ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਪਿੰਡ ਸੋਹਲ ਸਥਿਤ ਇਕ ਕਲਯੁਗੀ ਬਾਪ ਵੱਲੋਂ ਆਪਣੀ ਨਾਬਾਲਗ ਧੀ ਨਾਲ ਅਣ-ਮਨੁੱਖੀ ਵਾਰਤਾਰਾ ਕਰਦਿਆਂ ਉਸ ਨੂੰ ਪਿੱਛਲੇ ਕਈ ਚਿਰਾਂ ਤੋਂ ਜੰਜ਼ੀਰਾਂ ਨਾਲ ਬੰਨ੍ਹ ਕੇ ਘਰ ਅੰਦਰ ਬੰਧਕ ਬਨਾਉਣ ਦੇ ਮਾਮਲੇ ਨੇ ਉਸ ਵੇਲੇ ਰੌਚਕ ਮੋੜ ਲੈ ਲਿਆ ਜਦੋਂ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਨੇ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੂੰ ਨਿਸ਼ਾਨੇ 'ਤੇ ਲੈਂਦਿਆਂ ਟੀਮ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਟੀਮ ਵਿਰੋਧ ਡੀ. ਸੀ. ਤਰਨਤਾਰਨ ਦੇ ਦਰਬਾਰ 'ਚ ਮਾਮਲੇ ਨੂੰ ਲੈ ਕੇ ਜਾਣ ਦਾ ਦਾਅਵਾ ਕੀਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ 'ਜਗਬਾਣੀ' ਵੱਲੋਂ 'ਕਲਯੁਗੀ ਪਿਤਾ ਵੱਲੋਂ ਬੱਚਿਆਂ ਨੂੰ ਸੰਗਲਾਂ ਨਾਲ ਬੰਨਣ' ਦੇ ਸਿਰਲੇਖ ਹੇਠ ਕਸਬਾ ਝਬਾਲ ਤੋਂ ਪ੍ਰਮੁੱਖਤਾ ਨਾਲ ਮਾਮਲਾ ਉਜ਼ਾਗਰ ਕਰਨ ਤੋਂ ਬਾਅਦ ਭਾਵੇ ਹੀ ਡਿਪਟੀ ਕਮਿਸ਼ਨਰ ਤਰਨਤਾਰਨ ਦੀਆਂ ਹਦਾਇਤਾਂ 'ਤੇ ਜ਼ਿਲਾ ਬਾਲ ਸੁਰੱਖਿਆ ਵਿਭਾਗ ਤੇ ਥਾਣਾ ਝਬਾਲ ਦੇ ਇਕ ਪੁਲਸ ਅਧਿਕਾਰੀ ਵੱਲੋਂ ਪਿੰਡ ਸੋਹਲ ਸਥਿਤ ਉਕਤ ਘਰ ਦਾ ਦੌਰਾ ਕੀਤਾ ਗਿਆ ਪਰ ਬਾਲ ਸੁਰੱਖਿਆ ਵਿਭਾਗ ਵੱਲੋਂ ਲੜਕੀ ਨੂੰ ਉਸਦੇ ਪਿਤਾ ਵੱਲੋਂ ਜੰਜ਼ੀਰਾਂ ਨਾਲ ਬੰਨਣ ਵਾਲੀ ਗੱਲ ਨੂੰ ਸਿਰੇ ਤੋਂ ਖਾਰਜ ਕਰਦਿਆਂ ਅਖਬਾਰਾਂ 'ਚ ਦਿੱਤੇ ਬਿਆਨਾਂ 'ਚ ਦਰਸਾਇਆ ਗਿਆ ਹੈ ਕਿ ਲੜਕੀ ਨੂੰ ਜੰਜ਼ੀਰਾ ਨਾਲ ਬੰਨਣ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਇੱਧਰ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਸੂਬਾ ਚੇਅਰਮੈਨ ਅਜੇ ਕੁਮਾਰ ਚੀਨੂੰ ਅਤੇ ਮਾਝਾ ਜੋਨ ਦੇ ਚੇਅਰਮੈਨ ਸਾਗਰ ਸ਼ਰਮਾਂ ਨੇ ਲੜਕੀ ਸੁਖਮਨ ਕੌਰ (12) ਨੂੰ ਉਸਦੇ ਪਿਤਾ ਵੱਲੋਂ ਜੰਜ਼ੀਰਾਂ ਨਾਲ ਬੰਨ੍ਹ ਕੇ ਪੈਰ ਨੂੰ ਜ਼ਿੰਦਰਾ ਮਾਰੇ ਜਾਣ ਦੀਆਂ ਉਨ੍ਹਾਂ ਕੋਲ ਤਸਵੀਰਾਂ ਤੇ ਵੀਡੀਓ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਕਤ ਤਸਵੀਰਾਂ ਤੇ ਵੀਡੀਓ ਸੋਸ਼ਲ ਸਾਇਟਾਂ 'ਤੇ ਵਾਇਰਲ ਵੀ ਹੋ ਚੁੱਕੀਆਂ ਹਨ, ਜਦ ਕਿ 'ਜਗਬਾਣੀ' ਵੱਲੋਂ ਬੱਚੀ ਦੀ ਸੰਗਲਾਂ ਨਾਲ ਜਕੜੀ ਦੀ ਤਸਵੀਰ ਸਮੇਤ ਮੁੱਦੇ ਨੂੰ ਉਜਾਗਰ ਕਰਨ ਤੋਂ ਬਾਅਦ ਭਾਵੇ ਹੀ ਉਸ ਦੇ ਪੈਰ ਤੋਂ ਜੰਜ਼ੀਰਾਂ ਤੇ ਜ਼ਿੰਦਰਾ ਉਤਾਰ ਦਿੱਤਾ ਗਿਆ ਹੋਵੇਗਾ ਪਰ ਬਾਲ ਸੁਰੱਖਿਆ ਟੀਮ ਵੱਲੋਂ ਅਜਿਹੇ ਗੈਰ ਜਿੰਮੇਵਾਰਾਂ ਬਿਆਨ ਦੀ ਉਹ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਬੱਚੀ ਨੂੰ ਜੰਜ਼ੀਰਾਂ ਨਾਲ ਬੰਨ੍ਹੇ ਗਏ ਸਮੇਂ ਦੀਆਂ ਤਸਵੀਰਾਂ ਸਮੇਤ ਜਾਂਚ ਟੀਮ ਵਿਰੋਧ ਡੀ. ਸੀ. ਤਰਨਤਾਰਨ ਨੂੰ ਸ਼ਿਕਾਇਤ ਕਰਨਗੇ ਤੇ ਜੇਕਰ ਜਾਂਚ ਟੀਮ ਵਿਰੋਧ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਇਹ ਮਾਮਲਾ ਅਦਾਲਤ 'ਚ ਲੈ ਕੇ ਜਾਣ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਕਤ ਮਾਮਲੇ ਨੂੰ ਉਨ੍ਹਾਂ ਦੀ ਸੰਸਥਾ ਵੱਲੋਂ ਉਠਾਇਆ ਗਿਆ ਸੀ ਤੇ ਉਨ੍ਹਾਂ ਦੀ ਸੰਸਥਾ ਨੂੰ ਬਿਨ੍ਹਾਂ ਭਰੋਸੇ 'ਚ ਲਿਆਂ ਬਾਲ ਸੁਰੱਖਿਆ ਟੀਮ ਵੱਲੋਂ ਕਥਿਤ ਖਾਨਾਪੂਰਤੀ ਕੀਤੀ ਗਈ ਹੈ ਪਰ ਇਹ ਇਕ ਮਾਸੂਮ ਦੀ ਜ਼ਿੰਦਗੀ ਦਾ ਬਹੁਤ ਹੀ ਗੰਭੀਰ ਮਾਮਲਾ ਹੈ। ਇਸ ਮੌਕੇ ਪਰਮਿੰਦਰ ਸਿੰਘ ਹੀਰਾ ਅਤੇ ਹਰਨੇਕ ਸਿੰਘ ਰੰਧਾਵਾ ਆਦਿ ਹਾਜ਼ਰ ਸਨ।
ਜਾਂਚ ਟੀਮ ਦੀ ਰਿਪੋਰਟ ਉਪਰੰਤ ਹੋਵੇਗੀ ਅਗਲੇਰੀ ਕਾਰਵਾਈ - ਡੀ. ਸੀ. ਪ੍ਰਦੀਪ ਸੱਭਰਵਾਲ
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨਾਲ ਇਸ ਸਬੰਧੀ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਜਾਂਚ ਟੀਮ ਵੱਲੋਂ ਰਿਪੋਰਟ ਮਿਲਣ ਉਪਰੰਤ ਹੀ ਅਗਲੇਰੀ ਕਾਰਵਾਈ ਅਰੰਭੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚੀ ਨੂੰ ਜੰਜ਼ੀਰਾਂ ਨਾਲ ਬੰਨ੍ਹਣ ਦੇ ਸਬੂਤਾਂ ਸਮੇਤ ਜੇਕਰ ਉਨ੍ਹਾਂ ਕੋਲ ਸ਼ਿਕਾਇਤ ਪੁੱਜਦੀ ਹੈ ਤਾਂ ਜਿੰਮੇਵਾਰ ਵਿਅਕਤੀ ਵਿਰੋਧ ਕਾਰਵਾਈ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ ਤੇ ਇਸ ਮਾਮਲੇ 'ਚ ਜਾਂਚ ਟੀਮ ਵੱਲੋਂ ਵੀ ਜੇਕਰ ਪੁੱਖਤਾ ਰਿਪੋਰਟ ਨਹੀਂ ਪੇਸ਼ ਕੀਤੀ ਜਾਵੇਗੀ ਤਾਂ ਬਣਦੀ ਕਾਰਵਾਈ ਦਾ ਟੀਮ ਨੂੰ ਵੀ ਸਾਹਮਣਾ ਕਰਨਾ ਪਵੇਗਾ।
ਰਾਤੋਂ-ਰਾਤ ਚੋਰਾਂ ਨੇ 5 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਲੁੱਟਿਆ ਨਕਦੀ ਤੇ ਸਾਮਾਨ
NEXT STORY