ਚੰਡੀਗੜ੍ਹ (ਮਨਮੋਹਨ) : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ 'ਤੇ ਅਕਾਲੀ ਆਗੂ ਦਲਜੀਤ ਚੀਮਾ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਅੱਜ ਪੂਰਾ ਦੇਸ਼ ਵਾਜਪਈ ਜੀ ਦੇ ਦਿਹਾਂਤ ਕਾਰਨ ਸੋਗ 'ਚ ਡੁੱਬਿਆ ਹੋਇਆ ਹੈ ਪਰ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ 'ਚ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਵੀ ਕੁਝ ਅਜਿਹਾ ਹੁੰਦਾ ਹੈ ਤਾਂ ਪੂਰੇ ਦੇਸ਼ 'ਚ 7 ਦਿਨਾਂ ਦਾ ਸੋਗ ਹੁੰਦਾ ਹੈ ਤੇ ਕੋਈ ਵੀ ਸਮਾਰੋਹ ਦੇਸ਼ 'ਚ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਭਾਰਤੀ ਅੰਬੈਸੀ ਤੇ ਹਾਈ ਕਮਿਸ਼ਨ 'ਚ ਵੀ ਤਿਰੰਗਾ ਝੁਕਾਇਆ ਜਾਂਦਾ ਹੈ ਤੇ ਕੌਮਾਂਤਰੀ ਪੱਧਰ ਦਾ ਡਿਨਰ ਵੀ ਰੱਦ ਕੀਤਾ ਜਾਂਦਾ ਹੈ। ਦਲਜੀਤ ਚੀਮਾ ਨੇ ਕਿਹਾ ਕਿ ਅਜਿਹੇ 'ਚ ਸੰਵਿਧਾਨਿਕ ਅਹੁਦੇ 'ਤੇ ਹੋਣ ਦੇ ਚੱਲਦਿਆਂ ਨਵਜੋਤ ਸਿੱਧੂ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀ ਪਰ ਇਹ ਉਨ੍ਹਾਂ ਦਾ ਨਿਜੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੀ ਜਨਤਾ ਨੂੰ ਇਹ ਸਮਝ ਆ ਜਾਵੇਗੀ ਕਿ ਨਵਜੋਤ ਸਿੱਧੂ ਦਾ ਅਸਲੀ ਚਿਹਰਾ ਕੀ ਹੈ।
ਮਾਛੀਵਾੜਾ 'ਚ ਵਿਕ ਰਹੀ ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ, 13 ਬੋਤਲਾਂ ਸਣੇ ਇਕ ਕਾਬੂ
NEXT STORY