ਜਗਰਾਓਂ, (ਜਸਬੀਰ ਸ਼ੇਤਰਾ)– ਜਗਰਾਓਂ ਸ਼ਹਿਰ 'ਚ ਚੁਫੇਰੇ ਡੇਂਗੂ ਫੈਲ ਗਿਆ ਹੈ। ਹਰ ਨਿੱਜੀ ਹਸਪਤਾਲ ਤੋਂ ਲੈ ਕੇ ਗਲੀ ਮੁਹੱਲੇ ਵਿਚ ਖੁੱਲ੍ਹੇ ਕਲੀਨਿਕ ਮਰੀਜ਼ਾਂ ਨਾਲ ਭਰ ਗਏ ਹਨ। ਲੈਬਾਰਟਰੀਆਂ 'ਚ ਵੀ ਮਰੀਜ਼ਾਂ ਦੀ ਭਰਮਾਰ ਹੈ। ਰੋਜ਼ਾਨਾ ਸੈਂਕੜੇ ਦੇ ਹਿਸਾਬ ਨਾਲ ਲੈਬਾਰਟਰੀਆਂ ਵਿਚੋਂ ਟੈਸਟ ਹੋ ਰਹੇ ਹਨ। ਘਰ-ਘਰ ਮਰੀਜ਼ ਹੋਣ ਕਰਕੇ ਇਕ ਤਰ੍ਹਾਂ ਨਾਲ ਸ਼ਹਿਰ 'ਚ ਹਾਹਾਕਾਰ ਮੱਚ ਗਈ ਹੈ ਪਰ ਪ੍ਰਸ਼ਾਸਨ ਤੇ ਸਿਹਤ ਵਿਭਾਗ ਇਸ ਤੋਂ ਬੇਖ਼ਬਰ ਨਜ਼ਰ ਆ ਰਿਹਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜਗਰਾਓਂ ਸ਼ਹਿਰ 'ਚ ਅਧਿਕਾਰਤ ਸਿਰਫ਼ 5 ਡੇਂਗੂ ਮਰੀਜ਼ਾਂ ਦੀ ਜਾਣਕਾਰੀ ਹੈ। ਮੱਛਰ ਮਾਰਨ ਲਈ ਫੌਗਿੰਗ ਤੇ ਛਿੜਕਾਅ ਲਈ ਵੀ ਸਿਹਤ ਵਿਭਾਗ ਤੇ ਨਗਰ ਕੌਂਸਲ ਇਕ ਦੂਜੇ 'ਤੇ ਪਾਲੇ ਵਿਚ ਗੇਂਦ ਸੁੱਟ ਰਹੇ ਹਨ।
ਵੇਰਵਿਆਂ ਅਨੁਸਾਰ ਸ਼ਹਿਰ ਅੰਦਰ ਵੱਡੀ ਗਿਣਤੀ ਲੋਕ ਡੇਂਗੂ ਤੋਂ ਪੀੜਤ ਹਨ। ਬੁਖਾਰ ਨਾਲ ਪੀੜਤਾਂ ਦੀ ਗਿਣਤੀ ਸੈਂਕੜਿਆਂ 'ਚ ਹੈ, ਜਿਸ ਨੂੰ ਥੋੜ੍ਹਾ ਜਿਹਾ ਬੁਖਾਰ ਹੁੰਦਾ ਹੈ ਜਾਂ ਦੋ-ਚਾਰ ਦਿਨ ਬੁਖਾਰ ਨਹੀਂ ਉਤਰਦਾ ਤਾਂ ਉਹ ਵੀ ਡੇਂਗੂ ਦੀ ਦਹਿਸ਼ਤ ਕਰਕੇ ਇਹੋ ਟੈਸਟ ਕਰਵਾਉਂਦਾ ਹੈ। ਡੇਂਗੂ ਸਬੰਧੀ ਟੈਸਟ ਮਹਿੰਗਾ ਹੋਣ ਦੇ ਬਾਵਜੂਦ ਨਿੱਜੀ ਲੈਬਰਾਟਰੀਆਂ 'ਚ ਮਰੀਜ਼ਾਂ ਦੀ ਭਰਮਾਰ ਹੈ। ਸਿਵਲ ਹਸਪਤਾਲ 'ਚ ਇਹ ਸਹੂਲਤ ਨਾ ਹੋਣ ਕਰਕੇ ਲੋਕ ਪ੍ਰਾਈਵੇਟ ਲੈਬਾਰਟਰੀਆਂ ਵਿਚ ਜਾਣ ਲਈ ਮਜਬੂਰ ਹਨ। ਸੈੱਲ ਘਟਣ ਦੀ ਸ਼ਿਕਾਇਤ ਕਾਫੀ ਲੋਕਾਂ ਨੂੰ ਹੈ। ਸਿਹਤ ਵਿਭਾਗ ਸੈੱਲ ਘਟਣ ਪਿੱਛੇ ਹੋਰ ਬੁਖਾਰ ਤੇ ਕਾਰਨ ਦੱਸ ਰਿਹਾ ਹੈ। ਹਲਕੇ ਦੇ ਸਾਬਕਾ ਵਿਧਾਇਕ ਸਮੇਤ ਪੂਰਾ ਪਰਿਵਾਰ ਹੀ ਬੀਮਾਰ ਹੈ।
ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਪਰਿਵਾਰ ਹਨ, ਜਿਨ੍ਹਾਂ ਦਾ ਕੋਈ ਜੀਅ ਬੁਖਾਰ ਤੋਂ ਨਹੀਂ ਬਚਿਆ ਹੈ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਜੀਵਨ ਕੱਕੜ ਦਾ ਕਹਿਣਾ ਸੀ ਕਿ ਡੇਂਗੂ ਦੇ ਸਿਰਫ਼ ਪੰਜ ਮਰੀਜ਼ ਹੀ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ ਸਾਹਮਣੇ ਆਏ ਹਨ ਉਨ੍ਹਾਂ ਦੇ ਘਰ ਤੇ ਆਲੇ-ਦੁਆਲੇ ਛਿੜਕਾਅ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਡੇਂਗੂ ਦਾ ਮਰੀਜ਼ ਸਾਹਮਣੇ ਆਉਣ 'ਤੇ ਹੀ ਇਹ ਕੰਮ ਕਰਨਾ ਹੁੰਦਾ ਹੈ ਉਂਝ ਸ਼ਹਿਰ 'ਚ ਛਿੜਕਾਅ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੈ। ਦੋਹਾਂ ਵਿਭਾਗਾਂ ਦੀ ਇਸ ਨੀਤੀ ਤੋਂ ਪ੍ਰੇਸ਼ਾਨ ਇਕ ਨਿੱਜੀ ਸੰਸਥਾ ਨੇ ਅੱਜ ਕਈ ਥਾਵਾਂ 'ਤੇ ਆਪਣੇ ਖਰਚੇ 'ਤੇ ਫੌਗਿੰਗ ਮਸ਼ੀਨ ਲਿਆ ਕੇ ਮੱਛਰ ਮਾਰਨ ਦਾ ਯਤਨ ਕੀਤਾ ਹੈ। ਆਮ ਤੌਰ 'ਤੇ ਦੀਵਾਲੀ ਸਮੇਂ ਮੱਛਰ ਦੀ ਭਰਮਾਰ ਨਾਮਾਤਰ ਰਹਿ ਜਾਂਦੀ ਹੈ ਪਰ ਐਤਕੀਂ ਦੀਵਾਲੀ 'ਤੇ ਵੀ ਮੱਛਰਾਂ ਦੇ 'ਪਟਾਕੇ' ਨਹੀਂ ਪਏ। ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਉਪ ਨੇਤਾ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਸਹਿਣ ਨਹੀਂ ਹੋਵੇਗੀ। ਕੋਈ ਵਿਭਾਗ ਇਕ-ਦੂਜੇ 'ਤੇ ਜ਼ਿੰਮੇਵਾਰੀ ਸੁੱਟ ਕੇ ਭੱਜ ਨਹੀਂ ਸਕਦਾ। ਇਸ ਮੁੱਦੇ 'ਤੇ ਉਨ੍ਹਾਂ ਭਲਕੇ ਨਗਰ ਕੌਂਸਲ 'ਚ ਦਸ ਵਜੇ ਕਾਰਜਸਾਧਕ ਅਫ਼ਸਰ ਨਾਲ ਮੀਟਿੰਗ ਰੱਖੀ ਹੈ। ਉਨ੍ਹਾਂ ਕਿਹਾ ਕਿ ਐੱਸ. ਐੱਮ. ਓ. ਨੂੰ ਵੀ ਮੀਟਿੰਗ 'ਚ ਸੱਦਿਆ ਜਾਵੇਗਾ।
ਚੋਰ ਗਿਰੋਹ ਮੁਖੀ 3 ਮੋਟਰਸਾਈਕਲਾਂ ਤੇ ਕਾਰ ਸਮੇਤ ਕਾਬੂ
NEXT STORY