰਵਰ ਸੰਧੂ ਨੇ ਉਠਾਇਆ। ਦੋਵੇਂ ਆਗੂਆਂ ਨੇ ਕਿਹਾ ਕਿ ਨਕੋਦਰ 'ਚ ਗੁਰੂ ਨਾਨਕਪੁਰਾ ਦੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬੀੜਾਂ ਸੜ ਗਈਆਂ ਸਨ। ਉਦੋਂ ਰੋਸ ਪ੍ਰਗਟਾ ਰਹੀਆਂ ਸਿੱਖ ਸੰਗਤਾਂ 'ਤੇ ਪੰਜਾਬ ਪੁਲਸ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ 'ਚ 4 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਸਿੱਖ ਨੌਜਵਾਨਾਂ 'ਚ ਸ਼ਹੀਦ ਹੋਣ ਵਾਲੇ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ ਅਤੇ ਝਲਮਣ ਸਿੰਘ ਸ਼ਾਮਲ ਸਨ। ਸ਼ਹੀਦ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਵਾਰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਇਸ ਮਾਮਲੇ ਨੂੰ ਵਿਧਾਨ ਸਭਾ 'ਚ ਉਠਾਇਆ ਜਾਵੇ ਅਤੇ ਉਸ ਸਮੇਂ ਬਣੇ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਨੂੰ ਵੀ ਵਿਧਾਨ ਸਭਾ 'ਚ ਰੱਖਿਆ ਜਾਵੇ ਪਰ ਹਾਲੇ ਤੱਕ ਕੁਝ ਨਹੀਂ ਹੋਇਆ।
'ਆਪ' ਦੇ ਵਿਧਾਇਕਾਂ ਨੇ ਇਸ ਗੱਲ ਦੀ ਪੁਰਜ਼ੋਰ ਮੰਗ ਕੀਤੀ ਕਿ ਨਕੋਦਰ ਬੇਅਦਬੀ ਕਾਂਡ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਵਾਪਰਿਆ ਸੀ। ਉਦੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਜਸਟਿਸ ਗੁਰਨਾਮ ਸਿੰਘ ਨੇ 1987 'ਚ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਸੀ ਪਰ ਅਜੇ ਤੱਕ ਵੀ ਉਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ। ਜਦੋਂ 1986 'ਚ ਇਹ ਬੇਅਦਬੀ ਹੋਈ ਸੀ, ਉਦੋਂ ਜਲੰਧਰ ਦੇ ਐੱਸ. ਐੱਸ. ਪੀ. ਇਜ਼ਹਾਰ ਆਲਮ ਸਨ ਅਤੇ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਨ। ਉਨ੍ਹਾਂ ਦੀ ਪਤਨੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਵੀ ਜਿੱਤੇ ਸਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਇਸ ਮਾਮਲੇ ਨੂੰ ਵਿਧਾਨ ਸਭਾ 'ਚ ਉਠਾਉਣ ਬਾਰੇ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਪਰਿਵਾਰ ਨੂੰ ਭਰੋਸਾ ਦੁਆਇਆ ਸੀ।
ਗਿੱਲਾ ਤੇ ਸੁੱਕਾ ਕੂੜਾ ਵੱਖਰਾ ਇਕੱਠਾ ਕਰਨ ਵਾਲਿਆਂ ਨੂੰ ਮਿਲੇਗਾ ਈਨਾਮ
NEXT STORY